ਪਿਥੌਰਾਗੜ੍ਹ, (ਭਾਸ਼ਾ)- ਉੱਤਰਾਖੰਡ ਸੈਰ ਸਪਾਟਾ ਵਿਭਾਗ ਦੇ ਅਧਿਕਾਰੀ ਪਿਛਲੇ ਕਈ ਸਾਲਾਂ ਤੋਂ ਮੁਲਤਵੀ ਹੋਈ ਕੈਲਾਸ਼-ਮਾਨਸਰੋਵਰ ਯਾਤਰਾ ਨੂੰ ਲੈ ਕੇ ਬਦਲਵੇਂ ਤਰੀਕਿਆਂ ਦੀ ਭਾਲ ਕਰ ਰਹੇ ਹਨ ਤਾਂ ਜੋ ਸ਼ਰਧਾਲੂ ਭਾਰਤੀ ਖੇਤਰ ਤੋਂ ਹੀ ਭਗਵਾਨ ਸ਼ਿਵ ਦੇ ਨਿਵਾਸ ਅਸਥਾਨ ਮੰਨੇ ਜਾਂਦੇ ਕੈਲਾਸ਼ ਪਰਬਤ ਦੇ ਦਰਸ਼ਨ ਕਰ ਸਕਣ। ਇਸ ਲਈ ਸੂਬੇ ਦੇ ਸੈਰ-ਸਪਾਟਾ ਵਿਭਾਗ ਨੇ ਪਿਥੌਰਾਗੜ੍ਹ ਜ਼ਿਲੇ ਵਿੱਚ ਤਿੱਬਤ ਦੇ ਲਾਂਘੇ ਲਿਪੁਲੇਖ ਦੱਰੇ ਦੇ ਪੱਛਮੀ ਪਾਸੇ ਸਥਿਤ ਪੁਰਾਣੀ ਲਿਪੁਲੇਖ ਚੋਟੀ ਤੋਂ ‘ਕੈਲਾਸ਼ ਦਰਸ਼ਨ’ ਦੀਆਂ ਸੰਭਾਵਨਾਵਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਹਾਲ ਹੀ ਵਿੱਚ ਸੈਰ-ਸਪਾਟਾ ਅਧਿਕਾਰੀਆਂ, ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀਆਂ, ਹਿੰਮਤੀ ਸੈਰ-ਸਪਾਟਾ ਮਾਹਿਰਾਂ ਅਤੇ ਬਾਰਡਰ ਰੋਡ ਆਰਗੇਨਾਈਜ਼ੇਸ਼ਨ ਦੇ ਅਧਿਕਾਰੀਆਂ ਨੇ ਪੁਰਾਣੀ ਲਿਪੁਲੇਖ ਚੋਟੀ ਦਾ ਦੌਰਾ ਕੀਤਾ ਸੀ ਜਿੱਥੋਂ ਕੈਲਾਸ਼ ਪਰਬਤ ਦਾ ਸਾਫ਼ ਅਤੇ ਸੁੰਦਰ ਨਜ਼ਾਰਾ ਦਿਖਾਈ ਦਿੰਦਾ ਹੈ। ਟੀਮ ਨੇ ਚਰਚਾ ਕੀਤੀ ਕਿ ਕਿਵੇਂ ਪੁਰਾਣੀ ਲਿਪੁਲੇਖ ਚੋਟੀ ਨੂੰ ਧਾਰਮਿਕ ਸੈਰ-ਸਪਾਟਾ ਸਥਾਨ ਵਜੋਂ ਵਿਕਸਤ ਕੀਤਾ ਜਾ ਸਕਦਾ ਹੈ?
ਸਾਲ 2020 ਵਿੱਚ ਕੋਵਿਡ ਮਹਾਮਾਰੀ ਦੇ ਫੈਲਣ ਤੋਂ ਬਾਅਦ ਚੀਨੀ ਅਧਿਕਾਰੀਆਂ ਵੱਲੋਂ ਕੈਲਾਸ਼ ਮਾਨਸਰੋਵਰ ਯਾਤਰਾ ਦੀ ਇਜਾਜ਼ਤ ਨਾ ਦੇਣ ਕਾਰਨ ਪੁਰਾਣੀ ਲਿਪੁਲੇਖ ਚੋਟੀ ਤੋਂ ਕੈਲਾਸ਼ ਦਰਸ਼ਨ ਨੂੰ ਕੈਲਾਸ਼ ਮਾਨਸਰੋਵਰ ਯਾਤਰਾ ਦੇ ਬਦਲ ਵਜੋਂ ਦੇਖਿਆ ਜਾ ਰਿਹਾ ਹੈ।
ਪੁਰਾਣੀ ਲਿਪੁਲੇਖ ਚੋਟੀ 19,000 ਫੁੱਟ ਦੀ ਉਚਾਈ ’ਤੇ ਸਥਿਤ ਹੈ। ਬਾਰਡਰ ਰੋਡ ਆਰਗੇਨਾਈਜ਼ੇਸ਼ਨ ਵੱਲੋਂ ਚੋਟੀ ਦੇ ਬੇਸ ਕੈਂਪ ਤੱਕ ਸੜਕ ਦੇ ਨਿਰਮਾਣ ਕਾਰਨ ਭਾਰਤੀ ਖੇਤਰ ਵਿੱਚ ਪੁਰਾਣੀ ਲਿਪੁਲੇਖ ਚੋਟੀ ਤੋਂ ਕੈਲਾਸ਼ ਦਰਸ਼ਨ ਦੀਆਂ ਸੰਭਾਵਨਾਵਾਂ ਬਹੁਤ ਜ਼ਿਆਦਾ ਹਨ। ਸ਼ਰਧਾਲੂ ਲਿਪੁਲੇਖ ਤੋਂ 1800 ਮੀਟਰ ਦੀ ਉਚਾਈ ’ਤੇ ਸਥਿਤ ਸਿਖਰ ’ਤੇ ਬਰਫ ਵਾਲੇ ਸਕੂਟਰ ਰਾਹੀਂ ਹੀ ਪਹੁੰਚ ਸਕਦੇ ਹਨ। ਪੁਰਾਣੇ ਸਮਿਆਂ ਵਿਚ ਵੀ ਅਜਿਹੇ ਸ਼ਰਧਾਲੂ ਜੋ ਬੁਢਾਪੇ ਜਾਂ ਕਿਸੇ ਬੀਮਾਰੀ ਕਾਰਨ ਮਾਨਸਰੋਵਰ ਨਹੀਂ ਪਹੁੰਚ ਸਕਦੇ ਸਨ, ਕੈਲਾਸ਼ ਪਰਬਤ ਦੇ ਦਰਸ਼ਨਾਂ ਲਈ ਪੁਰਾਣੇ ਲਿਪੁਲੇਖ ਦੱਰੇ ਦੀ ਚੋਟੀ ਦੀ ਵਰਤੋਂ ਕਰਦੇ ਸਨ।
-----
ਦਰਦਨਾਕ ਹਾਦਸਾ! ਟਰੱਕ ਨਦੀ 'ਚ ਡਿੱਗਿਆ, 5 ਲੋਕਾਂ ਦੀ ਮੌਤ
NEXT STORY