ਨਵੀਂ ਦਿੱਲੀ : ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀ ਦੀ ਚਲਾਈ ਜਾ ਰਹੀ ਵਿਸ਼ੇਸ਼ ਗਹਿਣ ਪੁਨਰ-ਰੀਖਣ (SIR3) ਪ੍ਰਕਿਰਿਆ ਖ਼ਿਲਾਫ਼ ਵਿਰੋਧੀ ਧਿਰਾਂ ਅਤੇ ਕਾਕਰੋਚ ਜਨਤਾ ਪਾਰਟੀ (CJP) ਵੱਲੋਂ ਵਿੱਢੇ ਗਏ ਅੰਦੋਲਨ ਵਿੱਚ ਹੁਣ ਇੱਕ ਹੋਰ ਵੱਡਾ ਨਾਂ ਸ਼ਾਮਲ ਹੋਣ ਜਾ ਰਿਹਾ ਹੈ। 23 ਅਕਤੂਬਰ ਨੂੰ ਆਯੋਜਿਤ ਹੋਣ ਵਾਲੇ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਵਿੱਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਪਤੀ ਅਤੇ ਪ੍ਰਸਿੱਧ ਅਰਥਸ਼ਾਸਤਰੀ ਪਰਕਲਾ ਪ੍ਰਭਾਕਰ ਵੀ ਸ਼ਾਮਲ ਹੋਣਗੇ। ਉਨ੍ਹਾਂ ਨੇ ਖ਼ੁਦ ਆਪਣੇ ਸੋਸ਼ਲ ਮੀਡੀਆ ਖਾਤੇ 'ਐਕਸ' (X) 'ਤੇ ਪੋਸਟ ਸਾਂਝੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਪ੍ਰਦਰਸ਼ਨ ਵਿੱਚ 'CJP' ਦੇ ਸੰਸਥਾਪਕ ਅਭਿਜੀਤ ਦੀਪਕੇ ਅਤੇ ਅਦਾਕਾਰ ਪ੍ਰਕਾਸ਼ ਰਾਜ ਸਮੇਤ ਕਈ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।
'ਪੀਪਲ ਅਗੇਂਸਟ SIR' ਗਠਜੋੜ ਵੱਲੋਂ 23 ਅਕਤੂਬਰ ਨੂੰ ਹੋਣ ਵਾਲੇ ਇਸ ਅੰਦੋਲਨ ਤਹਿਤ ਆਮ ਲੋਕਾਂ ਨੂੰ ਆਪਣੇ-ਆਪਣੇ ਇਲਾਕਿਆਂ ਵਿੱਚ ਸੜਕਾਂ 'ਤੇ ਉਤਰਨ ਦੀ ਅਪੀਲ ਕੀਤੀ ਗਈ ਹੈ। ਗਠਜੋੜ ਨੇ ਪ੍ਰਦਰਸ਼ਨ ਲਈ "ਹਰ ਹੱਥ 'ਚ ਤਿਰੰਗਾ, ਹਰ ਗਲੀ 'ਚ ਜੰਤਰ-ਮੰਤਰ" ਦਾ ਨਾਅਰਾ ਬੁਲੰਦ ਕੀਤਾ ਹੈ। ਪ੍ਰਦਰਸ਼ਨਕਾਰੀਆਂ ਦੀ ਮੰਗ ਹੈ ਕਿ SIR ਦੀ ਪ੍ਰਕਿਰਿਆ ਨੂੰ ਤੁਰੰਤ ਰੋਕਿਆ ਜਾਵੇ ਅਤੇ ਮੁੱਖ ਚੋਣ ਕਮਿਸ਼ਨਰ (CEC) ਗਿਆਨੇਸ਼ ਕੁਮਾਰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ।
ਪਰਕਲਾ ਪ੍ਰਭਾਕਰ ਨੇ 'ਐਕਸ' 'ਤੇ ਲਿਖਿਆ, "ਹਰ ਗਲੀ 'ਚ ਜੰਤਰ-ਮੰਤਰ! ਸ਼ੁੱਕਰਵਾਰ, 23 ਅਕਤੂਬਰ, 2026, ਲੋਕਤੰਤਰ ਦੀ ਬਹਾਲੀ ਲਈ ਜਨ-ਮਾਰਚ"। ਉਨ੍ਹਾਂ ਵੱਲੋਂ ਸ਼ੇਅਰ ਕੀਤੇ ਗਏ ਪੋਸਟਰ ਵਿੱਚ ਪ੍ਰਸ਼ਾਂਤ ਭੂਸ਼ਨ, ਰਾਕੇਸ਼ ਟਿਕੈਤ, ਨੇਹਾ ਬੋਰਾ ਅਤੇ ਲੇਖਕ ਤੁਸ਼ਾਰ ਗਾਂਧੀ ਦੀਆਂ ਤਸਵੀਰਾਂ ਵੀ ਸ਼ਾਮਲ ਹਨ, ਜਿਸ ਤੋਂ ਇਨ੍ਹਾਂ ਆਗੂਆਂ ਦੇ ਵੀ ਅੰਦੋਲਨ 'ਚ ਸ਼ਾਮਲ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਗਠਜੋੜ ਨੇ ਵਿਰੋਧੀ 'ਇੰਡੀਆ' (INDIA) ਗਠਜੋੜ ਦੀਆਂ ਪਾਰਟੀਆਂ ਨੂੰ ਵੀ ਇਸ ਅੰਦੋਲਨ ਨੂੰ ਸਮਰਥਨ ਦੇਣ ਦੀ ਅਪੀਲ ਕੀਤੀ ਹੈ।
ਜ਼ਿਕਰਯੋਗ ਹੈ ਕਿ ਅਰਥਸ਼ਾਸਤਰੀ ਪਰਕਲਾ ਪ੍ਰਭਾਕਰ ਇਸ ਤੋਂ ਪਹਿਲਾਂ ਵੀ SIR ਖ਼ਿਲਾਫ਼ ਵਿਰੋਧ ਪ੍ਰਦਰਸ਼ਨਾਂ ਵਿੱਚ ਹਿੱਸਾ ਲੈ ਚੁੱਕੇ ਹਨ। 8 ਅਕਤੂਬਰ ਨੂੰ ਬੈਂਗਲੁਰੂ ਦੇ ਫ੍ਰੀਡਮ ਪਾਰਕ ਵਿੱਚ ਆਯੋਜਿਤ ਪ੍ਰੋਗਰਾਮ ਦੌਰਾਨ ਉਨ੍ਹਾਂ ਨੇ ਯੂਟਿਊਬਰ ਧ੍ਰੁਵ ਰਾਠੀ ਅਤੇ ਅਦਾਕਾਰ ਪ੍ਰਕਾਸ਼ ਰਾਜ ਨਾਲ ਮੰਚ ਸਾਂਝਾ ਕੀਤਾ ਸੀ। ਉਹ ਕੇਂਦਰ ਸਰਕਾਰ ਦੀਆਂ ਆਰਥਿਕ ਨੀਤੀਆਂ, ਨੋਟਬੰਦੀ, ਬੇਰੋਜ਼ਗਾਰੀ ਅਤੇ ਲੋਕਤੰਤਰੀ ਮੁੱਦਿਆਂ 'ਤੇ ਵੀ ਲਗਾਤਾਰ ਆਪਣੀ ਆਵਾਜ਼ ਉਠਾਉਂਦੇ ਰਹੇ ਹਨ।
ਸੁਪੌਲ 'ਚ ਅੱਗ ਦਾ ਕਹਿਰ, 50 ਘਰ ਸੜ ਕੇ ਸੁਆਹ
NEXT STORY