ਨਵੀਂ ਦਿੱਲੀ- ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸੋਮਵਾਰ ਨੂੰ ਕਿਹਾ ਕਿ 19 ਜੁਲਾਈ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਕੋਰੋਨਾ ਸੰਬੰਧੀ ਸਾਰੇ ਪ੍ਰੋਟੋਕਾਲ ਦਾ ਪਾਲਣ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਦਾ ਕੋਰੋਨਾ ਵਾਇਰਸ ਰੋਕੂ ਟੀਕਾਕਰਨ ਨਹੀਂ ਹੋਇਆ ਹੈ, ਉਨ੍ਹਾਂ ਨੂੰ ਸੈਸ਼ਨ ਦੌਰਾਨ ਸੰਸਦ ਕੰਪਲੈਕਸ 'ਚ ਪ੍ਰਵੇਸ਼ ਤੋਂ ਪਹਿਲਾਂ ਆਰ.ਟੀ.-ਪੀ.ਸੀ.ਆਰ. ਜਾਂਚ ਕਰਵਾਉਣ ਲਈ ਕਿਹਾ ਜਾਵੇਗਾ।

ਸੰਸਦ ਭਵਨ ਕੰਪਲੈਕਸ 'ਚ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਬਿਰਲਾ ਨੇ ਕਿਹਾ ਕਿ 323 ਸੰਸਦ ਮੈਂਬਰਾਂ ਦਾ ਕੋਰੋਨਾ ਰੋਕੂ ਪੂਰਨ ਟੀਕਾਕਰਨ ਹੋ ਚੁਕਿਆ ਹੈ, ਜਦੋਂ ਕਿ 23 ਸੰਸਦ ਮੈਂਬਰ ਕੁਝ ਮੈਡੀਕਲ ਕਾਰਨਾਂ ਕਰ ਕੇ ਟੀਕੇ ਦੀ ਪਹਿਲੀ ਖੁਰਾਕ ਵੀ ਨਹੀਂ ਲੈ ਸਕੇ ਹਨ। ਲੋਕ ਸਭਾ ਸਪੀਕਰ ਨੇ ਕਿਹਾ ਕਿ ਦੋਹਾਂ ਸਦਨਾਂ ਦੀ ਬੈਠਕ 11 ਵਜੇ ਇਕ ਹੀ ਸਮੇਂ ਸ਼ੁਰੂ ਹੋਵੇਗੀ। ਸੰਸਦ ਦਾ ਮਾਨਸੂਨ ਸੈਸ਼ਨ 19 ਜੁਲਾਈ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਇਹ 13 ਅਗਸਤ ਤੱਕ ਚਲੇਗਾ। ਆਮ ਤੌਰ 'ਤੇ ਜੁਲਾਈ 'ਚ ਸ਼ੁਰੂ ਹੋਣ ਵਾਲਾ ਮਾਨਸੂਨ ਸੈਸ਼ਨ ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਕਾਰਨ ਪਿਛਲੇ ਸਾਲ ਸਤੰਬਰ 'ਚ ਸ਼ੁਰੂ ਹੋਇਆ ਸੀ।

ਜੰਮੂ-ਕਸ਼ਮੀਰ ਦੇ ਨੌਜਵਾਨ ਭਵਿੱਖ ਵਿਚ ਦੇਸ਼ ਦੇ ਹਰ ਖੇਤਰ ਵਿਚ ਚਮਕਦੇ ਦਿਸਣਗੇ : ਤਰੁਣ ਚੁਘ
NEXT STORY