ਨਵੀਂ ਦਿੱਲੀ, (ਭਾਸ਼ਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ’ਤੇ ਵਪਾਰਕ ਜਗਤ ’ਚ ਅਜ਼ਾਰੇਦਾਰੀ ਨੂੰ ਉਤਸ਼ਾਹ ਦੇਣ ਦਾ ਦੋਸ਼ ਲਾਉਂਦੇ ਹੋਏ ਬੁੱਧਵਾਰ ਨੂੰ ਕਿਹਾ ਕਿ ਇਸ ਸਮੇਂ ਸਰਕਾਰ ਨੇ ਛੋਟੇ ਵਪਾਰੀਆਂ ਨੂੰ ਆਪਣੀਆਂ ਖ਼ਰਾਬ ਨੀਤੀਆਂ ਦੀਆਂ ਜ਼ੰਜੀਰਾਂ ’ਚ ਬੰਨ੍ਹ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਦਾ ਵੈਸ਼ ਸਮਾਜ ਨਿਰਾਸ਼ ਹੈ ਅਤੇ ਉਹ ਇਸ ਭਾਈਚਾਰੇ ਦੇ ਨਾਲ ਖੜ੍ਹੇ ਹਨ, ਜੋ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹੈ।
ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਨੇ ਵੈਸ਼ ਸਮਾਜ ਦੇ ਪ੍ਰਤੀਨਿਧੀਆਂ ਨਾਲ ਮੁਲਾਕਾਤ ਦੀ ਇਕ ਵੀਡੀਓ ਬੁੱਧਵਾਰ ਨੂੰ ਆਪਣੇ ਸੋਸ਼ਲ ਮੀਡੀਆ ਮੰਚ ’ਤੇ ਸਾਂਝੀ ਕੀਤੀ। ਰਾਹੁਲ ਗਾਂਧੀ ਨੇ ‘ਐਕਸ’ ’ਤੇ ਪੋਸਟ ਕੀਤਾ, ਜਿਸ ਸਮਾਜ ਨੇ ਦੇਸ਼ ਦੀ ਅਰਥਵਿਵਸਥਾ ’ਚ ਇਤਿਹਾਸਕ ਯੋਗਦਾਨ ਦਿੱਤਾ, ਅੱਜ ਉਹੀ ਨਿਰਾਸ਼ ਹੈ। ਇਹ ਖਤਰੇ ਦੀ ਘੰਟੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਨੇ ਅਜ਼ਾਰੇਦਾਰੀ ਨੂੰ ਖੁੱਲ੍ਹੀ ਛੋਟ ਦੇ ਦਿੱਤੀ ਹੈ ਅਤੇ ਛੋਟੇ ਤੇ ਮੱਧ-ਵਰਗੀ ਵਪਾਰੀਆਂ ਨੂੰ ਨੌਕਰਸ਼ਾਹੀ ਅਤੇ ਗਲਤ ਜੀ. ਐੱਸ. ਟੀ. ਵਰਗੀਆਂ ਖ਼ਰਾਬ ਨੀਤੀਆਂ ਦੀਆਂ ਜ਼ੰਜੀਰਾਂ ’ਚ ਬੰਨ੍ਹ ਦਿੱਤਾ ਹੈ।
ਉਨ੍ਹਾਂ ਕਿਹਾ, ‘‘ਇਹ ਸਿਰਫ ਨੀਤੀਆਂ ਦੀ ਗਲਤੀ ਨਹੀਂ ਹੈ, ਸਗੋਂ ਇਹ ਉਤਪਾਦਨ, ਰੋਜ਼ਗਾਰ ਅਤੇ ਭਾਰਤ ਦੇ ਭਵਿੱਖ ’ਤੇ ਸਿੱਧਾ ਹਮਲਾ ਹੈ। ਭਾਜਪਾ ਸਰਕਾਰ ਦੀ ਇਸ ਸਾਮੰਤਵਾਦੀ ਸੋਚ ਦੇ ਖਿਲਾਫ ਲੜਾਈ ਹੈ ਅਤੇ ਇਸ ਲੜਾਈ ’ਚ ਦੇਸ਼ ਦੇ ਵਪਾਰ ਦੀ ਰੀੜ੍ਹ ਦੀ ਹੱਡੀ- ਵੈਸ਼ ਸਮਾਜ ਦੇ ਨਾਲ ਮੈਂ ਪੂਰੀ ਤਾਕਤ ਨਾਲ ਖੜ੍ਹਾ ਹਾਂ।’’ ਇਸ ਵੀਡੀਓ ਮੁਤਾਬਕ, ਵੈਸ਼ ਸਮਾਜ ਦੇ ਪ੍ਰਤੀਨਿਧੀਆਂ ਨੇ ਆਪਣੀਆਂ ਸਮੱਸਿਆਵਾਂ ਤੋਂ ਰਾਹੁਲ ਗਾਂਧੀ ਨੂੰ ਜਾਣੂ ਕਰਾਇਆ। ਇਹ ਵਪਾਰੀ ਜੁੱਤੀਆਂ ਬਣਾਉਣ, ਖੇਤੀਬਾੜੀ ਉਤਪਾਦ, ਬਿਜਲੀ, ਪੇਪਰ ਅਤੇ ਸਟੇਸ਼ਨਰੀ, ਟਰੈਵਲ, ਸਟੋਨ ਕਟਿੰਗ, ਕੈਮੀਕਲਸ ਅਤੇ ਹਾਰਡਵੇਅਰ ਵਰਗੇ ਵੱਖ-ਵੱਖ ਉਦਯੋਗਾਂ ਨਾਲ ਜੁਡ਼ੇ ਹਨ।
ਸੇਂਗਰ ਨੂੰ ਜ਼ਮਾਨਤ ਮਿਲਣਾ ਸ਼ਰਮਨਾਕ
ਨਵੀਂ ਦਿੱਲੀ : ਰਾਹੁਲ ਗਾਂਧੀ ਨੇ ਉੱਨਾਵ ਜਬਰ-ਜ਼ਨਾਹ ਮਾਮਲੇ ’ਚ ਦੋਸ਼ੀ ਕੁਲਦੀਪ ਸਿੰਘ ਸੇਂਗਰ ਦੀ ਉਮਰਕੈਦ ਦੀ ਸਜ਼ਾ ਦਿੱਲੀ ਹਾਈ ਕੋਰਟ ਵੱਲੋਂ ਰੱਦ ਕੀਤੇ ਜਾਣ ਤੋਂ ਬਾਅਦ ਬੁੱਧਵਾਰ ਨੂੰ ਕਿਹਾ ਕਿ ਸੇਂਗਰ ਨੂੰ ਜ਼ਮਾਨਤ ਮਿਲਣਾ ਨਿਰਾਸ਼ਾਜਨਕ ਅਤੇ ਸ਼ਰਮਨਾਕ ਹੈ। ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ‘ਅਸੀਂ ਸਿਰਫ ਇਕ ‘ਮੁਰਦਾ ਅਰਥਵਿਵਸਥਾ’ ਹੀ ਨਹੀਂ, ਸਗੋਂ ਅਜਿਹੀਆਂ ਗੈਰ-ਮਨੁੱਖੀ ਘਟਨਾਵਾਂ ਦੇ ਨਾਲ ਇਕ ‘ਮੁਰਦਾ ਸਮਾਜ’ ਵੀ ਬਣਦੇ ਜਾ ਰਹੇ ਹਾਂ। ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਨੇ ਜਬਰ-ਜ਼ਨਾਹ ਪੀੜਤਾ ਨੂੰ ਵਿਰੋਧ ਪ੍ਰਦਰਸ਼ਨ ਦੌਰਾਨ ਪੁਲਸ ਵੱਲੋਂ ਹਟਾਏ ਜਾਣ ਦੇ ਦਾਅਵੇ ਵਾਲੀ ਇਕ ‘ਐਕਸ’ ਪੋਸਟ ਨੂੰ ਰੀ-ਪੋਸਟ ਕੀਤਾ। ਰਾਹੁਲ ਗਾਂਧੀ ਨੇ ‘ਐਕਸ’ ’ਤੇ ਪੋਸਟ ਕੀਤਾ, ‘‘ਕੀ ਇਕ ਸਮੂਹਿਕ ਜਬਰ-ਜ਼ਨਾਹ ਪੀੜਤਾ ਨਾਲ ਅਜਿਹਾ ਵਿਵਹਾਰ ਸਹੀ ਹੈ? ਕੀ ਉਸ ਦੀ ‘ਗਲਤੀ’ ਇਹ ਹੈ ਕਿ ਉਹ ਇਨਸਾਫ ਲਈ ਆਪਣੀ ਆਵਾਜ਼ ਉਠਾਉਣ ਦੀ ਹਿੰਮਤ ਕਰ ਰਹੀ ਹੈ? ਉਸ ਦੇ ਅਪਰਾਧੀ (ਸਾਬਕਾ ਭਾਜਪਾ ਵਿਧਾਇਕ) ਨੂੰ ਜ਼ਮਾਨਤ ਮਿਲਣਾ ਬੇਹੱਦ ਨਿਰਾਸ਼ਾਜਨਕ ਅਤੇ ਸ਼ਰਮਨਾਕ ਹੈ।’’
ਦਿੱਲੀ-NCR ਦੇ ਲੋਕਾਂ ਨੂੰ ਵੱਡੀ ਰਾਹਤ! ਹਟਾਈਆਂ ਗਈਆਂ GRAP-4 ਪਾਬੰਦੀਆਂ ਪਰ...
NEXT STORY