ਨਵੀਂ ਦਿੱਲੀ- ਵੈਕਸੀਨ ਦੇ ਮਾਮਲੇ ਵਿਚ ਕੋਲਕਾਤਾ ਦੀ ਸਥਿਤੀ ਹੋਰਨਾਂ ਮਹਾਨਗਰਾਂ ਤੋਂ ਚੰਗੀ ਹੈ। ਕੋਲਕਾਤਾ ਵਿਚ 45 ਲੱਖ ਦੀ ਆਬਾਦੀ ਵਿਚੋਂ 33 ਫੀਸਦੀ ਲੋਕ ਪਹਿਲੀ ਖੁਰਾਕ ਅਤੇ 11 ਫੀਸਦੀ ਤੋਂ ਵੱਧ ਲੋਕ ਦੋਵੇਂ ਖੁਰਾਕਾਂ ਲੈ ਚੁੱਕੇ ਹਨ। ਆਬਾਦੀ ਦੇ ਸਭ ਤੋਂ ਵੱਡੇ ਹਿੱਸੇ ਨੂੰ ਵੈਕਸੀਨ ਲਾਉਣ ਵਾਲੇ ਮਹਾਨਗਰਾਂ ਵਿਚ ਆਰਥਿਕ ਰਾਜਧਾਨੀ ਮੁੰਬਈ ਦੇ ਨਾਲ-ਨਾਲ ਬੇਂਗਲੁਰੂ, ਅਹਿਮਦਾਬਾਦ ਅਤੇ ਦਿੱਲੀ ਸ਼ਾਮਲ ਹਨ।
ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਇਸ ਮਾਮਲੇ ਵਿਚ ਬਹੁਤ ਪਿੱਛੇ ਹੈ। ਕੇਂਦਰ ਸਰਕਾਰ ਦੇ ਅੰਕੜਿਆਂ ਮੁਤਾਬਕ ਕੋਲਕਾਤਾ ਵਿਚ ਵੈਕਸੀਨ ਦੀਆਂ ਕੁੱਲ 19 ਲੱਖ 34 ਹਜ਼ਾਰ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਇਨ੍ਹਾਂ ਵਿਚੋਂ 14.2 ਲੱਖ ਲੋਕਾਂ ਨੂੰ ਸਿਰਫ ਪਹਿਲੀ ਖੁਰਾਕ ਦਿੱਤੀ ਗਈ ਹੈ, ਜਦੋਂ ਕਿ 5.13 ਲੱਖ ਲੋਕਾਂ ਨੂੰ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਦੇਸ਼ ਦੇ 4 ਪ੍ਰਮੁੱਖ ਮਹਾਨਗਰਾਂ ਸਮੇਤ 7 ਸੂਬਿਆਂ ਦੀਆਂ ਰਾਜਧਾਨੀਆਂ ਦੇ ਟੀਕਾਕਰਨ ਅੰਕੜਿਆਂ ਮੁਤਾਬਕ ਬੇਂਗਲੁਰੂ ਦੂਜੇ ਨੰਬਰ ’ਤੇ ਹੈ। ਕੁੱਲ ਇਕ ਕਰੋੜ ਦੀ ਆਬਾਦੀ ਵਿਚੋਂ 37 ਲੱਖ 14 ਹਜ਼ਾਰ ਲੋਕਾਂ ਨੂੰ ਵੈਕਸੀਨ ਦੀ ਖੁਰਾਕ ਦਿੱਤੀ ਜਾ ਚੁੱਕੀ ਹੈ। ਇਨ੍ਹਾਂ ਵਿਚੋਂ 29 ਲੱਖ 77 ਹਜ਼ਾਰ ਲੋਕਾਂ ਨੂੰ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ। ਇਹ ਆਬਾਦੀ ਦਾ ਕੁੱਲ 31.05 ਫੀਸਦੀ ਹੈ। 7.37 ਲੱਖ ਭਾਵ 7.69 ਫੀਸਦੀ ਲੋਕਾਂ ਨੂੰ ਵੈਕਸੀਨ ਦੀ ਦੂਜੀ ਖੁਰਾਕ ਵੀ ਦਿੱਤੀ ਜਾ ਚੁੱਕੀ ਹੈ। ਪ੍ਰਧਾਨ ਮੰਤਰੀ ਦੇ ਗ੍ਰਹਿ ਸੂਬੇ ਗੁਜਰਾਤ ਦੇ 72.1 ਲੱਖ ਲੋਕਾਂ ਦੀ ਆਬਾਦੀ ਵਾਲੇ ਅਹਿਮਦਾਬਾਦ ਸ਼ਹਿਰ ਵਿਚ 24.37 ਲੱਖ ਲੋਕਾਂ ਨੂੰ ਵੈਕਸੀਨ ਲਾਈ ਜਾ ਚੁੱਕੀ ਹੈ। ਇਨ੍ਹਾਂ ਵਿਚੋਂ 19.43 ਲੱਖ ਨੂੰ ਅਜੇ ਸਿਰਫ ਪਹਿਲੀ ਖੁਰਾਕ ਹੀ ਦਿੱਤੀ ਗਈ ਹੈ, ਜਦੋਂ ਕਿ 4.93 ਲੱਖ ਦੀ ਆਬਾਦੀ ਨੂੰ ਦੋਵੇਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।
ਆਰਥਿਕ ਰਾਜਧਾਨੀ ਮੁੰਬਈ ਵਿਚ ਬੁੱਧਵਾਰ ਦੁਪਹਿਰ ਤੱਕ ਵੈਕਸੀਨ ਦੀਆਂ 34.49 ਲੱਖ ਤੋਂ ਵੱਧ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਸਨ। ਇਨ੍ਹਾਂ ਵਿਚੋਂ 26.83 ਲੱਖ ਨੂੰ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਸੀ। ਦੂਜੀ ਖੁਰਾਕ ਹਾਸਲ ਕਰਨ ਵਾਲਿਆਂ ਦੀ ਗਿਣਤੀ 7.66 ਲੱਖ ਹੈ। ਮੁੰਬਈ ਦਾ ਹਰ ਚੌਥਾ-ਪੰਜਵਾਂ ਵਿਅਕਤੀ ਟੀਕੇ ਦਾ ਸੁਰੱਖਿਆ ਕਵਚ ਹਾਸਲ ਕਰ ਚੁੱਕਾ ਹੈ। ਚੇਨਈ ਵਿਚ ਕੁੱਲ 20.8 ਲੱਖ ਲੋਕਾਂ ਨੂੰ ਵੈਕਸੀਨ ਲਾਈ ਜਾ ਚੁੱਕੀ ਹੈ। ਇਸ ਤਰ੍ਹਾਂ 71 ਲੱਖ ਦੀ ਆਬਾਦੀ ਵਿਚੋਂ ਘੱਟੋ-ਘੱਟ 21.39 ਫੀਸਦੀ ਲੋਕਾਂ ਨੂੰ ਪਹਿਲੀ ਅਤੇ 7.91 ਫੀਸਦੀ ਲੋਕਾਂ ਨੂੰ ਦੂਜੀ ਖੁਰਾਕ ਵੀ ਮਿਲ ਚੁੱਕੀ ਹੈ।
ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਸਭ ਤੋਂ ਵੱਧ 54.9 ਲੱਖ ਟੀਕੇ ਲਾਏ ਜਾ ਚੁੱਕੇ ਹਨ। ਇਨ੍ਹਾਂ ਵਿਚੋਂ 42.43 ਲੱਖ ਲੋਕਾਂ ਨੂੰ ਅਜੇ ਪਹਿਲਾ ਟੀਕਾ ਲੱਗਾ ਹੈ। ਇਥੇ ਦੋਵੇਂ ਟੀਕੇ ਲੁਆਉਣ ਵਾਲੇ ਲੋਕਾਂ ਦੀ ਗਿਣਤੀ 12.46 ਲੱਖ ਹੈ। ਇਹ ਰਾਜਧਾਨੀ ਦੀ 2 ਕਰੋੜ ਦੀ ਆਬਾਦੀ ਦਾ 6.23 ਫੀਸਦੀ ਹੈ। ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿਚ 9.5 ਲੱਖ ਟੀਕੇ ਲਾਏ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ 7.53 ਲੱਖ ਲੋਕਾਂ ਨੂੰ ਪਹਿਲਾ ਟੀਕਾ ਲੱਗਾ ਹੈ। ਲਗਭਗ 46 ਲੱਖ ਦੀ ਆਬਾਦੀ ਵਿਚੋਂ 1.96 ਲੱਖ ਭਾਵ ਲਗਭਗ 4.29 ਫੀਸਦੀ ਖੁਸ਼ਨਸੀਬਾਂ ਨੂੰ ਦੋਵੇਂ ਖੁਰਾਕਾਂ ਮਿਲ ਚੁੱਕੀਆਂ ਹਨ।
ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਦੱਸਿਆ, ਕਿਉਂ ਸੈਂਟਰਲ ਵਿਸਟਾ ਪ੍ਰਾਜੈਕਟ ਦਾ ਵਿਰੋਧ ਕਰ ਰਹੀ ਹੈ ਕਾਂਗਰਸ
NEXT STORY