ਨਵੀਂ ਦਿੱਲੀ- ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ 38 ਕੋਰੜ ਰੁਪਏ ਦੀ ਕੀਮਤ ਦੀ ਕੋਕੀਨ ਦੀ ਤਸਕਰੀ ਕਰ ਰਹੀ ਇਕ ਕੀਨੀਆ ਦੀ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕਸਟਮ ਵਿਭਾਗ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਕੋਕੀਨ ਸ਼ਰਾਬ ਦੀਆਂ ਬੋਤਲਾਂ 'ਚ ਲੁਕਾ ਕੇ ਰੱਖੀ ਗਈ ਸੀ।
ਦੋਸ਼ੀ ਅਦੀਸ ਅਬਾਬਾ ਹੁੰਦੇ ਹੋਏ ਕੀਨੀਆ ਤੋਂ ਆਈ ਸੀ। ਸੋਮਵਾਰ ਨੂੰ ਹਵਾਈ ਅੱਡੇ 'ਤੇ ਉਤਰਨ ਤੋਂ ਬਾਅਦ ਉਸਨੂੰ ਰੋਕਿਆ ਗਿਆ ਅਤੇ ਜਾਂਚ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਦੇ ਬੈਗ 'ਚੋਂ ਮਿਲੀਆਂ ਤਿੰਨ ਸ਼ਰਾਬ ਦੀਆਂ ਬੋਤਲਾਂ 'ਚ 2.5 ਕਿਲੋਗ੍ਰਾਮ ਕੋਕੀਨ ਲੁਕਾ ਕੇ ਰੱਖੀ ਗਈ ਸੀ। ਉਨ੍ਹਾਂ ਕਿਹਾ ਕਿ ਯਾਤਰੀ ਨੂੰ ਇਹ ਬੈਗ ਨੈਰੋਬੀ 'ਚ ਦਿੱਤਾ ਗਿਆ ਸੀ ਜਿਸਨੂੰ ਦਿੱਲੀ ਪਹੁੰਚ ਕੇ ਇਕ ਵਿਅਕਤੀ ਦੇ ਹਵਾਲੇ ਕਰਨਾ ਸੀ।
ਅਧਿਕਾਰੀ ਨੇ ਦੱਸਿਆ ਕਿ ਯਾਤਰੀ ਨੂੰ ਗ੍ਰਿਫਤਾਰ ਕਰਕੇ 38.05 ਕਰੋੜ ਰੁਪਏ ਦੀ ਕੀਮਤ ਦੀ ਕੋਕੀਨ ਜ਼ਬਤ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਨੂੰ ਮੰਗਲਵਾਰ ਨੂੰ ਇਕ ਸਥਾਨਕ ਅਦਾਲਤ 'ਚ ਪੇਸ਼ ਕੀਤਾ ਗਿਆ ਜਿਸਨੇ ਉਸਨੂੰ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ।
ਜ਼ਿਕਰਯੋਗ ਹੈ ਕਿ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਹਵਾਈ ਅੱਡੇ 'ਤੇ 15 ਜੂਨ ਨੂੰ ਇਕ ਹੋਰ ਕੀਨੀਆ ਦੀ ਔਰਤ ਨੂੰ 13 ਕਰੋੜ ਰੁਪਏ ਦੀ ਕੋਕੀਨ ਦੀ ਤਸਕਰੀ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਸੀ। ਇਹ ਕੋਕੀਨ ਸ਼ਰਾਬ ਦੀਆਂ ਦੋ ਬੋਤਲਾਂ 'ਚ ਘੋਲੀ ਗਈ ਸੀ। ਇਸ ਵਿਚਕਾਰ ਅਧਿਕਾਰੀਆਂ ਨੇ ਹਵਾਈ ਅੱਡੇ 'ਤੇ ਕੰਮ ਕਰ ਰਹੀਆਂ ਨਿੱਜੀ ਏਜੰਸੀਆਂ ਦੇ ਦੋ ਕਰਮਚਾਰੀਆਂ ਦੇ ਖਿਲਾਫ 2.42 ਕਰੋੜ ਰੁਪਏ ਦੇ ਸੋਨੇ ਦੇ ਤਸਕਰੀ ਕਰਨ ਨੂੰ ਲੈ ਕੇ ਦੋ ਵੱਖ-ਵੱਖ ਮਾਮਲੇ ਦਰਜ ਕੀਤੇ।
ਕਸਟਮ ਵਿਭਾਗ ਨੇ ਮੰਗਲਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਦੋ ਲੋਕਾਂ ਦੀ ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 4.63 ਕਿਲੋਗ੍ਰਾਮ ਸੋਨਾ ਬਰਾਮਦ ਕੀਤਾ ਗਿਆ ਜਿਸਦੀ ਕੀਮਤ ਕਰੀਬ 2.42 ਕਰੋੜ ਰੁਪਏ ਹੈ। ਤਲਾਸ਼ੀ ਤੋਂ ਬਾਅਦ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਭਾਰੀ ਮੀਂਹ ਤੋਂ ਬਾਅਦ ਦਿੱਲੀ-ਗੁਰੂਗ੍ਰਾਮ ਐਕਸਪ੍ਰੈਸਵੇ 'ਤੇ ਭਰਿਆ ਪਾਣੀ, 5 ਕਿ.ਮੀ. ਤਕ ਟ੍ਰੈਫਿਕ ਜਾਮ
NEXT STORY