ਕੋਲਕਾਤਾ, (ਭਾਸ਼ਾ)- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਸ਼ਾਸਿਤ ਸੂਬਿਆਂ ਵਿਚ ਬੰਗਾਲੀ ਭਾਸ਼ਾਈ ਲੋਕਾਂ ਨੂੰ ਕਥਿਤ ਤੌਰ ’ਤੇ ਪ੍ਰੇਸ਼ਾਨ ਕੀਤੇ ਜਾਣ ਦੇ ਵਿਰੋਧ ਵਿਚ ਬੁੱਧਵਾਰ ਦੁਪਹਿਰ ਕੋਲਕਾਤਾ ਦੀਆਂ ਸੜਕਾਂ ’ਤੇ ਪ੍ਰਦਰਸ਼ਨ ਕੀਤਾ। ਮੱਧ ਕੋਲਕਾਤਾ ਦੇ ਕਾਲਜ ਸਕੁਆਇਰ ਤੋਂ ਦੁਪਹਿਰ ਲੱਗਭਗ ਪੌਣੇ 2 ਵਜੇ ਸ਼ੁਰੂ ਹੋਏ ਮਾਰਚ ਵਿਚ ਬੈਨਰਜੀ ਨੇ ਹਜ਼ਾਰਾਂ ਲੋਕਾਂ ਦੀ ਅਗਵਾਈ ਕੀਤੀ ਅਤੇ ਇਸ ਦੌਰਾਨ ਤ੍ਰਿਣਮੂਲ ਕਾਂਗਰਸ ਰਾਸ਼ਟਰੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਸਮੇਤ ਪਾਰਟੀ ਦੇ ਕਈ ਸੀਨੀਅਰ ਨੇਤਾ ਵੀ ਸ਼ਾਮਲ ਹੋਏ। ਇਸ ਮਾਰਚ ਦਾ ਸਮਾਪਨ ਧਰਮਤਲਾ ਦੇ ‘ਡੋਰੀਨਾ ਕ੍ਰਾਸਿੰਗ’ ’ਤੇ ਹੋਇਆ।
ਲੱਗਭਗ 3 ਤਿੰਨ ਕਿਲੋਮੀਟਰ ਲੰਬੇ ਮਾਰਗ ’ਤੇ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ ਗਏ, ਸੜਕ ਦੇ ਕਿਨਾਰੇ ਫੁੱਟਪਾਥ ਵੱਲ ਅਤੇ ਨੇੜੇ-ਤੇੜੇ ਦੀਆਂ ਇਮਾਰਤਾਂ ਦੇ ਬਾਹਰ ਰੁਕਾਵਟਾਂ ਲਗਾ ਕੇ ਲੱਗਭਗ 1500 ਪੁਲਸ ਮੁਲਾਜ਼ਮਾਂ ਨੇ ਮੋਰਚਾ ਸੰਭਾਲਿਆ ਹੋਇਆ ਸੀ। ਮਾਰਚ ਕਾਰਨ ਸ਼ਹਿਰ ਦੇ ਕੇਂਦਰੀ ਹਿੱਸਿਆਂ ਵਿਚ ਕਈ ਮੁੱਖ ਸੜਕਾਂ ਦਾ ਰਸਤਾ ਬਦਲਿਆ ਗਿਆ। ਤ੍ਰਿਣਮੂਲ ਵੱਲੋਂ ਸੂਬੇ ਭਰ ਦੇ ਜ਼ਿਲਾ ਹੈੱਡਕੁਆਰਟਰਾਂ ’ਚ ਵੀ ਇਸੇ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨ ਕੀਤੇ ਗਏ। ਇਹ ਵਿਰੋਧ ਪ੍ਰਦਰਸ਼ਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੂਬੇ ਦੇ ਨਿਰਧਾਰਤ ਦੌਰੇ ਤੋਂ ਇਕ ਦਿਨ ਪਹਿਲਾਂ ਹੋਏ।
ਪੱਛਮੀ ਬੰਗਾਲ ਵਿਚ ਵਿਧਾਨ ਸਭਾ ਚੋਣਾਂ ਲਈ ਇਕ ਸਾਲ ਤੋਂ ਵੀ ਘੱਟ ਸਮਾਂ ਬਚਿਆ ਹੈ, ਤ੍ਰਿਣਮੂਲ ਕਾਂਗਰਸ ਨੇ ਅਜਿਹੇ ਮੁੱਦਿਆਂ ’ਤੇ ਆਪਣਾ ਵਿਰੋਧ ਤੇਜ਼ ਕਰ ਦਿੱਤਾ ਹੈ। ਇਸ ਵਿਚ ਦੋਸ਼ ਲਗਾਇਆ ਗਿਆ ਹੈ ਕਿ ਬੰਗਾਲੀ ਬੋਲਣ ਵਾਲੇ ਲੋਕਾਂ ਨੂੰ ਯੋਜਨਾਬੱਧ ਢੰਗ ਨਾਲ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਭਾਸ਼ਾਈ ਵਿਤਕਰੇ, ਗੈਰ-ਕਾਨੂੰਨੀ ਹਿਰਾਸਤ ਅਤੇ ਉਨ੍ਹਾਂ ਨੂੰ ‘ਗੈਰ-ਕਾਨੂੰਨੀ ਪ੍ਰਵਾਸੀ’ ਵਜੋਂ ਲੇਬਲ ਕਰਨ ਦੀ ਸਾਜ਼ਿਸ਼ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ।
ਤ੍ਰਿਣਮੂਲ ਕਾਂਗਰਸ ਆਮ ਤੌਰ ’ਤੇ ਹਰ ਸਾਲ 21 ਜੁਲਾਈ ਨੂੰ ਹੋਣ ਵਾਲੀ ਆਪਣੀ ਸ਼ਹੀਦ ਦਿਵਸ ਰੈਲੀ ਤੋਂ ਪਹਿਲਾਂ ਵੱਡੇ ਸਮਾਗਮਾਂ ਤੋਂ ਦੂਰ ਰਹਿੰਦੀ ਹੈ। ਪਰ ਹਾਲ ਹੀ ਵਿਚ ਹੋਈਆਂ ਘਟਨਾਵਾਂ ਜਿਵੇਂ ਕਿ ਓਡਿਸ਼ਾ ਵਿਚ ਪ੍ਰਵਾਸੀ ਮਜ਼ਦੂਰਾਂ ਨੂੰ ਹਿਰਾਸਤ ਵਿਚ ਲੈਣਾ, ਦਿੱਲੀ ਵਿਚ ਕਬਜ਼ੇ ਵਿਰੋਧੀ ਮੁਹਿੰਮਾਂ ਅਤੇ ਆਸਾਮ ਵਿਚ ਵਿਦੇਸ਼ੀ ਟ੍ਰਿਬਿਊਨਲ ਵੱਲੋਂ ਕੂਚ ਬਿਹਾਰ ਦੇ ਇਕ ਕਿਸਾਨ ਨੂੰ ਜਾਰੀ ਕੀਤੇ ਗਏ ਨੋਟਿਸ ਨੇ ਪਾਰਟੀ ਨੂੰ ਆਪਣਾ ਰੁਖ਼ ਬਦਲਣ ਲਈ ਮਜਬੂਰ ਕਰ ਦਿੱਤਾ ਹੈ।
ਪੁਨੀਤ ਕੁਮਾਰ ਗੋਇਲ ਮਣੀਪੁਰ ਦੇ ਨਵੇਂ ਮੁੱਖ ਸਕੱਤਰ ਨਿਯੁਕਤ
NEXT STORY