ਜੈਪੁਰ (ਭਾਸ਼ਾ)— ਰਾਜਸਥਾਨ ਦੀ ਰਾਜਧਾਨੀ ਜੈਪੁਰ ਦੇ ਰਹਿਣ ਵਾਲੇ ਹੁਕਮਚੰਦ ਸੋਨੀ ਪਿਛਲੇ 25 ਸਾਲਾਂ ਤੋਂ ਗਹਿਣੇ ਬਣਾ ਕੇ ਉਨ੍ਹਾਂ ਦੀ ਮੁਰੰਮਤ ਆਦਿ ਕਰ ਕੇ ਰੋਜ਼ੀ-ਰੋਟੀ ਚਲਾ ਰਹੇ ਸਨ ਪਰ ਲਾਕਡਾਊਨ ਕਾਰਨ ਉਹ ਹੁਣ ਆਪਣੀ ਦੁਕਾਨ 'ਚ ਸਬਜ਼ੀ ਵੇਚਣ ਨੂੰ ਮਜਬੂਰ ਹੋ ਗਏ ਹਨ। ਰਾਮਨਗਰ ਇਲਾਕੇ ਵਿਚ ਰਹਿਣ ਵਾਲੇ ਸੋਨੀ ਦਾ ਕਹਿਣਾ ਹੈ ਕਿ ਲਾਕਡਾਊਨ ਕਾਰਨ ਪੈਦਾ ਹੋਏ ਰੋਜ਼ੀ-ਰੋਟੀ ਦੇ ਸੰਕਟ ਨੇ ਉਨ੍ਹਾਂ ਨੂੰ ਅਜਿਹਾ ਕਰਨ ਲਈ ਮਜਬੂਰ ਕੀਤਾ ਹੈ। ਉਨ੍ਹਾਂ ਦੀ ਦੁਕਾਨ 'ਜੀ. ਪੀ. ਜਿਊਲੀਰੀ ਸ਼ਾਪ' 'ਚ ਗਹਿਣਿਆਂ ਦੀ ਥਾਂ ਹੁਣ ਤਰ੍ਹਾਂ-ਤਰ੍ਹਾਂ ਦੀਆਂ ਸਬਜ਼ੀਆਂ ਨੇ ਲੈ ਲਈ ਅਤੇ ਸੋਨੇ-ਚਾਂਦੀ ਦੀ ਬਜਾਏ ਹੁਣ ਆਲੂ-ਪਿਆਜ਼ ਦੇ ਭਾਵ ਕਰਦੇ ਹਨ।
ਸੋਨੀ ਨੇ ਦੱਸਿਆ ਕਿ ਮੈਂ ਚਾਰ ਦਿਨਾਂ ਤੋਂ ਆਪਣੀ ਦੁਕਾਨ ਵਿਚ ਸਬਜ਼ੀ ਵੇਚ ਰਿਹਾ ਹਾਂ। ਹੁਣ ਰੋਜ਼ੀ-ਰੋਟੀ ਦਾ ਇਹ ਹੀ ਤਰੀਕਾ ਹੈ। ਮੇਰੇ ਕੋਲ ਜ਼ਿਆਦਾ ਪੈਸਾ ਤਾਂ ਹੈ ਨਹੀਂ, ਇਸ ਲਈ ਥੋੜ੍ਹੇ ਜਿਹੇ ਨਿਵੇਸ਼ ਨਾਲ ਇਹ ਨਵਾਂ ਕੰਮ ਸ਼ੁਰੂ ਕਰ ਦਿੱਤਾ ਹੈ। ਹੁਕਮਚੰਦ ਸੋਨੀ ਇਹ ਦੁਕਾਨ ਇਕੱਲੇ ਹੀ ਚਲਾਉਂਦੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਉਨ੍ਹਾਂ ਦੇ ਪਰਿਵਾਰ ਦਾ ਖਰਚਾ-ਪਾਣੀ ਆਸਾਨੀ ਨਾਲ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਪਿਛਲੇ ਕਈ ਦਿਨਾਂ ਤੋਂ ਘਰ ਬੈਠੇ ਹਾਂ। ਕੋਈ ਕਮਾਈ ਨਹੀਂ ਹੈ ਅਤੇ ਕੋਈ ਵੱਡੀ ਬਚਤ ਨਹੀਂ ਹੈ। ਸਾਨੂੰ ਪੈਸਾ ਅਤੇ ਖਾਣਾ ਕੌਣ ਦੇਵੇਗਾ? ਮੈਂ ਅੰਗੂਠੀ ਵਰਗੇ ਛੋਟੇ ਗਹਿਣੇ ਬਣਾਉਂਦਾ ਅਤੇ ਵੇਚਦਾ ਸੀ ਅਤੇ ਟੁੱਟੇ ਹੋਏ ਗਹਿਣਿਆਂ ਦੀ ਮੁਰੰਮਤ ਵੀ ਕਰ ਰਿਹਾ ਸੀ।
ਹੁਕਮਚੰਦ ਸੋਨੀ ਨੇ ਕਿਹਾ ਕਿ ਲਾਕਡਾਊਨ ਕਾਰਨ ਉਹ ਅਤੇ ਉਨ੍ਹਾਂ ਵਰਗੇ ਹੋਰ ਦੁਕਾਨਦਾਰ ਨਿਸ਼ਚਿਤ ਰੂਪ ਨਾਲ ਨੁਕਸਾਨ ਝੱਲ ਰਹੇ ਹਨ। ਉਨ੍ਹਾਂ ਕਿਹਾ ਕਿ ਗਹਿਣੇ ਘੜ੍ਹਨ ਵਾਲੇ ਤੋਂ ਸਬਜ਼ੀ ਵਿਕ੍ਰੇਤਾ ਬਣਨਾ ਕੋਈ ਆਸਾਨ ਫੈਸਲਾ ਨਹੀਂ ਸੀ ਪਰ ਉਨ੍ਹਾਂ ਕੋਲ ਕੋਈ ਬਦਲ ਨਹੀਂ ਸੀ। ਘਰ 'ਚ ਵਿਹਲੇ ਬੈਠੇ ਰਹਿਣ ਤੋਂ ਚੰਗਾ ਹੈ ਕਿ ਕੁਝ ਕੀਤਾ ਜਾਵੇ। ਦੁਕਾਨ ਦਾ ਕਿਰਾਇਆ ਦੇਣਾ ਅਤੇ ਮਾਂ ਅਤੇ ਗੁਜਰ ਚੁੱਕੇ ਛੋਟੇ ਭਰਾ ਦੇ ਪਰਿਵਾਰ ਨੂੰ ਪਾਲਣਾ ਹੈ। ਉਹ ਕਹਿੰਦੇ ਹਨ ਕਿ ਮੇਰੇ ਲਈ ਤਾਂ ਕੰਮ ਹੀ ਪੂਜਾ ਹੈ। ਉਨ੍ਹਾਂ ਦੱਸਿਆ ਕਿ ਹੁਣ ਉਹ ਰੋਜ਼ ਮੰਡੀ ਤੋਂ ਸਬਜ਼ੀ ਲਿਆਉਂਦੇ ਹਨ ਅਤੇ ਕਿਰਾਏ ਦੀ ਇਸ ਦੁਕਾਨ 'ਚ ਬੈਠ ਕੇ ਸਬਜ਼ੀ ਵੇਚਦੇ ਹਨ।
ਦਿੱਲੀ: ਇਕ ਹੀ ਬਿਲਡਿੰਗ ਦੇ 41 ਲੋਕ ਕੋਰੋਨਾ ਪਾਜ਼ੇਟਿਵ, ਮੱਚੀ ਹਫੜਾ-ਦਫੜੀ
NEXT STORY