ਨਵੀਂ ਦਿੱਲੀ - ਕੈਂਸਰ ਦੇ ਮਰੀਜ਼ਾਂ ਲਈ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਇਕ ਨਵੇਂ ਅਧਿਐਨ ’ਚ ਪਤਾ ਲੱਗਾ ਹੈ ਕਿ ਘੱਟ ਡੋਜ਼ ਵਿੱਚ ਦਿੱਤੀ ਜਾਣ ਵਾਲੀ ਥੈਰੇਪੀ ਵੀ ਉਨੀ ਹੀ ਅਸਰਦਾਰ ਸਾਬਤ ਹੋ ਸਕਦੀ ਹੈ, ਜਿੰਨੀ ਕਿ ਰਵਾਇਤੀ ਉੱਚ ਡੋਜ਼ ਵਾਲਾ ਇਲਾਜ। ਇਸ ਖੋਜ ਨਾਲ ਇਲਾਜ ਸਸਤਾ ਅਤੇ ਵਧੇਰੇ ਸੁਲਭ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਦੇਸ਼ ਵਿਚ ਛਾਤੀ ਦੇ ਕੈਂਸਰ ਦੀ ਸਭ ਤੋਂ ਹਮਲਾਵਰ ਕਿਸਮ ਟ੍ਰਿਪਲ-ਨੈਗੇਟਿਵ ਬ੍ਰੈਸਟ ਕੈਂਸਰ (ਟੀ. ਐੱਨ. ਬੀ. ਸੀ.) ਦੇ ਮਰੀਜ਼ਾਂ ’ਤੇ ਕੀਤੇ ਗਏ ਇਸ ਅਧਿਐਨ ਵਿਚ ਸਕਾਰਾਤਮਕ ਨਤੀਜੇ ਸਾਹਮਣੇ ਆਏ ਹਨ। ਖੋਜ ਅਨੁਸਾਰ, ਇਮਿਊਨੋਥੈਰੇਪੀ ਦਵਾਈ ਪੇਮਬਰੋਲੀਜ਼ੁਮੈਬ ਨੂੰ ਘੱਟ ਡੋਜ਼ ਵਿਚ ਦੇਣ ’ਤੇ ਵੀ ਮਰੀਜ਼ਾਂ ’ਚ ਬਿਹਤਰ ਪ੍ਰਤੀਕਿਰਿਆ ਦੇਖਣ ਨੂੰ ਮਿਲੀ।
ਅਧਿਐਨ ਤਹਿਤ ਸਟੇਜ-2 ਅਤੇ ਸਟੇਜ-3 ਦੇ 150 ਤੋਂ ਵੱਧ ਮਰੀਜ਼ਾਂ ਨੂੰ ਸ਼ਾਮਲ ਕੀਤਾ ਗਿਆ, ਜਦਕਿ ਕੁੱਲ 200 ਮਰੀਜ਼ਾਂ ਨੂੰ ਸ਼ਾਮਲ ਕਰਨ ਦਾ ਟੀਚਾ ਰੱਖਿਆ ਗਿਆ ਹੈ। ਮਰੀਜ਼ਾਂ ਨੂੰ 2 ਗਰੁੱਪਾਂ ’ਚ ਵੰਡਿਆ ਗਿਆ। ਇਸ ਵਿਚ ਇਕ ਨੂੰ ਸਿਰਫ਼ ਕੀਮੋਥੈਰੇਪੀ ਦਿੱਤੀ ਗਈ, ਜਦਕਿ ਦੂਜੇ ਗਰੁੱਪ ਨੂੰ ਕੀਮੋਥੈਰੇਪੀ ਦੇ ਨਾਲ ਹਰ 3 ਹਫ਼ਤੇ ਵਿਚ 50 ਮਿਲੀਗ੍ਰਾਮ ਦੀ ਘੱਟ ਡੋਜ਼ ਵਿਚ ਇਮਿਊਨੋਥੈਰੇਪੀ ਦਿੱਤੀ ਗਈ।
ਖੋਜ ’ਚ ਪਾਇਆ ਗਿਆ ਕਿ ਘੱਟ ਡੋਜ਼ ਵਾਲੀ ਥੈਰੇਪੀ ਲਗਭਗ ਸਾਰੀਆਂ ਕਿਸਮਾਂ ਦੇ ਮਰੀਜ਼ਾਂ ਵਿਚ ਅਸਰਦਾਰ ਰਹੀ। ਡਾਕਟਰਾਂ ਅਨੁਸਾਰ ਇਸ ਇਲਾਜ ਨਾਲ ਟਿਊਮਰ ਦੇ ਸਾਈਜ਼ ਵਿਚ ਕਮੀ ਆਈ ਅਤੇ ਮਰੀਜ਼ਾਂ ਦੀ ਰਿਕਵਰੀ ਬਿਹਤਰ ਰਹੀ। ਇਸ ਮਹੱਤਵਪੂਰਨ ਅਧਿਐਨ ਨੂੰ ਭਾਰਤੀ ਆਯੁਰਵਿਗਿਆਨ ਖੋਜ ਕੌਂਸਲ (ਆਈ. ਸੀ. ਐੱਮ. ਆਰ.) ਦਾ ਸਹਿਯੋਗ ਮਿਲਿਆ ਹੈ। ਖੋਜਕਰਤਾਵਾਂ ਦਾ ਮੰਨਣਾ ਹੈ ਕਿ ਜੇਕਰ ਘੱਟ ਡੋਜ਼ ਵਿਚ ਵੀ ਬਰਾਬਰ ਪ੍ਰਭਾਵ ਮਿਲਦਾ ਹੈ, ਤਾਂ ਇਹ ਭਾਰਤ ਵਰਗੇ ਦੇਸ਼ਾਂ ਲਈ ਇਕ ਵੱਡੀ ਉਪਲਬਧੀ ਹੋਵੇਗੀ, ਜਿੱਥੇ ਮਹਿੰਗੇ ਇਲਾਜ ਤੱਕ ਸਾਰਿਆਂ ਦੀ ਪਹੁੰਚ ਨਹੀਂ ਹੁੰਦੀ।
ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖਬਰ, ਜਾਰੀ ਹੋਈ ਨਵੀਂ ਐਡਵਾਇਜ਼ਰੀ
NEXT STORY