ਕੇਰਲ— ਕੇਰਲ 'ਚ ਹੋਏ ਇਕ ਅਨੋਖੇ ਵਿਆਹ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਸੋਸ਼ਲ ਮੀਡੀਆ 'ਤੇ ਇਸ ਨਵੀਂ ਵਿਆਹੀ ਜੋੜੀ ਨੂੰ ਲੋਕ ਵਧਾਈਆਂ ਦੇ ਰਹੇ ਹਨ। ਇਹ ਕਹਾਣੀ ਹੈ ਤ੍ਰਿਸੂਰ ਜ਼ਿਲੇ ਰਾਮਵਰਮਪੁਰਮ 'ਚ ਸਥਿਤ ਸਰਕਾਰੀ ਓਲਡ ਏਜ਼ ਹੋਮ 'ਚ ਰਹਿਣ ਵਾਲੇ 67 ਸਾਲਾ ਕੋਚਨਿਯਾਨ ਮੈਨਨ ਅਤੇ 65 ਸਾਲ ਦੀ ਲਕਸ਼ਮੀ ਅੰਮਲ ਦੀ। ਇਹ ਦੋਵੇਂ ਸ਼ਨੀਵਾਰ ਨੂੰ ਵਿਆਹ ਦੇ ਬੰਧਨ 'ਚ ਬੱਝ ਗਏ। ਦੋਵੇਂ ਇਕ-ਦੂਜੇ ਨੂੰ 30 ਸਾਲਾਂ ਤੋਂ ਜਾਣਦੇ ਸਨ। ਦੋਹਾਂ ਦੀ ਦੋਸਤੀ ਪਿਆਰ ਵਿਚ ਬਦਲ ਗਈ ਅਤੇ ਉਨ੍ਹਾਂ ਨੇ ਵਿਆਹ ਕਰਵਾਉਣ ਦਾ ਫੈਸਲਾ ਕੀਤਾ। ਤਸਵੀਰਾਂ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਦੋਵੇਂ ਬਹੁਤ ਖੂਬਸੂਰਤ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦੇ ਚਿਹਰੇ 'ਤੇ ਖੁਸ਼ੀ ਸਾਫ ਝਲਕ ਰਹੀ ਹੈ।

ਇਸ ਵਿਆਹ 'ਚ ਕੇਰਲ ਦੇ ਖੇਤੀਬਾੜੀ ਮੰਤਰੀ ਵੀ. ਐੱਸ ਸੁਨੀਲ ਕੁਮਾਰ ਨੇ ਉੱਚੇਚੇ ਤੌਰ 'ਤੇ ਸ਼ਿਰਕਤ ਕੀਤੀ। ਉਨ੍ਹਾਂ ਨੇ ਲਕਸ਼ਮੀ ਦੇ ਕੋਚਨਿਯਾਨ ਦਾ ਜ਼ਿੰਦਗੀ ਭਰ ਹੱਥ ਫੜਨ 'ਚ ਮਹੱਤਵਪੂਰਨ ਰੋਲ ਅਦਾ ਕੀਤਾ ਹੈ। ਸੁਨੀਲ ਨੇ ਕਿਹਾ ਕਿ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਪਲ ਹੈ। ਇਹ ਵਿਆਹ ਮੇਰੇ ਲਈ ਯਾਦਗਾਰ ਰਹੇਗਾ। ਲਕਸ਼ਮੀ ਅੰਮਲ ਲਾਲ ਰੰਗ ਦੀ ਸਿਲਕ ਦੀ ਸਾੜ੍ਹੀ ਵਿਚ ਕਾਫੀ ਖੂਬਸੂਰਤ ਨਜ਼ਰ ਆ ਰਹੀ ਸੀ। ਇੰਨਾ ਹੀ ਨਹੀਂ ਉਸ ਨੇ ਸੋਨੇ ਦੇ ਗਹਿਣੇ ਪਹਿਨੇ ਅਤੇ ਆਪਣੇ ਵਾਲਾਂ 'ਤੇ ਚਮੇਲੀ ਦੇ ਫੁੱਲਾਂ ਨਾਲ ਬਣਿਆ ਗਜਰਾ ਲਾਇਆ ਸੀ। ਉਧਰ ਲਕਸ਼ਮੀ ਦੇ ਪਤੀ ਮੈਨਨ ਨੇ ਰਿਵਾਇਤੀ ਸਫੈਦ ਪੈਂਟ ਅਤੇ ਸ਼ਰਟ ਪਹਿਨੀ ਹੋਈ ਸੀ।

ਇੱਥੇ ਦੱਸ ਦੇਈਏ ਕਿ ਲਕਸ਼ਮੀ ਅਤੇ ਮੈਨਨ ਪਿਛਲੇ 30 ਸਾਲਾਂ ਤੋਂ ਇਕ-ਦੂਜੇ ਨੂੰ ਜਾਣਦੇ ਸਨ ਪਰ ਪਿਛਲੇ ਕੁਝ ਸਾਲਾਂ ਤੋਂ ਉਨ੍ਹਾਂ ਦਾ ਸੰਪਰਕ ਕੱਟਿਆ ਹੋਇਆ ਸੀ। ਦਰਸਅਲ ਮੈਨਨ, ਲਕਸ਼ਮੀ ਦੇ ਪਤੀ ਦੇ ਸਹਾਇਕ ਹੋਇਆ ਕਰਦੇ ਸਨ, ਜਿਨ੍ਹਾਂ ਦੀ 21 ਸਾਲ ਪਹਿਲਾਂ ਮੌਤ ਹੋ ਗਈ ਸੀ। ਪਤੀ ਦੀ ਮੌਤ ਤੋਂ ਬਾਅਦ ਲਕਸ਼ਮੀ ਆਪਣੇ ਰਿਸ਼ਤੇਦਾਰਾਂ ਨਾਲ ਰਹਿੰਦੀ ਸੀ ਅਤੇ ਦੋ ਸਾਲ ਪਹਿਲਾਂ ਹੀ ਉਹ ਓਲਡ ਏਜ਼ ਹੋਮ ਵਿਚ ਰਹਿਣ ਲੱਗੀ। ਮੈਨਨ ਵੀ ਦੋ ਮਹੀਨੇ ਪਹਿਲਾਂ ਇਸ ਓਲਡ ਏਜ਼ ਹੋਮ 'ਚ ਆ ਕੇ ਰਹਿਣ ਲੱਗ ਪਏ ਸਨ। ਇਸ ਤੋਂ ਬਾਅਦ 30 ਸਾਲ ਦੀ ਦੋਸਤੀ ਪਿਆਰ ਵਿਚ ਬਦਲ ਗਈ ਅਤੇ ਦੋਹਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ। ਇਸ ਜੋੜੀ ਨੂੰ ਟਵਿੱਟਰ 'ਤੇ ਲੋਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ। ਇਹ ਵਿਆਹ ਉਦੈਪੁਰ ਦੇ ਜੋੜੇ ਦੀ ਯਾਦ ਕਰਵਾ ਗਿਆ, ਜਿਨ੍ਹਾਂ ਨੇ 70 ਅਤੇ 80 ਸਾਲ ਦੀ ਉਮਰ ਵਿਚ ਵਿਆਹ ਕਰਵਾਇਆ ਸੀ।

ਕਰਨਾਟਕ 'ਚ ਆਰਥਿਕ ਪਛੜੇ ਲੋਕਾਂ ਲਈ 10 ਫੀਸਦੀ ਰਾਖਵਾਂਕਰਨ
NEXT STORY