ਅੰਮ੍ਰਿਤਸਰ, (ਛੀਨਾ)- ਰਾਸ਼ਟਰੀ ਸਫਾਈ ਕਰਮਚਾਰੀ ਕਮਿਸ਼ਨ ਦੇ ਉਪ ਚੇਅਰਮੈਨ ਹਰਦੀਪ ਸਿੰਘ ਗਿੱਲ ਨੇ ਅੱਜ ਛੱਤੀਸਗੜ੍ਹ ਦੀ ਆਪਣੀ ਫੇਰੀ ਦੌਰਾਨ ਰਾਮਕ੍ਰਿਸ਼ਨ ਹਸਪਤਾਲ ਘਟਨਾ ਵਿੱਚ ਮਾਰੇ ਗਏ ਗੋਵਿੰਦ ਸੇਂਦਰੇ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ 'ਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਘਟਨਾ ਵਾਲੇ ਦਿਨ ਸਫਾਈ ਦੇ ਕੰਮ ਲਈ ਹਸਪਤਾਲ ਗਿਆ ਸੀ। ਇਸ 'ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਹਰਦੀਪ ਗਿੱਲ ਨੇ ਕਿਹਾ ਕਿ ਭਾਰਤ ਸਰਕਾਰ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਖੜ੍ਹੀ ਹੈ। ਗਿੱਲ ਨੇ ਤੁਰੰਤ ਹਦਾਇਤ ਕੀਤੀ ਕਿ ਮ੍ਰਿਤਕਾਂ ਦੇ ਪਰਿਵਾਰ ਚੋਂ ਇੱਕ- ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਘਰ ਬਣਾ ਕੇ ਦਿੱਤੇ ਜਾਣ।
ਸ. ਗਿੱਲ ਨੇ ਕਿਹਾ ਕਿ ਉਕਤ ਘਟਨਾ ਵਾਪਰਨ ਤੋਂ 24 ਘੰਟਿਆਂ ਦੇ ਵਿੱਚ ਹੀ ਪੀੜਤ ਪਰਿਵਾਰਾਂ ਨੂੰ 30-30 ਲੱਖ ਰੁਪਏ ਦੀ ਸਹਾਇਤਾ ਵੀ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜਿੱਥੇ ਵੀ ਲੋੜ ਹੋਵੇਗੀ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗੀ। ਇਸ ਤੋਂ ਬਾਅਦ ਸ. ਗਿੱਲ ਰਾਮਕ੍ਰਿਸ਼ਨ ਹਸਪਤਾਲ ਪਹੁੰਚੇ ਅਤੇ ਘਟਨਾ ਵਾਲੀ ਥਾਂ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਹਸਪਤਾਲ ਪ੍ਰਬੰਧਨ ਤੋਂ ਘਟਨਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਲਈ ਖਾਸ ਕਰਕੇ ਗੈਸ ਲੀਕ ਦੀ ਸਥਿਤੀ ਅਤੇ ਉਪਲਬਧ ਸੁਰੱਖਿਆ ਸਰੋਤਾਂ ਬਾਰੇ ਪੁੱਛਗਿੱਛ ਕੀਤੀ। ਨਿਰੀਖਣ ਦੌਰਾਨ ਸ. ਗਿੱਲ ਨੇ ਕਿਹਾ ਕਿ ਹੱਥੀਂ ਮੈਲਾ ਢੋਣ 'ਤੇ ਪੂਰੀ ਤਰ੍ਹਾਂ ਪਾਬੰਦੀ ਹੈ ਅਤੇ ਅਜਿਹੇ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਸਵੀਕਾਰਯੋਗ ਨਹੀਂ ਹੈ।
ਉਨ੍ਹਾਂ ਹਸਪਤਾਲ ਪ੍ਰਬੰਧਨ ਨੂੰ ਹਦਾਇਤ ਕੀਤੀ ਕਿ ਸੀਵਰੇਜ ਅਤੇ ਸਫਾਈ ਦੇ ਕੰਮ ਦੌਰਾਨ ਸਾਰੇ ਜ਼ਰੂਰੀ ਸੁਰੱਖਿਆ ਮਾਪਦੰਡਾਂ ਅਤੇ ਉਪਕਰਣਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਸਫਾਈ ਕਰਮਚਾਰੀਆਂ ਦੀ ਸੁਰੱਖਿਆ ਇੱਕ ਪ੍ਰਮੁੱਖ ਤਰਜੀਹ ਹੈ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਦੁਹਰਾਉਣ ਤੋਂ ਰੋਕਣ ਲਈ ਸਾਰੇ ਨਿਰਧਾਰਤ ਮਾਪਦੰਡਾਂ ਦੀ ਸਖ਼ਤੀ ਨਾਲ ਪਾਲਣਾ ਜ਼ਰੂਰੀ ਹੈ।
ਇਸ ਮੌਕੇ ਨਗਰ ਨਿਗਮ ਕਮਿਸ਼ਨਰ ਵਿਸ਼ਵਦੀਪ, ਨਿਗਮ ਡਿਪਟੀ ਕਮਿਸ਼ਨਰ ਵਿਨੋਦ ਪਾਂਡੇ, ਸਹਾਇਕ ਪੁਲਸ ਕਮਿਸ਼ਨਰ ਪੁਰਾਣੀ ਬਸਤੀ ਦੇਵਾਂਸ਼ ਸਿੰਘ ਰਾਠੌਰ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਸ ਵਿਭਾਗ ਦੇ ਅਧਿਕਾਰੀ ਮੌਜੂਦ ਸਨ।
ਹਰਿਆਣਾ ਸਰਕਾਰ ਵੱਲੋਂ 23 IAS ਅਫ਼ਸਰਾਂ ਦਾ ਤਬਾਦਲਾ, ਪੜ੍ਹੋ ਸੂਚੀ
NEXT STORY