ਬਾਗਪਤ (ਉੱਤਰ ਪ੍ਰਦੇਸ਼): ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਵਿੱਚ ਸ਼ਨਿੱਚਰਵਾਰ ਨੂੰ ਹੋਈ ਇੱਕ ਖਾਪ ਪੰਚਾਇਤ ਨੇ ਬੱਚਿਆਂ ਅਤੇ ਨੌਜਵਾਨਾਂ ਦੇ ਰਹਿਣ-ਸਹਿਣ ਨੂੰ ਲੈ ਕੇ ਕਈ ਅਹਿਮ ਅਤੇ ਸਖ਼ਤ ਫੈਸਲੇ ਲਏ ਹਨ। ਇਸ ਪੰਚਾਇਤ ਵਿੱਚ ਸਮਾਜਿਕ ਸੁਧਾਰਾਂ ਦਾ ਹਵਾਲਾ ਦਿੰਦੇ ਹੋਏ ਨਾਬਾਲਗਾਂ ਲਈ ਮੋਬਾਈਲ ਫੋਨ ਅਤੇ ਪਹਿਰਾਵੇ ਸਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਮੋਬਾਈਲ 'ਤੇ ਰੋਕ
ਖਾਪ ਪੰਚਾਇਤ ਵੱਲੋਂ ਲਏ ਗਏ ਫੈਸਲੇ ਅਨੁਸਾਰ, ਹੁਣ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਸਮਾਰਟਫੋਨ ਰੱਖਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਪੰਚਾਇਤ ਦਾ ਮੰਨਣਾ ਹੈ ਕਿ ਨਾਬਾਲਗਾਂ ਕੋਲ ਸਮਾਰਟਫੋਨ ਹੋਣ ਕਾਰਨ ਉਨ੍ਹਾਂ ਦੇ ਵਿਵਹਾਰ ਅਤੇ ਪੜ੍ਹਾਈ 'ਤੇ ਮਾੜਾ ਅਸਰ ਪੈਂਦਾ ਹੈ, ਜਿਸ ਨੂੰ ਰੋਕਣ ਲਈ ਇਹ ਕਦਮ ਚੁੱਕਿਆ ਗਿਆ ਹੈ।
ਪਹਿਰਾਵੇ 'ਤੇ ਵੀ ਪਾਬੰਦੀਆਂ
ਮੋਬਾਈਲ ਫੋਨਾਂ ਤੋਂ ਇਲਾਵਾ, ਪੰਚਾਇਤ ਨੇ ਪਹਿਰਾਵੇ ਸਬੰਧੀ ਵੀ ਸਖ਼ਤ ਰੁਖ਼ ਅਪਣਾਇਆ ਹੈ। ਫੈਸਲੇ ਮੁਤਾਬਕ, ਹੁਣ ਜਨਤਕ ਥਾਵਾਂ 'ਤੇ ਹਾਫ਼ ਪੈਂਟ (ਨਿੱਕਰ) ਪਾਉਣ 'ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਪੰਚਾਇਤ ਅਨੁਸਾਰ ਜਨਤਕ ਥਾਵਾਂ 'ਤੇ ਅਜਿਹੇ ਪਹਿਰਾਵੇ ਨੂੰ ਸਮਾਜਿਕ ਮਰਯਾਦਾ ਦੇ ਵਿਰੁੱਧ ਮੰਨਿਆ ਜਾ ਰਿਹਾ ਹੈ। ਖਾਪ ਨੇ ਲੜਕਿਆਂ ਲਈ ਕੁੜਤਾ ਪਜਾਮਾ ਅਤੇ ਲੜਕੀਆਂ ਲਈ ਸਲਵਾਰ ਕਮੀਜ਼ ਪਹਿਨਣ ਦੀ ਵਕਾਲਤ ਕੀਤੀ ਹੈ। ਥਾਂਬਾ ਪੱਟੀ ਮੇਹਰ ਦੇਸ਼ਖਾਪ ਦੇ ਚੌਧਰੀ ਬ੍ਰਿਜਪਾਲ ਸਿੰਘ ਅਤੇ ਖਾਪ ਚੌਧਰੀ ਸੁਭਾਸ਼ ਚੌਧਰੀ ਨੇ ਦੱਸਿਆ ਕਿ ਲੜਕੇ ਅਤੇ ਲੜਕੀਆਂ ਸਮਾਜ ਵਿੱਚ ਬਰਾਬਰ ਹਨ, ਇਸ ਲਈ ਅਨੁਸ਼ਾਸਨ ਦੇ ਨਿਯਮ ਵੀ ਦੋਵਾਂ ਤੇ ਬਰਾਬਰ ਲਾਗੂ ਹੋਣੇ ਚਾਹੀਦੇ ਹਨ। ਪੰਚਾਇਤ ਦਾ ਮੰਨਣਾ ਸੀ ਕਿ ਲੜਕਿਆਂ ਵੱਲੋਂ ਜਨਤਕ ਥਾਵਾਂ ਤੇ ਹਾਫ਼ ਪੈਂਟ(ਨਿੱਕਰ) ਪਾ ਕੇ ਘੁੰਮਣਾ ਸਮਾਜਿਕ ਮਰਿਆਦਾ ਦੇ ਉਲਟ ਹੈ ਅਤੇ ਇਸ ਨਾਲ ਸਮਾਜ ਤੇ ਨਕਾਰਾਤਮਕ ਪ੍ਰਭਾਵ ਪੈਂਦਾ ਹੈ।
ਮੈਰਿਜ ਪੈਲਸਾਂ 'ਚ ਨਹੀਂ ਹੋਣੇ ਚਾਹੀਦੇ ਵਿਆਹ
ਇਸ ਦੇ ਨਾਲ ਹੀ ਪੰਚਾਇਤ ਨੇ ਮੈਰਿਜ ਪੈਲੇਸਾਂ ਵਿੱਚ ਵਿਆਹ ਕਰਨ 'ਤੇ ਇਤਰਾਜ਼ ਜਤਾਉਂਦਿਆਂ ਕਿਹਾ ਗਿਆ ਕਿ ਵਿਆਹ ਪਿੰਡਾਂ ਅਤੇ ਘਰਾਂ ਵਿੱਚ ਹੀ ਹੋਣੇ ਚਾਹੀਦੇ ਹਨ।ਵਿਆਹਾਂ ਬਾਰੇ ਪੰਚਾਇਤ ਨੇ ਕਿਹਾ ਕਿ ਬਰਾਤ ਘਰਾਂ ਵਿੱਚ ਹੋਣ ਵਾਲੇ ਵਿਆਹਾਂ ਨਾਲ ਪਰਿਵਾਰਕ ਸਾਂਝ ਕਮਜ਼ੋਰ ਹੁੰਦੀ ਹੈ ਅਤੇ ਰਿਸ਼ਤਿਆਂ ਵਿੱਚ ਤਣਾਅ ਪੈਦਾ ਹੁੰਦਾ ਹੈ, ਹਾਲਾਂਕਿ ਉਨ੍ਹਾਂ ਨੇ ਵਟਸਐਪ ਰਾਹੀਂ ਵਿਆਹ ਦੇ ਸੱਦਾ ਪੱਤਰ ਭੇਜਣ 'ਤੇ ਸਹਿਮਤੀ ਜਤਾਈ ਹੈ।
ਖਾਪ ਆਗੂਆਂ ਨੇ ਦੱਸਿਆ ਕਿ ਇਨ੍ਹਾਂ ਫੈਸਲਿਆਂ ਨੂੰ ਪੂਰੇ ਉੱਤਰ ਪ੍ਰਦੇਸ਼ ਵਿੱਚ ਲਾਗੂ ਕਰਵਾਉਣ ਲਈ ਮੁਹਿੰਮ ਚਲਾਈ ਜਾਵੇਗੀ ਅਤੇ ਹੋਰ ਖਾਪਾਂ ਨਾਲ ਵੀ ਸੰਪਰਕ ਕੀਤਾ ਜਾਵੇਗਾ। ਇਸ ਦੌਰਾਨ ਕਾਂਗਰਸ ਦੇ ਸੀਨੀਅਰ ਆਗੂ ਚੌਧਰੀ ਯਸ਼ਪਾਲ ਸਿੰਘ ਅਤੇ ਬਾਗਪਤ ਦੇ ਲੋਕ ਸਭਾ ਮੈਂਬਰ ਰਾਜਕੁਮਾਰ ਸਾਂਗਵਾਨ ਨੇ ਵੀ ਖਾਪ ਦੇ ਇਨ੍ਹਾਂ ਫੈਸਲਿਆਂ ਦਾ ਸਮਰਥਨ ਕਰਦਿਆਂ ਕਿਹਾ ਕਿ ਇਹ ਫੈਸਲੇ ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣ ਅਤੇ ਸੱਭਿਆਚਾਰ ਨੂੰ ਬਚਾਉਣ ਲਈ ਜ਼ਰੂਰੀ ਹਨ। ਦੱਸਣਯੋਗ ਹੈ ਕਿ ਇਹ ਫੈਸਲਾ 28 ਦਸੰਬਰ 2025 ਨੂੰ ਹੋਈ ਇਕੱਤਰਤਾ ਦੌਰਾਨ ਲਿਆ ਗਿਆ, ਜਿਸ ਦਾ ਮਕਸਦ ਇਲਾਕੇ ਵਿੱਚ ਰਵਾਇਤੀ ਅਤੇ ਸਮਾਜਿਕ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖਣਾ ਦੱਸਿਆ ਗਿਆ ਹੈ।
ਯਾਤਰੀਆਂ ਨਾਲ ਭਰੀ ਇੰਡੀਗੋ ਫਲਾਈਟ 'ਤੇ ਮਾਰੀ ਲੇਜ਼ਰ ਲਾਈਟ, ਸ਼ਮਸ਼ਾਬਾਦ ਹਵਾਈ ਅੱਡੇ 'ਤੇ ਬੰਬ ਦੀ ਧਮਕੀ
NEXT STORY