ਰਾਮਗੜ੍ਹ- ਝਾਰਖੰਡ ਦੇ ਰਾਮਗੜ੍ਹ ਜ਼ਿਲ੍ਹੇ ਦੇ ਪੇਂਡੂ ਖੇਤਰ ਦੀ 10ਵੀਂ ਜਮਾਤ ਦੀ ਵਿਦਿਆਰਥਣ ਰਿਸ਼ਿਕਾ ਅਗਰਵਾਲ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਵੱਲੋਂ ਆਯੋਜਿਤ ਇਕ ਪ੍ਰੋਗਰਾਮ ’ਚ ਦੇਸ਼ ਭਰ ’ਚੋਂ ਚੁਣੇ ਗਏ 150 ਜੂਨੀਅਰ ਵਿਗਿਆਨੀਆਂ ਦੀ ਟੀਮ ਦਾ ਹਿੱਸਾ ਹੋਵੇਗੀ। ‘ਯੰਗ ਸਾਇੰਟਿਸਟ ਪ੍ਰੋਗਰਾਮ 2022’ ਤਹਿਤ ਵਿਦਿਆਰਥੀਆਂ ਨੂੰ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿਚ ਉਭਰ ਰਹੀਆਂ ਸਥਿਤੀਆਂ ਤੋਂ ਜਾਣੂ ਕਰਵਾਉਣ ਲਈ 16 ਤੋਂ 28 ਮਈ ਤੱਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਦੌਰਾਨ ਪੁਲਾੜ ਵਿਗਿਆਨ, ਤਕਨਾਲੋਜੀ ਅਤੇ ਐਪਲੀਕੇਸ਼ਨਾਂ ਬਾਰੇ ਮੁੱਢਲੀ ਜਾਣਕਾਰੀ ਦਿੱਤੀ ਜਾਵੇਗੀ।
ਇਸ ਪ੍ਰੋਗਰਾਮ ’ਚ ਸ਼ਾਮਲ ਨੌਜਵਾਨ ਵਿਗਿਆਨੀ ਪ੍ਰਯੋਗਸ਼ਾਲਾਵਾਂ ਦਾ ਦੌਰਾ ਕਰਨਗੇ। ਉੱਘੇ ਵਿਗਿਆਨੀਆਂ ਨਾਲ ਗੱਲਬਾਤ ਵਿਚ ਹਿੱਸਾ ਲੈਣਗੇ ਅਤੇ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ’ਚ ਸਤੀਸ਼ ਧਵਨ ਪੁਲਾੜ ਕੇਂਦਰ ਸਮੇਤ ਇਸਰੋ ਦੇ ਵੱਖ-ਵੱਖ ਕੇਂਦਰਾਂ ’ਚ ਪ੍ਰਯੋਗਾਤਮਕ ਪ੍ਰਦਰਸ਼ਨਾਂ ਦੇ ਗਵਾਹ ਬਣਨਗੇ। ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐੱਸ.ਈ.) ਤੋਂ ਮਾਨਤਾ ਪ੍ਰਾਪਤ ਓ.ਪੀ. ਜਿੰਦਲ ਸਕੂਲ, ਪੱਤਰਾਤੂ ਦੀ ਵਿਦਿਆਰਥਣ ਰਿਸ਼ਿਕਾ ਅਗਰਵਾਲ (15) ਨੂੰ ਇਸ ਪ੍ਰੋਗਰਾਮ ਲਈ ਚੁਣਿਆ ਗਿਆ ਹੈ।
ਰਾਸ਼ਟਰੀ ਪ੍ਰੀਖਿਆ ਰਾਹੀਂ ਰਿਸ਼ਿਕਾ ਨੂੰ ਇਸਰੋ ਦੇ 150 ਨੌਜਵਾਨ ਵਿਗਿਆਨੀਆਂ ਦੀ ਟੀਮ ’ਚ ਸ਼ਾਮਲ ਹੋਣ ਦਾ ਮੌਕਾ ਮਿਲਿਆ। ਉਸਨੇ ਕਿਹਾ, "ਇਹ ਮੇਰੇ ਲਈ ਹੁਣ ਤੱਕ ਦੀ ਸਭ ਤੋਂ ਵਧੀਆ ਗਰਮੀ ਦੀਆਂ ਛੁੱਟੀਆਂ ਹੋਣਗੀਆਂ। ਇਹ ਮੈਨੂੰ ਪੁਲਾੜ ਵਿਗਿਆਨੀ ਬਣਨ ਦੇ ਆਪਣੇ ਸੁਫ਼ਨੇ ਨੂੰ ਸਾਕਾਰ ਕਰਨ ਵਿਚ ਮਦਦ ਕਰੇਗਾ।” ਸਕੂਲ ਦੀ ਪ੍ਰਿੰਸੀਪਲ ਸ਼ਵੇਤਾ ਮਲਾਨੀ ਨੇ ਕਿਹਾ ਕਿ ਇਹ ਸੰਸਥਾ ਲਈ ਮਾਣ ਵਾਲਾ ਪਲ ਹੈ।
ਗੁਜਰਾਤ ਦੀ ਬੰਦਰਗਾਹ ਦੇ ਨੇੜਿਓਂ 1439 ਕਰੋੜ ਦੀ ਹੈਰੋਇਨ ਬਰਾਮਦ, ਮਾਮਲੇ 'ਚ ਪੰਜਾਬ ਤੋਂ ਗ੍ਰਿਫ਼ਤਾਰ ਹੋਇਆ ਇਕ ਸ਼ਖ਼ਸ
NEXT STORY