ਜਲੰਧਰ, (ਵਿਸ਼ੇਸ਼)- ਕੇਂਦਰੀ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਦਾਅਵਾ ਕੀਤਾ ਹੈ ਕਿ ਈ-20 ਪੈਟਰੋਲ ਵਿਰੁੱਧ ਸੋਸ਼ਲ ਮੀਡੀਆ ’ਤੇ ਮੁਹਿੰਮ ਸਪੱਸ਼ਟ ਰੂਪ ਨਾਲ ਪੈਸੇ ਦੇ ਕੇ ਚਲਾਈ ਗਈ ਇਕ ਸਿਆਸੀ ਸਾਜ਼ਿਸ਼ ਸੀ।
ਉਨ੍ਹਾਂ ਕਿਹਾ ਕਿ ਇਹ ਨਾ ਸਿਰਫ ਈ-20 ਨੂੰ ਫਿਊਲ ਦੇ ਬਦਲ ਵਜੋਂ ਬਦਨਾਮ ਕਰਨ ਦੀ ਕੋਸ਼ਿਸ਼ ਸੀ, ਸਗੋਂ ਮੇਰੇ ਨਿੱਜੀ ਅਕਸ ਨੂੰ ਨੁਕਸਾਨ ਪਹੁੰਚਾਉਣ ਦੀ ਸਾਜ਼ਿਸ਼ ਵੀ ਸੀ।
ਗਡਕਰੀ ਨੇ ਇਹ ਗੱਲ ਦਿੱਲੀ ’ਚ ਸੋਸਾਇਟੀ ਆਫ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਰਜ਼ ਦੇ 65ਵੇਂ ਸਾਲਾਨਾ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਹੀ। ਉਨ੍ਹਾਂ ਸਪੱਸ਼ਟ ਕੀਤਾ ਕਿ ਈ-20 ਪੈਟਰੋਲ (20 ਫੀਸਦੀ ਈਥਾਨੋਲ ਮਿਸ਼ਰਣ ਵਾਲਾ ਪੈਟਰੋਲ) ਬਾਰੇ ਫੈਲਾਏ ਜਾ ਰਹੇ ਭਰਮ ’ਚ ਕੋਈ ਸੱਚਾਈ ਨਹੀਂ ਹੈ।
ਗਡਕਰੀ ਨੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਇਹ ਮੁਹਿੰਮ ਪੈਸੇ ਦੇ ਕੇ ਚਲਾਈ ਗਈ ਸੀ। ਇਸ ’ਚ ਕੋਈ ਤੱਥ ਨਹੀਂ ਹੈ। ਈਥਾਨੋਲ ਮਿਸ਼ਰਣ ਦੀ ਲਾਗਤ-ਪ੍ਰਭਾਵਸ਼ਾਲੀ ਹੈ, ਇਹ ਪ੍ਰਦੂਸ਼ਣ ਨੂੰ ਘਟਾਉਂਦਾ ਹੈ ਅਤੇ ਦੇਸ਼ ਨੂੰ ਊਰਜਾ ਦੇ ਮਾਮਲੇ ’ਚ ਸਵੈ-ਨਿਰਭਰ ਬਣਾਉਣ ’ਚ ਮਦਦ ਕਰਦਾ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਆਟੋਮੋਬਾਈਲ ਕੰਪਨੀਆਂ ਤੇ ਆਟੋਮੋਟਿਵ ਰਿਸਰਚ ਐਸੋਸੀਏਸ਼ਨ ਆਫ ਇੰਡੀਆ ਪਹਿਲਾਂ ਹੀ ਈ-20 ’ਤੇ ਆਪਣੇ ਖੋਜ ਨਤੀਜਿਆਂ ਨੂੰ ਸਪੱਸ਼ਟ ਕਰ ਚੁੱਕੇ ਹਨ। ਇਹ ਮੁੱਦਾ ਸੁਪਰੀਮ ਕੋਰਟ ’ਚ ਵੀ ਉਠਾਇਆ ਗਿਆ ਸੀ। ਉੱਥੇ ਵੀ ਮਿਸ਼ਰਣ ਨੂੰ ਸੁਰੱਖਿਅਤ ਤੇ ਪ੍ਰਭਾਵਸ਼ਾਲੀ ਐਲਾਨਿਆ ਗਿਆ ਸੀ।
ਕਾਂਗਰਸ ਨੇ ਸਵਾਲ ਉਠਾਏ
ਕੁਝ ਦਿਨ ਪਹਿਲਾਂ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ’ਤੇ ਹਿੱਤਾਂ ਦੇ ਟਕਰਾਅ ਦਾ ਦੋਸ਼ ਲਾਇਆ ਸੀ। ਕਾਂਗਰਸ ਦਾ ਕਹਿਣਾ ਹੈ ਕਿ ਗਡਕਰੀ ਜਨਤਕ ਪਲੇਟਫਾਰਮਾਂ ’ਤੇ ਈਥਾਨੋਲ ਉਤਪਾਦਨ ਦੀ ਲਗਾਤਾਰ ਹਮਾਇਤ ਕਰ ਰਹੇ ਹਨ ਕਿਉਂਕਿ ਉਨ੍ਹਾਂ ਦੇ ਦੋਵੇਂ ਪੁੱਤਰ ਈਥਾਨੋਲ ਉਤਪਾਦਨ ਦੇ ਕਾਰੋਬਾਰ ’ਚ ਸਰਗਰਮ ਕੰਪਨੀਆਂ ਨਾਲ ਜੁੜੇ ਹੋਏ ਹਨ।
ਇਸ ਆਧਾਰ ’ਤੇ ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਕਿ ਇਸ ਪੂਰੇ ਮਾਮਲੇ ਦੀ ਜਾਂਚ ਲੋਕਪਾਲ ਰਾਹੀਂ ਕੀਤੀ ਜਾਵੇ।
ਕਿਸਾਨਾਂ ਨੂੰ ਲਗਭਗ 45,000 ਕਰੋੜ ਰੁਪਏ ਦਾ ਫਾਇਦਾ ਹੋਇਆ
ਨਿਤਿਨ ਗਡਕਰੀ ਨੇ ਈ-20 ਪੈਟਰੋਲ ਨੂੰ ਨਾ ਸਿਰਫ਼ ਇਕ ਸਸਤਾ ਸਗੋਂ ਭਾਰਤ ਲਈ ਵਾਤਾਵਰਣ ਅਨੁਕੂਲ ਬਦਲ ਵੀ ਦੱਸਿਆ। ਉਨ੍ਹਾਂ ਕਿਹਾ ਕਿ ਦੇਸ਼ ਹਰ ਸਾਲ ਲਗਭਗ 22 ਲੱਖ ਕਰੋੜ ਰੁਪਏ ਦਾ ਤੇਲ ਦਰਾਮਦ ਕਰਦਾ ਹੈ। ਜੇ ਈਥਾਨੋਲ ਦੀ ਵਰਤੋਂ ਵੱਡੇ ਪੱਧਰ ’ਤੇ ਸ਼ੁਰੂ ਹੁੰਦੀ ਹੈ ਤਾਂ ਇਹ ਪੈਸਾ ਦੇਸ਼ ਦੀ ਆਰਥਿਕਤਾ ’ਚ ਘੁੰਮੇਗਾ ਤੇ ਕਿਸਾਨਾਂ ਨੂੰ ਸਿੱਧਾ ਲਾਭ ਮਿਲੇਗਾ। ਸਰਕਾਰ ਨੇ ਮੱਕੀ ਤੋਂ ਈਥਾਨੋਲ ਦੇ ਉਤਪਾਦਨ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਕਾਰਨ ਕਿਸਾਨਾਂ ਨੂੰ ਹੁਣ ਤੱਕ ਲਗਭਗ 45,000 ਕਰੋੜ ਰੁਪਏ ਦਾ ਫਾਇਦਾ ਹੋਇਆ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਉੱਤਰ ਪ੍ਰਦੇਸ਼ ਤੇ ਬਿਹਾਰ ਵਰਗੇ ਸੂਬਿਆਂ ’ਚ ਇਸ ਸਾਲ ਈਥਾਨੋਲ ਉਤਪਾਦਨ ਨੇ ਇਕ ਨਵਾਂ ਰਿਕਾਰਡ ਕਾਇਮ ਕੀਤਾ ਹੈ।
ਉਦਯੋਗ ਤੇ ਖਪਤਕਾਰਾਂ ਦੀਆਂ ਚਿੰਤਾਵਾਂ
ਕੁਝ ਉਦਯੋਗ ਮਾਹਿਰਾਂ ਤੇ ਸੇਵਾ ਗੈਰਾਜਾਂ ਨੇ ਪੁਰਾਣੇ ਵਾਹਨਾਂ (2023 ਤੋਂ ਪਹਿਲਾਂ ਬਣੇ ਮਾਡਲ) ’ਚ ਤਕਨੀਕੀ ਸ਼ਿਕਾਇਤਾਂ ਬਾਰੇ ਗੱਲ ਕੀਤੀ ਹੈ। ਇਸ ਦੇ ਨਾਲ ਹੀ ਵਾਹਨ ਨਿਰਮਾਣ ਕੰਪਨੀਆਂ ਨੇ ਭਰੋਸਾ ਦਿੱਤਾ ਹੈ ਕਿ ਈ-20 ਲਈ ਤਿਆਰ ਕੀਤੇ ਗਏ ਵਾਹਨਾਂ ਦੀ ਵਾਰੰਟੀ ਪੂਰੀ ਤਰ੍ਹਾਂ ਯੋਗ ਰਹੇਗੀ। ਸਰਕਾਰ ਦਾ ਕਹਿਣਾ ਹੈ ਕਿ ਈਥਾਨੋਲ ਮਿਸ਼ਰਣ ਤੇਲ ਦੀ ਦਰਾਮਦ ਤੇ ਪ੍ਰਦੂਸ਼ਣ ਨੂੰ ਘਟਾਏਗਾ। ਨਾਲ ਹੀ ਕਿਸਾਨਾਂ ਦੀ ਆਮਦਨ ’ਚ ਵੀ ਵਾਧਾ ਕਰੇਗਾ।
ਭਾਰਤ ਨੂੰ ਨੰਬਰ ਇਕ ਬਣਾਉਣ ਦਾ ਟੀਚਾ
ਗਡਕਰੀ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਮੰਤਰਾਲਾ ਸੰਭਾਲਿਆ ਸੀ ਤਾਂ ਭਾਰਤ ਦਾ ਆਟੋਮੋਬਾਈਲ ਉਦਯੋਗ 14 ਲੱਖ ਕਰੋੜ ਰੁਪਏ ਦਾ ਸੀ। ਇਹ ਵਿਸ਼ਵ ਪੱਧਰ ’ਤੇ ਸੱਤਵੇਂ ਨੰਬਰ ’ਤੇ ਸੀ। ਇਸ ਸਮੇਂ ਇਹ 22 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ ਤੇ ਤੀਜੇ ਨੰਬਰ ’ਤੇ ਹੈ।
ਉਨ੍ਹਾਂ ਕਿਹਾ ਕਿ ਅਮਰੀਕਾ ਦਾ ਆਟੋ ਉਦਯੋਗ 78 ਲੱਖ ਕਰੋੜ ਰੁਪਏ ਦਾ ਹੈ, ਚੀਨ ਦਾ 47 ਲੱਖ ਕਰੋੜ ਤੇ ਭਾਰਤ ਦਾ 22 ਲੱਖ ਕਰੋੜ ਰੁਪਏ ਦਾ ਹੈ। ਨਵੀਂ ਤਕਨਾਲੋਜੀ, ਬੈਟਰੀ ਦੀ ਨਵੀਨਤਾ ਤੇ ਗੁਣਵੱਤਾ ਦੇ ਆਧਾਰ ’ਤੇ ਭਾਰਤ ਦੁਨੀਆ ’ਚ ਨੰਬਰ ਇਕ ਬਣ ਸਕਦਾ ਹੈ।
ਪ੍ਰਧਾਨ ਮੰਤਰੀ ਦੀ ਇਸ ਸਕੀਮ ਤਹਿਤ ਸਿਰਫ਼ 2 ਫੀਸਦੀ ਵਿਆਜ ਮਿਲੇਗਾ Loan! ਜਾਣੋ ਪੂਰਾ ਸੱਚ
NEXT STORY