ਜਲੰਧਰ (ਬਿਊਰੋ) : ਕੇਂਦਰ ਸਰਕਾਰ ਵਲੋਂ ਜੰਮੂ-ਕਸ਼ਮੀਰ ਵਿਚ 5 ਅਗਸਤ, 2019 ਨੂੰ ਵਿਵਾਦਿਤ ਧਾਰਾ 370 ਹਟਾਉਣ ਦੇ ਬਾਅਦ ਤੋਂ ਭਾਜਪਾ ਸੁਰਖੀਆਂ ਵਿਚ ਰਹੀ ਹੈ। ਸਾਬਕਾ ਕਾਂਗਰਸ ਸਰਕਾਰ ਸਮੇਤ ਕਿਸੇ ਵੀ ਸਰਕਾਰ ਨੇ ਇੰਨਾ ਵੱਡਾ ਕਦਮ ਚੁੱਕਣ ਤੋਂ ਗੁਰੇਜ ਹੀ ਕੀਤਾ ਸੀ ਪਰ ਮੋਦੀ ਸਰਕਾਰ ਨੇ ਇਕ ਝਟਕੇ ਵਿਚ ਇਸ ਨੂੰ ਖਤਮ ਕਰ ਦਿੱਤਾ। ਭਾਜਪਾ ਦੀ ਜੰਮੂ-ਕਸ਼ਮੀਰ ਅਤੇ ਖਾਸ ਕਰਕੇ ਕਸ਼ਮੀਰ ਘਾਟੀ ਨੂੰ ਲੈ ਕੇ ਅੱਗੇ ਕੀ ਯੋਜਨਾ ਹੈ, ਬਾਰੇ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਭਾਜਪਾ ਇੰਚਾਰਜ ਤਰੁਣ ਚੁਘ ਨਾਲ ਗੱਲਬਾਤ ਕੀਤੀ ‘ਜਗਬਾਣੀ’ ਦੇ ਹਰੀਸ਼ਚੰਦਰ ਨੇ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼ :
ਸਵਾਲ : ਧਾਰਾ 370 ਹਟਾਉਣ ਤੋਂ ਬਾਅਦ ਭਾਜਪਾ ਦੀ ਸਾਖ ਵਿਚ ਕਸ਼ਮੀਰ ਵਰਗੇ ਮੁਸਲਮਾਨ ਬਹੁਤਾਤ ਵਾਲੇ ਸੂਬੇ ਵਿਚ ਕਿੰਨਾ ਅੰਤਰ ਆਇਆ ਹੈ। ਕੀ ਪਾਰਟੀ ਦਾ ਉੱਥੇ ਆਧਾਰ ਵਧਿਆ ਹੈ?
ਜਵਾਬ : ਭਾਰਤੀ ਜਨਤਾ ਪਾਰਟੀ ਹਿੰਦੂ-ਮੁਸਲਮਾਨ ਦੀ ਗੱਲ ਕਦੇ ਨਹੀਂ ਕਰਦੀ। ਭਾਜਪਾ ਦੇ ਵਿਸ਼ੇ ਵਿਚ ਦੂਜੀਆਂ ਪਾਰਟੀਆਂ ਆਮ ਜਨਤਾ ਵਿਚ ਭਰਮ ਫੈਲਾਉਣ ਦਾ ਕੰਮ ਕਰਦੀਆਂ ਰਹੀਆਂ ਹਨ। ਭਾਜਪਾ ਭਾਰਤੀਆਂ ਦੀ ਪਾਰਟੀ ਹੈ ਅਤੇ ਹਮੇਸ਼ਾ ਜਾਤੀ ਧਰਮ ਤੋਂ ਉਤੇ ਉੱਠ ਕੇ ਭਾਰਤ ਅਤੇ ਭਾਰਤਵਾਸੀਆਂ ਦੀ ਤਰੱਕੀ ਲਈ ਕੰਮ ਕਰਦੀ ਹੈ। ਸੰਵਿਧਾਨ ਦੀ ਅਸਥਾਈ ਵਿਵਸਥਾ ਧਾਰਾ 370 ਪੁਰਾਣੀਆਂ ਸਰਕਾਰਾਂ ਵਲੋਂ ਅਜਿਹਾ ਹੀ ਇਕ ਭਰਮਜਾਲ ਸੀ, ਜਿਸਨੇ ਇਸ ਸੂਬੇ ਨੂੰ ਵਿਕਾਸ ਤੋਂ ਕੋਹਾਂ ਦੂਰ ਹਨ੍ਹੇਰੇ ਵਿਚ ਕੈਦ ਕਰਕੇ ਰੱਖਿਆ ਸੀ। ਸਾਡੀ ਸਰਕਾਰ ਨੇ ਸੂਬੇ ਨੂੰ ਆਪਣਾ ਅਨਿੱਖੜਵਾਂ ਅੰਗ ਮੰਨਦਿਆਂ ਇਸ ਅਸਥਾਈ ਧਾਰਾ ਨੂੰ ਹਟਾ ਕੇ ਭਾਰਤ ਦੀ ਵਿਕਾਸ ਮੁਖੀ ਧਾਰਾ ਨਾਲ ਜੋੜਨ ਦਾ ਕੰਮ ਕੀਤਾ ਹੈ। ਇਸ ਦੇ ਹਟਣ ਤੋਂ ਬਾਅਦ ਇੱਥੋਂ ਦੇ ਨਿਵਾਸੀਆਂ ਦਾ ਭਾਰਤੀ ਲੋਕਤੰਤਰ ਵਿਚ ਅਟੁੱਟ ਵਿਸ਼ਵਾਸ ਜਾਗਿਆ ਹੈ, ਜਿਸਦੀ ਜਿਉਂਦੀ ਜਾਗਦੀ ਉਦਾਹਰਣ ਡੀ.ਡੀ.ਸੀ. ਚੋਣਾਂ ਵਿਚ ਭਾਜਪਾ ਉਮੀਦਵਾਰਾਂ ਦੀ ਤਿੰਨੇ ਥਾਂਵਾਂ ’ਤੇ ਜਿੱਤ ਹੈ। ਭਾਜਪਾ ਜਨਆਧਾਰ ਵਧਾਉਣ ਲਈ ਨਹੀਂ ਸਗੋਂ ਦੇਸ਼ਹਿਤ ਅਤੇ ਜਨਹਿਤ ਵਿਚ ਕੰਮ ਕਰਦੀ ਰਹਿੰਦੀ ਹੈ, ਜਨਆਧਾਰ ਆਪ ਹੀ ਵਧ ਜਾਂਦਾ ਹੈ।
ਸਵਾਲ : ਜੰਮੂ ਖੇਤਰ ਵਿਚ ਤਾਂ ਭਾਜਪਾ ਦਾ ਜਨਆਧਾਰ ਰਿਹਾ ਹੈ, ਤੁਸੀਂ ਬਤੌਰ ਇੰਚਾਰਜ ਕਸ਼ਮੀਰੀ ਨੌਜਵਾਨਾਂ ਨੂੰ ਜੋੜਨ ਦੇ ਕੀ-ਕੀ ਯਤਨ ਕੀਤੇ?
ਜਵਾਬ : ਭਾਜਪਾ ਦੀ ਰੀਤੀ-ਨੀਤੀ ਅਤੇ ਨੀਅਤ ਜਗ-ਜਾਹਿਰ ਹੈ। ਜਨਆਧਾਰ ਵਧਾਉਣਾ ਜਾਂ ਸੱਤਾ ਹਥਿਆਉਣ ਦੇ ਉਦੇਸ਼ ਨਾਲ ਕੰਮ ਕਰਨਾ ਕਦੇ ਭਾਜਪਾ ਦੀਆਂ ਗਤੀਵਿਧੀਆਂ ਦਾ ਅੰਗ ਨਹੀਂ ਰਿਹਾ ਹੈ। ਦੇਸ਼ ਅਤੇ ਦੇਸ਼ਵਾਸੀਆਂ ਦੇ ਵਿਕਾਸ, ਸੁਖ-ਸਹੂਲਤਾਂ ਲਈ ਸਾਡੇ ਚਿੰਤਨ ਅਤੇ ਕਾਰਜ ਲਗਾਤਾਰ ਚਲਦੇ ਰਹਿੰਦੇ ਹਨ। ਇਹੀ ਕਾਰਣ ਹੈ ਕਿ 2014 ਤੋਂ ਪਹਿਲਾਂ 70 ਸਾਲਾਂ ਵਿਚ ਦੇਸ਼ ਜਿੱਥੇ ਤੱਕ ਨਹੀਂ ਪਹੁੰਚ ਸਕਿਆ, ਹੁਣ ਸਿਰਫ਼ 7 ਸਾਲਾਂ ਵਿਚ ਉਮੀਦ ਤੋਂ ਕਾਫ਼ੀ ਅੱਗੇ ਨਿਕਲ ਗਿਆ ਹੈ। ਅਖੰਡ ਊਰਜਾ ਦੇ ਧਨੀ ਕਸ਼ਮੀਰ ਦੇ ਨੌਜਵਾਨਾਂ ਨੂੰ ਸਿੱਖਿਆ, ਰਹਿਣ-ਸਹਿਣ, ਪੋੋਸ਼ਣ, ਤਕਨੀਕੀ ਸਿੱਖਿਆ, ਰੁਜ਼ਗਾਰ ਆਦਿ ਹਰ ਖੇਤਰ ਵਿਚ ਅੱਗੇ ਆਉਣ ਦਾ ਮੌਕਾ ਭਾਜਪਾ ਅਤੇ ਕੇਂਦਰ ਸਰਕਾਰ ਨੇ ਦਿੱਤਾ ਹੈ।
ਆਉਣ ਵਾਲੇ ਸਮੇਂ ਵਿਚ ਜੰਮੂ-ਕਸ਼ਮੀਰ ਦੇ ਨੌਜਵਾਨ ਵੀ ਡਾਕਟਰ, ਇੰਜੀਨੀਅਰ, ਕਲੈਕਟਰ, ਆਈ. ਏ. ਐੱਸ., ਆਈ. ਪੀ. ਐੱਸ., ਨੇਤਾ-ਐਕਟਰ, ਚਿੰਤਕ, ਵਿਚਾਰਕ ਅਤੇ ਸਮਾਜ ਸੁਧਾਰਕ ਦੇ ਰੂਪ ਵਿਚ ਸਿਤਾਰੇ ਬਣ ਕੇ ਭਾਰਤ ਵਿਚ ਚਮਕਦੇ ਵਿਖਾਈ ਦੇਣਗੇ। ਅਸੀਂ ਪਹਿਲਾਂ ਵੀ ਯਤਨਸ਼ੀਲ ਸੀ, ਅੱਗੇ ਵੀ ਰਹਾਂਗੇ।
ਸਵਾਲ : ਪਾਰਟੀ ਦਾ ਪਾਕਿ ਕਬਜ਼ੇ ਵਾਲੇ ਕਸ਼ਮੀਰ ਨੂੰ ਲੈ ਕੇ ਕੀ ਰੁਖ਼ ਹੈ। ਸੱਤਾ ਵਿਚ ਆਉਣ ਦੇ ਬਾਅਦ ਤੋਂ ਭਾਜਪਾ ਨੇ ਇਸ ਬਾਰੇ ਚੁੱਪੀ ਧਾਰੀ ਹੋਈ ਹੈ, ਜਦਕਿ ਵਿਰੋਧੀ ਧਿਰ ਵਿਚ ਰਹਿੰਦੇ ਇਸ ਮੁੱਦੇ ’ਤੇ ਹਮਲਾਵਰ ਰਹਿੰਦੀ ਸੀ।
ਜਵਾਬ : ਇਹ ਸ਼ੁਰੂ ਤੋਂ ਸਪੱਸ਼ਟ ਅਤੇ ਸ਼ੀਸ਼ੇ ਦੀ ਤਰ੍ਹਾਂ ਸਾਫ਼ ਹੈ ਕਿ ਪਾਕਿ ਦੇ ਕਬਜ਼ੇ ਵਾਲਾ ਕਸ਼ਮੀਰ ਹਮੇਸ਼ਾ ਤੋਂ ਸਾਡਾ ਰਿਹਾ ਸੀ, ਹੈ ਅਤੇ ਰਹੇਗਾ। ਅੱਜ ਤਕ ਸਾਡਾ ਇਕ ਵੀ ਘੋਸ਼ਣਾ ਪੱਤਰ ਅਜਿਹਾ ਨਹੀਂ ਰਿਹਾ, ਜਿਸ ਵਿਚ ਅਸੀਂ ਇਸ ਗੱਲ ਨੂੰ ਨਹੀਂ ਦੁਹਰਾਇਆ ਕਿ ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ ਨੂੰ ਅਸੀਂ ਭਾਰਤ ਦਾ ਅਨਿੱਖੜਵਾਂ ਅੰਗ ਮੰਨਦੇ ਹਾਂ। ਅਸੀ ਸੱਤਾ ਵਿਚ ਹੋਈਏ ਜਾਂ ਨਾਂ, ਅਸੀਂ ਇਸ ਮੁੱਦੇ ’ਤੇ ਕਦੇ ਚੁੱਪੀ ਨਹੀਂ ਧਾਰੀ। ਸਾਡੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 5 ਅਗਸਤ, 2019 ਨੂੰ ਪਾਰਲੀਮੈਂਟ ਵਿਚ ਸਪੱਸ਼ਟ ਕਿਹਾ ਸੀ ਕਿ ਜਦੋਂ ਵੀ ਮੈਂ ਕਸ਼ਮੀਰ ਦਾ ਨਾਮ ਲੈਂਦਾ ਹਾਂ ਤਾਂ ਇਸ ਦਾ ਮਤਲਬ ਪਾਕਿ ਕਬਜ਼ੇ ਵਾਲੇ ਕਸ਼ਮੀਰ ਦੇ ਨਾਲ ਹੈ। ਪੂਰਾ ਕਸ਼ਮੀਰ ਸਾਡੇ ਭਾਰਤ ਦਾ ਅਨਿੱਖੜਵਾਂ ਅੰਗ ਹੈ ਅਤੇ ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਪੂਰੇ ਕਸ਼ਮੀਰ ਲਈ ਮੈਂ ਆਪਣੀ ਜਾਨ ਤੱਕ ਦੇ ਦੇਵਾਂਗਾ। ਮਤਲਬ ਪਾਕਿ ਦੇ ਕਬਜ਼ੇ ਵਾਲਾ ਕਸ਼ਮੀਰ ਜਦੋਂ ਤਕ ਸਾਡੇ ਕੋਲ ਵਾਪਸ ਨਹੀਂ ਆ ਜਾਂਦਾ ਅਸੀਂ ਚੁੱਪ ਨਹੀਂ ਬੈਠਾਂਗੇ। ਅੱਜ ਵੀ ਜੰਮੂ-ਕਸ਼ਮੀਰ ਦੀ ਵਿਧਾਨਸਭਾ ਵਿਚ ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ ਦੀਆਂ 24 ਸੀਟਾਂ ਅਸੀਂ ਖਾਲੀ ਰੱਖਦੇ ਹਾਂ ਕਿ ਜਿਵੇਂ ਹੀ ਸਥਿਤੀਆਂ ਸਾਡੇ ਹੱਕ ਵਿਚ ਹੋਣਗੀਆਂ, ਇਨ੍ਹਾਂ ਸੀਟਾਂ ’ਤੇ ਸਾਡੇ ਚੁਣੇ ਹੋਏ ਪ੍ਰਤੀਨਿਧੀ ਵਿਧਾਨਸਭਾ ਵਿਚ ਮੌਜੂਦ ਹੋਣਗੇ। ‘ਧਾਰਾ 370 ਹੁਣ ਇਤਿਹਾਸ ਦਾ ਹਿੱਸਾ, ਇਸ ’ਤੇ ਮੁੜਵਿਚਾਰ ਦੀ ਗਲਤਫਹਿਮੀ ਪਾਲਣਾ ਖੁਦ ਨੂੰ ਭਰਮ ਵਿਚ ਰੱਖਣਾ ਹੈ’
ਸਵਾਲ : ਧਾਰਾ 370 ਹਟਾਉਣ ਨੂੰ ਲੈ ਕੇ ਫਾਰੂਖ ਅਬਦੁੱਲਾ ਅਤੇ ਮਹਿਬੂਬਾ ਮੁਫਤੀ ਆਦਿ ਕਸ਼ਮੀਰੀ ਨੇਤਾ ਹਾਲੇ ਵੀ ਸਹਿਮਤ ਨਹੀਂ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਕੋਈ ਨਵੀਂ ਸਰਕਾਰ ਸ਼ਾਇਦ ਇਸ ’ਤੇ ਮੁੜਵਿਚਾਰ ਕਰੇ, ਸਰਕਾਰ ਅਜਿਹੇ ਨੇਤਾਵਾਂ ਨੂੰ ਕਿਵੇਂ ਮਨਾਵੇਗੀ?
ਜਵਾਬ : ਭਾਜਪਾ ਦਾ ਵਿਜ਼ਨ ਇੱਕਦਮ ਸਪੱਸ਼ਟ ਹੈ ਕਿ ਧਾਰਾ 370 ਸੰਵਿਧਾਨ ਦੀ ਇੱਕ ਅਸਥਾਈ ਵਿਵਸਥਾ ਸੀ, ਜਿਸਨੂੰ ਬਹੁਤ ਪਹਿਲਾਂ ਹੀ ਖ਼ਤਮ ਕਰ ਦਿੱਤਾ ਜਾਣਾ ਚਾਹੀਦਾ ਸੀ ਪਰ ਸਾਬਕਾ ਸਰਕਾਰਾਂ ਦੇ ਢਿੱਲੇ ਰਵੱਈਏ ਨੇ ਇਸ ਨੂੰ ਇੱਕ ਨਾਸੂਰ ਬਣਾ ਦਿੱਤਾ ਅਤੇ ਜੰਮੂ-ਕਸ਼ਮੀਰ ਨੂੰ ਸਦੀਆਂ ਪਿੱਛੇ ਧੱਕ ਦਿੱਤਾ। ਅਸੀਂ ਭਾਰਤ ਦੀ ਏਕਤਾ ਅਤੇ ਅਖੰਡਤਾ ਦਾ ਪਾਲਣ ਕਰਨ ਵਾਲੇ ਹਾਂ। ਧਾਰਾ 370 ਹੁਣ ਇੱਕ ਇਤਿਹਾਸ ਬਣ ਕੇ ਰਹਿ ਗਈ ਹੈ। ਉਮੀਦਾਂ ਪਾਲਣਾ ਕਿਸੇ ਦਾ ਸ਼ੌਕ ਹੋ ਸਕਦਾ ਹੈ ਪਰ ਗਲਤਫਹਿਮੀ ਪਾਲਣਾ ਖੁਦ ਨੂੰ ਭਰਮ ਵਿਚ ਰੱਖਣਾ ਹੈ।
ਸਵਾਲ : ਮਹਿਬੂਬਾ ਮੁਫਤੀ ਨੇ ਕਿਹਾ ਹੈ ਕਿ ਜੇਕਰ ਕਸ਼ਮੀਰ ਦੇ ਲੋਕਾਂ ਨੂੰ ਸਕੂਨ ਮਿਲਦਾ ਹੈ ਤਾਂ ਪਾਕਿਸਤਾਨ ਨਾਲ ਵੀ ਗੱਲ ਕਰਨੀ ਚਾਹੀਦੀ ਹੈ, ਤੁਸੀਂ ਇਸ ਗੱਲ ਨਾਲ ਕਿੰਨਾ ਸਹਿਮਤ ਹੋ?
ਜਵਾਬ : ਕਸ਼ਮੀਰ ਸਾਡਾ ਅੰਦਰੂਨੀ ਮਾਮਲਾ ਹੈ ਅਤੇ ਅਸੀਂ ਇਸ ’ਤੇ ਪੂਰੀ ਮਜ਼ਬੂਤੀ ਨਾਲ ਠੋਸ ਕਦਮਾਂ ਨਾਲ ਅੱਗੇ ਵਧ ਰਹੇ ਹਾਂ। ਪਾਕਿਸਤਾਨ ਦਾ ਇਸ ਨਾਲ ਦੂਰ-ਦੂਰ ਤੱਕ ਕੋਈ ਸਬੰਧ ਨਹੀਂ ਹੈ। ਜਿੱਥੋਂ ਤੱਕ ਕਸ਼ਮੀਰ ਦੇ ਲੋਕਾਂ ਦੇ ਸਕੂਨ ਦੀ ਗੱਲ ਹੈ ਉਨ੍ਹਾਂ ਦਾ ਸਕੂਨ ਤਾਂ ਧਾਰਾ 370 ਦੇ ਹਟਦੇ ਹੀ ਜਗ-ਜ਼ਾਹਿਰ ਹੋ ਗਿਆ। ਉਨ੍ਹਾਂ ਦੀ ਉਮੰਗ ਅਤੇ ਉਤਸ਼ਾਹ ਵੇਖਦੇ ਹੀ ਬਣਦਾ ਸੀ ਹੋਰ ਤਾਂ ਹੋਰ ਪਾਕਿ ਅਧਿਕਾਰਤ ਕਸ਼ਮੀਰ ਵਿਚ ਫਸੇ ਸਾਡੇ ਲੋਕ ਆਪਣੀ ਦੁਰਦਸ਼ਾ ’ਤੇ ਖੂਨ ਦੇ ਹੰਝੂ ਰੋ ਰਹੇ ਹਨ। ਜਦੋਂ ਤੋਂ ਉਨ੍ਹਾਂ ਨੇ ਕਸ਼ਮੀਰ ਵਿਚ ਮੋਦੀ ਦੇ ਵਿਕਾਸ ਦੀਆਂ ਕਹਾਣੀਆਂ ਸੁਣੀਆਂ ਹਨ ਉਹ ਭਾਰਤ ਦੇ ਪ੍ਰਧਾਨ ਮੰਤਰੀ ਵੱਲ ਆਸ ਦੀਆਂ ਨਿਗਾਹਾਂ ਨਾਲ ਵੇਖ ਰਹੇ ਹਨ ਕਿ ਕਦੋਂ ਪਾਕਿ ਅਧਿਕਾਰਤ ਕਸ਼ਮੀਰ ’ਤੇ ਉਨ੍ਹਾਂ ਦੀਆਂ ਨਜ਼ਰਾਂ ਇਨਾਇਤ ਹੋਣਗੀਆਂ। ‘ਕਸ਼ਮੀਰੀ ਪੰਡਿਤਾਂ ਦਾ ਵਿਸ਼ਾ ਸ਼ੁਰੂ ਤੋਂ ਹੀ ਭਾਜਪਾ ਉਠਾਉਂਦੀ ਰਹੀ ਹੈ’
ਸਵਾਲ : ਕਸ਼ਮੀਰੀ ਪੰਡਤਾਂ ਦੇ ਮੁੜਵਸੇਬੇ ਦਾ ਕੀ ਬਣਿਆ। ਭਾਜਪਾ ਇਸ ਨੂੰ ਚੋਣ ਮੁੱਦਾ ਤੱਕ ਬਣਾ ਚੁੱਕੀ ਹੈ।
ਜਵਾਬ : ਕਸ਼ਮੀਰੀ ਪੰਡਿਤਾਂ ਦੇ ਪੁਨਰਵਾਸ ਲਈ ਭਾਰਤ ਸਰਕਾਰ ਵਚਨਬੱਧ ਹੈ। ਭਾਜਪਾ ਵਚਨਬੱਧਤਾ ਵਿਚ ਆਪਣੀ ਮਿਸਾਲ ਕਾਇਮ ਕਰ ਚੁੱਕੀ ਹੈ। ਧਾਰਾ 370 ਅਤੇ 35-ਏ ਹਟਾਉਣ ਲਈ ਭਾਜਪਾ ਆਪਣੇ ਚੋਣ ਮੈਨੀਫੈਸਟੋ ਵਿਚ ਕਹਿੰਦੀ ਆਈ ਸੀ। ਕੇਂਦਰ ਵਿਚ ਸਰਕਾਰ ਬਣਦੇ ਹੀ ਇਸ ਨੂੰ ਹਟਾਇਆ। ਕਸ਼ਮੀਰੀ ਪੰਡਿਤਾਂ ਦਾ ਪੁਨਰਵਾਸ ਵੀ ਸਾਡੇ ਪ੍ਰਮੁੱਖ ਕੰਮਾਂ ਵਿਚੋਂ ਇੱਕ ਹੈ। ਕੇਂਦਰ ਸਰਕਾਰ ਅਤੇ ਭਾਜਪਾ ਦੋਵੇਂ ਹੀ ਇਸ ਲਈ ਯੋਜਨਾਵਾਂ ਬਣਾ ਰਹੀਆਂ ਹਨ। ਜਲਦੀ ਹੀ ਇਸ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।
ਸਵਾਲ : ਹਾਲ ਹੀ ਵਿਚ ਕੇਂਦਰ ਨੇ ਕਸ਼ਮੀਰੀ ਨੇਤਾਵਾਂ ਨਾਲ ਪਹਿਲੀ ਵਾਰ ਬੈਠਕ ਕੀਤੀ ਸੀ, ਉਸ ਵਿਚ ਕਸ਼ਮੀਰੀ ਪੰਡਿਤਾਂ ਦੇ ਵਫ਼ਦ ਨੂੰ ਕਿਉਂ ਨਹੀਂ ਸੱਦਿਆ ਗਿਆ, ਜਦਕਿ ਉਹ ਵੀ ਕਸ਼ਮੀਰ ਦਾ ਪ੍ਰਮੁੱਖ ਅੰਗ ਹਨ।
ਜਵਾਬ : ਮੋਦੀ ਜੀ ਨੇ 24 ਜੂਨ ਨੂੰ ਦਿੱਲੀ ਵਿਚ ਆਲ ਪਾਰਟੀ ਮੀਟਿੰਗ ਬੁਲਾਈ ਸੀ, ਉਸ ਵਿਚ ਜੰਮੂ ਕਸ਼ਮੀਰ ਦੀਆਂ 8 ਰਾਜਨੀਤਕ ਪਾਰਟੀਆਂ ਦੇ ਮੁਖੀ ਅਤੇ ਸਾਬਕਾ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀਆਂ ਨੂੰ ਸੱਦਿਆ ਗਿਆ ਸੀ। ਕਸ਼ਮੀਰੀ ਪੰਡਿਤਾਂ ਦਾ ਵਿਸ਼ਾ ਸ਼ੁਰੂ ਤੋਂ ਹੀਭਾਜਪਾ ਉਠਾਉਂਦੀ ਰਹੀ ਹੈ, ਇਸ ਮੁੱਦੇ ’ਤੇ ਲੜਦੀ ਰਹੀ ਹੈ, ਅਸੀਂ ਪਹਿਲਾਂ ਵੀ ਇਹ ਮੁੱਦਾ ਚੁੱਕਿਆ ਸੀ, ਅੱਗੇ ਵੀ ਇਨਸਾਫ ਦਿਵਾਉਣ ਲਈ ਉਚਿਤ ਕਾਰਜ ਕਰਦੇ ਰਹਾਂਗੇ।
'ਭਗਵੰਤ ਮਾਨ' ਦੇ ਬਿਜਲੀ ਸਮਝੌਤਿਆਂ ਬਾਰੇ ਕਾਂਗਰਸ 'ਤੇ ਵੱਡੇ ਦੋਸ਼, ਨਵਜੋਤ ਸਿੱਧੂ ਨੂੰ ਵੀ ਕੀਤਾ ਚੈਲੰਜ
NEXT STORY