ਨੈਸ਼ਨਲ ਡੈਸਕ- ਰਾਜਸਥਾਨ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਕੋਟਾ ਜ਼ਿਲ੍ਹੇ ਦੇ ਰੋਜ਼ਾਦੀ ਇਲਾਕੇ ਵਿੱਚ ਇੱਕ 32 ਸਾਲਾ ਔਰਤ ਅਤੇ ਉਸਦੀ 8 ਸਾਲਾ ਧੀ ਦੀਆਂ ਆਪਣੇ ਕਿਰਾਏ ਦੇ ਘਰ ਵਿੱਚ ਲਾਸ਼ਾਂ ਬਰਾਮਦ ਹੋਈਆਂ ਹਨ। ਉਨ੍ਹਾਂ ਦੀ ਪਛਾਣ ਜੋਤੀ (32) ਅਤੇ ਪਲਕ (8) ਵਜੋਂ ਹੋਈ ਹੈ।
ਜਾਣਕਾਰੀ ਦਿੰਦੇ ਹੋਏ ਜੋਤੀ ਦੇ ਪਰਿਵਾਰ ਨੇ ਦੱਸਿਆ ਕਿ ਜਦੋਂ ਉਹ ਘਰ ਪਹੁੰਚੇ ਤਾਂ ਘਰ ਵਿੱਚੋਂ ਗਹਿਣੇ ਗਾਇਬ ਸਨ, ਅਲਮਾਰੀਆਂ ਖੁੱਲ੍ਹੀਆਂ ਸਨ ਅਤੇ ਘਰ ਦਾ ਸਮਾਨ ਖਿੱਲਰਿਆ ਹੋਇਆ ਸੀ, ਜਿਸ ਨਾਲ ਉਨ੍ਹਾਂ ਨੂੰ ਘਰ 'ਚ ਲੁੱਟ-ਖੋਹ ਦਾ ਸ਼ੱਕ ਹੈ। ਪੁਲਸ ਨੇ ਕਿਹਾ ਕਿ ਜੋਤੀ ਦਾ ਡੇਢ ਸਾਲ ਦਾ ਪੁੱਤਰ ਉਸ ਦੇ ਪੰਘੂੜੇ ਵਿੱਚ ਜ਼ਿੰਦਾ ਮਿਲਿਆ ਹੈ। ਲੰਬੇ ਸਮੇਂ ਤੱਕ ਰੋਣ ਕਾਰਨ ਉਹ ਬੇਹੋਸ਼ ਹੋ ਗਿਆ ਤਾਂ ਉਸ ਦੇ ਪਿਤਾ ਉਸ ਨੂੰ ਹਸਪਤਾਲ ਲੈ ਗਏ।
ਜੋਤੀ ਦੇ ਪਤੀ ਭਗਵਾਨ ਵੈਸ਼ਨਵ ਨੇ ਕਿਹਾ ਕਿ ਉਹ ਰਾਤ 8 ਵਜੇ ਦੇ ਕਰੀਬ ਕੰਮ ਤੋਂ ਵਾਪਸ ਆਇਆ ਤਾਂ ਉਸਨੂੰ ਉਸ ਦੀ ਧੀ ਖੂਨ ਨਾਲ ਲੱਥਪੱਥ ਮਿਲੀ। ਗੁਆਂਢੀਆਂ ਦੀ ਮਦਦ ਨਾਲ ਉਸ ਨੂੰ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੌਰਾਨ ਪਰਿਵਾਰ ਦੇ ਹੋਰ ਮੈਂਬਰਾਂ ਨੇ ਜੋਤੀ ਦੀ ਲਾਸ਼ ਰਸੋਈ ਵਿੱਚੋਂ ਲੱਭੀ ਅਤੇ ਉਸਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਵੀ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ- ਲਓ ਜੀ..; ਹੁਣ 'ਸ਼ੂਗਰ' ਦੇ ਮਰੀਜ਼ਾਂ ਨੂੰ ਨਹੀਂ ਮਿਲੇਗਾ ਅਮਰੀਕਾ ਦਾ ਵੀਜ਼ਾ !
ਜੋਤੀ ਦੇ ਜੀਜਾ ਨੇ ਅੱਗੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਜੋਤੀ ਦੀ ਲਾਸ਼ ਮਿਲੀ, ਤਾਂ ਗੈਸ ਸਟੋਵ 'ਤੇ ਰੋਟੀਆਂ ਸਨ ਅਤੇ ਨੇੜੇ ਹੀ ਗੁੰਨਿਆ ਹੋਇਆ ਆਟਾ ਪਿਆ ਸੀ। ਉਸ ਨੇ ਇਹ ਵੀ ਕਿਹਾ ਕਿ ਕਮਰੇ ਵਿੱਚ ਤਿੰਨ ਕੱਪ ਚਾਹ ਦੇ ਮਿਲੇ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਉੱਥੇ ਕੋਈ ਮਹਿਮਾਨ ਆਇਆ ਸੀ। ਉਸ ਨੇ ਕਿਹਾ ਕਿ ਜੋਤੀ ਦੇ ਗਹਿਣੇ ਗਾਇਬ ਸਨ, ਜਿਸ ਤੋਂ ਪੁਸ਼ਟੀ ਹੁੰਦੀ ਹੈ ਕਿ ਉਸ ਨਾਲ ਲੁੱਟ-ਖੋਹ ਦੀ ਵਾਰਦਾਤ ਮਗਰੋਂ ਕਤਲ ਕਰ ਦਿੱਤਾ ਗਿਆ ਹੈ।
ਡਿਪਟੀ ਸੁਪਰਡੈਂਟ ਆਫ਼ ਪੁਲਸ (ਡੀ.ਐੱਸ.ਪੀ.) ਮਨੀਸ਼ ਸ਼ਰਮਾ ਨੇ ਦੱਸਿਆ ਕਿ ਫਿਲਹਾਲ ਇਸ ਘਟਨਾ ਸਬੰਧੀ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਆਰੰਭ ਦਿੱਤੀ ਗਈ ਹੈ। ਅਧਿਕਾਰੀ ਨੇ ਕਿਹਾ ਕਿ ਮੁਲਜ਼ਮ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਦੋਵਾਂ ਲਾਸ਼ਾਂ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ।
UP ; ਤੰਗ ਕਰ ਰਿਹਾ ਸੀ ਕਾਲਜ ਪ੍ਰਸ਼ਾਸਨ ! ਅੱਕ ਕੇ ਵਿਦਿਆਰਥੀ ਨੇ ਜੋ ਕੀਤਾ, ਦੇਖ ਸਾਰਿਆਂ ਨੂੰ ਪਈਆਂ ਭਾਜੜਾਂ
NEXT STORY