ਲਖਨਊ (ਭਾਸ਼ਾ)- ਬਹੁਜਨ ਸਮਾਜ ਪਾਰਟੀ (ਬਸਪਾ) ਦੀ ਪ੍ਰਧਾਨ ਮਾਇਆਵਤੀ ਨੇ ਕਰੀਬ ਡੇਢ ਮਹੀਨੇ ਬਾਅਦ ਆਪਣਾ ਫ਼ੈਸਲਾ ਪਲਟਦੇ ਹੋਏ ਐਤਵਾਰ ਨੂੰ ਆਪਣੇ ਭਤੀਜੇ ਆਕਾਸ਼ ਆਨੰਦ ਨੂੰ ਪਾਰਟੀ ਦੇ ਰਾਸ਼ਟਰੀ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਸੌਂਪਦੇ ਹੋਏ ਉਸ ਨੂੰ ਮੁੜ ਆਪਣਾ ਉੱਤਰਾਧਿਕਾਰੀ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਲੋਕ ਸਭਾ ਚੋਣਾਂ ਦਰਮਿਆਨ ਹੀ 7 ਮਈ ਨੂੰ ਉਨ੍ਹਾਂ ਨੇ ਅਕਾਸ਼ ਆਨੰਦ ਨੂੰ ਅਪਰਿਪੱਕ ਕਰਾਰ ਦਿੰਦਿਆਂ ਇਨ੍ਹਾਂ ਜ਼ਿੰਮੇਵਾਰੀਆਂ ਤੋਂ ਮੁਕਤ ਕਰ ਦਿੱਤਾ ਸੀ। ਪਾਰਟੀ ਮੁਖੀ ਮਾਇਆਵਤੀ ਨੇ ਐਤਵਾਰ ਨੂੰ ਇੱਥੇ ਬਸਪਾ ਦੇ ਸੂਬਾ ਦਫ਼ਤਰ 'ਚ ਰਾਸ਼ਟਰੀ ਪੱਧਰ ਦੀ ਮੀਟਿੰਗ ਦਾ ਆਯੋਜਨ ਕੀਤਾ, ਜਿਸ 'ਚ ਕੇਂਦਰੀ ਅਧਿਕਾਰੀਆਂ ਤੋਂ ਇਲਾਵਾ ਸੂਬਿਆਂ ਦੇ ਪ੍ਰਦੇਸ਼ ਪ੍ਰਧਾਨ ਅਤੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ। ਲੋਕ ਸਭਾ ਚੋਣਾਂ 'ਚ ਪਾਰਟੀ ਦੀ ਕਰਾਰੀ ਹਾਰ ਤੋਂ ਬਾਅਦ ਪਹਿਲੀ ਵਾਰ ਹੋਈ ਇਸ ਮੀਟਿੰਗ 'ਚ ਕਈ ਮੁੱਦਿਆਂ ਦੀ ਡੂੰਘਾਈ ਨਾਲ ਸਮੀਖਿਆ ਕੀਤੀ ਗਈ। ਬੈਠਕ ਤੋਂ ਬਾਅਦ ਪਾਰਟੀ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ,''ਬਸਪਾ ਦੀ ਰਾਸ਼ਟਰੀ ਪ੍ਰਧਾਨ ਮਾਇਆਵਤੀ ਨੇ ਆਕਾਸ਼ ਆਨੰਦ ਨੂੰ ਪੂਰੀ ਪਰਿਪੱਕਤਾ ਨਾਲ ਪਾਰਟੀ 'ਚ ਕੰਮ ਕਰਨ ਦਾ ਫਿਰ ਤੋਂ ਮੌਕਾ ਦਿੱਤਾ ਹੈ। ਪਹਿਲਾਂ ਦੀ ਤਰ੍ਹਾਂ ਉਹ ਪਾਰਟੀ 'ਚ ਆਪਣੇ ਸਾਰੇ ਅਹੁਦਿਆਂ 'ਤੇ ਬਣੇ ਰਹਿਣਗੇ। ਭਾਵ ਪਾਰਟੀ ਦੇ ਰਾਸ਼ਟਰੀ ਕੋਆਰਡੀਨੇਟਰ ਹੋਣ ਦੇ ਨਾਲ-ਨਾਲ ਉਹ ਮੇਰੇ ਇਕਲੌਤੇ ਉੱਤਰਾਧਿਕਾਰੀ ਵੀ ਬਣੇ ਰਹਿਣਗੇ।''
ਬਸਪਾ ਮੁਖੀ ਨੇ ਪਿਛਲੇ ਸਾਲ ਦਸੰਬਰ ਮਹੀਨੇ 'ਚ ਆਕਾਸ਼ ਆਨੰਦ ਨੂੰ ਆਪਣਾ 'ਉੱਤਰਾਧਿਾਕਰੀ' ਐਲਾਨ ਕੀਤਾ ਸੀ ਅਤੇ ਉਨ੍ਹਾਂ ਹਟਾਉਣ ਦਾ ਹੈਰਾਨੀਜਨਕ ਫ਼ੈਸਲਾ ਉਸ ਸਮੇਂ ਲਿਆ ਗਿਆ, ਜਦੋਂ ਦੇਸ਼ 'ਚ ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਲਈ ਵੋਟਿੰਗ ਸੰਪੰਨ ਹੋ ਗਈ। ਬਸਪਾ ਮੁਖੀ ਨੇ 7 ਮਈ ਦੀ ਰਾਤ 'ਐਕਸ' 'ਤੇ ਪੋਸਟ ਕੀਤੇ ਗਏ ਆਪਣੇ ਇਕ ਸੰਦੇਸ਼ 'ਚ ਕਿਹਾ ਸੀ,''ਬਸਪਾ ਇਕ ਪਾਰਟੀ ਦੇ ਨਾਲ ਹੀ ਬਾਬਾ ਸਾਹਿਬ ਡਾ. ਭੀਮਰਾਵ ਅੰਬੇਡਕਰ ਦੇ ਆਤਮਸਨਮਾਨ, ਸਵੈ-ਮਾਣ ਅਤੇ ਸਮਾਜਿਕ ਪਰਿਵਰਤਨ ਦਾ ਵੀ ਅੰਦੋਲਨ ਹੈ, ਜਿਸ ਲਈ ਕਾਂਸ਼ੀਰਾਮ ਜੀ ਅਤੇ ਖ਼ੁਦ ਮੈਂ ਵੀ ਆਪਣੀ ਪੂਰੀ ਜ਼ਿੰਦਗੀ ਸਮਰਪਿਤ ਕੀਤੀ ਹੈ ਅਤੇ ਇਸ ਨੂੰ ਗਤੀ ਦੇਣ ਲਈ ਨਵੀਂ ਪੀੜ੍ਹੀ ਨੂੰ ਵੀ ਤਿਆਰ ਕੀਤਾ ਜਾ ਰਿਹਾ ਹੈ।'' ਆਪਣੀ ਲੜੀਵਾਰ ਪੋਸਟ 'ਚ ਮਾਇਆਵਤੀ ਨੇ ਕਿਹਾ,''ਇਸੇ ਕ੍ਰਮ 'ਚ ਪਾਰਟੀ 'ਚ ਹੋਰ ਲੋਕਾਂ ਨੂੰ ਅੱਗੇ ਵਧਾਉਣ ਦੇ ਨਾਲ ਹੀ ਆਕਾਸ਼ ਆਨੰਦ ਨੂੰ ਰਾਸ਼ਟਰੀ ਕੋਆਰਡੀਨੇਟਰ ਅਤੇ ਆਪਣਾ ਉੱਤਰਾਧਿਕਾਰੀ ਐਲਾਨ ਕੀਤਾ ਪਰ ਪਾਰਟੀ ਅਤੇ ਅੰਦੋਲਨ ਦੇ ਵਿਆਪਕ ਹਿੱਤ 'ਚ ਪੂਰਨ ਪਰਿਪੱਕਤਾ ਆਉਣ ਤੱਕ ਅਜੇ ਉਨ੍ਹਾਂ ਨੂੰ ਇਨ੍ਹਾਂ ਦੋਹਾਂ ਅਹਿਮ ਜ਼ਿੰਮੇਵਾਰੀਆਂ ਤੋਂ ਵੱਖ ਕੀਤਾ ਜਾ ਰਿਹਾ ਹੈ। ਸੀਤਾਪੁਰ 'ਚ ਇਕ ਚੋਣ ਰੈਲੀ 'ਚ ਇਤਰਾਜ਼ਯੋਗ ਭਾਸ਼ਾ ਦਾ ਇਸਤੇਮਾਲ ਕਰਨ ਦੇ ਦੋਸ਼ 'ਚ ਆਨੰਦ ਅਤੇ ਚਾਰ ਹੋਰ ਖ਼ਿਲਾਫ਼ ਚੋਣ ਜ਼ਾਬਤਾ ਦੀ ਉਲੰਘਣਾ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਹੀ ਮਾਇਆਵਤੀ ਨੇ ਇਹ ਕਦਮ ਚੁੱਕਿਆ ਸੀ। ਲੋਕ ਸਭਾ ਚੋਣਾਂ 'ਚ ਇਕੱਲੇ ਦੇ ਦਮ 'ਤੇ ਮੈਦਾਨ 'ਚ ਉਤਰੀ ਬਸਪਾ ਨੂੰ ਇਸ ਵਾਰ ਰਾਜ 'ਚ 80 ਸੀਟਾਂ 'ਚੋਂ ਇਕ ਵੀ ਸੀਟ 'ਤੇ ਜਿੱਤ ਨਹੀਂ ਮਿਲੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹੜ੍ਹ ਕਾਰਨ ਨਾ ਵਿਗੜੇ ਹਾਲਾਤ ਇਸ ਲਈ ਐਕਸ਼ਨ 'ਚ ਅਮਿਤ ਸ਼ਾਹ, ਅਧਿਕਾਰੀਆਂ ਨੇ ਕੀਤੀ ਅਹਿਮ ਬੈਠਕ
NEXT STORY