ਹਮੀਰਪੁਰ- ਹਮੀਰਪੁਰ ਦੀ ਬਡਸਰ ਮਾਲੀਆ ਸਬ-ਡਵੀਜ਼ਨ 'ਚ ਪਿਛਲੇ ਦਿਨੀਂ ਇਕ ਤੇਂਦੁਏ ਨੇ ਕੁੱਤਿਆਂ ਸਮੇਤ ਤਿੰਨ ਦਰਜਨ ਤੋਂ ਵੱਧ ਜਾਨਵਰਾਂ ਨੂੰ ਆਪਣਾ ਸ਼ਿਕਾਰ ਬਣਾ ਲਿਆ ਹੈ, ਜਿਸ ਨਾਲ ਉੱਥੋਂ ਦੇ ਲੋਕਾਂ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪ੍ਰਾਪਤ ਰਿਪੋਰਟਾਂ ਮੁਤਾਬਕ ਤੇਂਦੁਏ ਨੂੰ ਸੁਜਾਨਪੁਰ, ਭੋਰੰਜ ਅਤੇ ਨਾਦੌਨ ਖੇਤਰਾਂ ਵਿਚ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਜੰਗਲੀ ਜਾਨਵਰ ਨੂੰ ਫੜਨ ਲਈ ਜੰਗਲਾਤ ਵਿਭਾਗ ਨਾਲ ਸੰਪਰਕ ਕੀਤਾ।
ਹਾਲ ਹੀ 'ਚ ਬਡਸਰ ਸਬ-ਡਵੀਜ਼ਨ ਦੇ ਪਿੰਡ ਸਹੇਲੀ 'ਚ ਸ਼ਾਮ ਸਮੇਂ ਇਕ ਤੇਂਦੂਏ ਨੂੰ ਦੇਖਿਆ ਗਿਆ ਸੀ, ਜਿਸ ਕਾਰਨ ਪਿੰਡ ਵਾਸੀ ਸ਼ਾਮ ਨੂੰ ਆਪਣੇ ਘਰਾਂ 'ਚ ਲੁਕਣ ਲਈ ਮਜਬੂਰ ਹੋ ਗਏ ਸਨ। ਤੇਂਦੂਏ ਦੇ ਘਰ 'ਚ ਦਾਖਲ ਹੋਣ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ। ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਕੁਝ ਸਥਾਨਕ ਲੋਕਾਂ ਪਵਨ ਕੁਮਾਰ, ਸੁਧੀਰ ਸ਼ਰਮਾ, ਨਿਤਿਨ ਸ਼ਰਮਾ, ਧੀਰਜ ਸ਼ਰਮਾ ਅਤੇ ਰੋਹਿਤ ਠਾਕੁਰ ਨੇ ਜੰਗਲਾਤ ਵਿਭਾਗ ਨੂੰ ਤੁਰੰਤ ਕਾਰਵਾਈ ਕਰਨ ਅਤੇ ਪਿੰਡ ਵਿਚ ਪਿੰਜਰਾ ਲਗਾ ਕੇ ਤੇਂਦੂਏ ਨੂੰ ਫੜਨ ਦੀ ਮੰਗ ਕੀਤੀ ਹੈ।
ਪਿੰਡ ਵਾਸੀਆਂ ਮੁਤਾਬਕ ਤੇਂਦੁਏ ਦੇ ਹਮਲੇ ਕਾਰਨ ਉਹ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਅਤੇ ਖੇਤਾਂ 'ਚ ਕੰਮ ਕਰਨ ਤੋਂ ਵੀ ਡਰਦੇ ਹਨ। ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧੀ ਲੋਕਾਂ ਵੱਲੋਂ ਸ਼ਿਕਾਇਤਾਂ ਮਿਲੀਆਂ ਹਨ। ਉਨ੍ਹਾਂ ਕਿਹਾ ਕਿ ਤੇਂਦੁਏ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆ ਗਈ ਹੈ ਅਤੇ ਇਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਖੇਤਾਂ ਵਿਚ ਜਾ ਕੇ ਸਾਵਧਾਨ ਰਹਿਣ ਲਈ ਕਿਹਾ ਹੈ ਅਤੇ ਵਿਭਾਗ ਨੇ ਤੇਂਦੁਏ 'ਤੇ ਨਜ਼ਰ ਰੱਖਣ ਲਈ ਇਕ ਟੀਮ ਨੂੰ ਇਲਾਕੇ ਵਿਚ ਭੇਜਿਆ ਹੈ।
ਸਕੂਲ 'ਚ ਪੜ੍ਹਾਉਂਦੇ ਸਮੇਂ ਅਧਿਆਪਕ ਨੂੰ ਪਿਆ ਦੌਰਾ, ਪਲਾਂ 'ਚ ਹੋ ਗਈ ਮੌਤ
NEXT STORY