ਨਵੀਂ ਦਿੱਲੀ, (ਯੂ. ਐੱਨ. ਆਈ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉਨ੍ਹਾਂ ਦੇਸ਼ ਦੇ ਲੋਕਾਂ ਦੀ ਜ਼ਿੰਦਗੀ ਤੇ ਕਾਰੋਬਾਰ ਨੂੰ ਸੌਖਾ ਬਣਾਉਣ ਲਈ ਹਜ਼ਾਰਾਂ ਪੁਰਾਣੇ ਕਾਨੂੰਨਾਂ ਤੇ ਨਿਯਮਾਂ ਨੂੰ ਖਤਮ ਕਰ ਦਿੱਤਾ ਹੈ। ਇਹ ਸਮੇਂ ਦੇ ਨਾਲ ਪੁਰਾਣੇ ਹੋ ਗਏ ਸਨ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਉਨ੍ਹਾਂ ਦੀ ਸਰਕਾਰ ਤੋਂ ਪਹਿਲਾਂ ਕਿਸੇ ਨੂੰ ਵੀ ਇਸ ਬਾਰੇ ਕੋਈ ਚਿੰਤਾ ਨਹੀਂ ਸੀ।
ਸ਼ਨੀਵਾਰ ਇੱਥੇ ਵਿਚਾਰ-ਵਟਾਂਦਰੇ ਦੇ ਇਕ ਸੈਸ਼ਨ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਸਾਡਾ ਮੰਤਵ ਇਹ ਹੈ ਕਿ ਦੇਸ਼ ਦੇ ਲੋਕਾਂ ਦਾ ਰਹਿਣ-ਸਹਿਣ ਸੌਖਾ ਹੋਵੇ, ਉਨ੍ਹਾਂ ਲਈ ਕਾਰੋਬਾਰ ਕਰਨਾ ਸੌਖਾ ਹੋਵੇ ਤੇ ਉਨ੍ਹਾਂ ਕੋਲ ਉੱਡਣ ਲਈ ਖੁੱਲ੍ਹਾ ਆਸਮਾਨ ਹੋਵੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਕ ਦਹਾਕੇ ਅੰਦਰ ਅਸੀਂ ਲਗਭਗ 1,500 ਉਨ੍ਹਾਂ ਪੁਰਾਣੇ ਕਾਨੂੰਨਾਂ ਨੂੰ ਖਤਮ ਕਰ ਦਿੱਤਾ ਜੋ ਬੇਤੁਕੇ ਹੋ ਗਏ ਸਨ। ਇਨ੍ਹਾਂ ’ਚੋਂ ਬਹੁਤ ਸਾਰੇ ਬ੍ਰਿਟਿਸ਼ ਯੁੱਗ ਦੇ ਸਨ। ਇਸ ਸਬੰਧੀ ਉਨ੍ਹਾਂ ਬਾਂਸ ਵੱਢਣ ਨਾਲ ਸਬੰਧਤ ਕਾਨੂੰਨਾਂ ਤੇ ਆਮਦਨ ਟੈਕਸ ਰਿਟਰਨ ਭਰਨ ਦੀ ਪ੍ਰਕਿਰਿਆ ਨੂੰ ਸੌਖਾ ਬਣਾਉਣ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ।
ਮੋਦੀ ਨੇ ਕਿਹਾ ਕਿ ਬਾਂਸ ਉੱਤਰੀ-ਪੂਰਬੀ ਭਾਰਤ ਦੇ ਆਦਿਵਾਸੀ ਭਾਈਚਾਰਿਆਂ ਦੇ ਜੀਵਨ ਦਾ ਇਕ ਅਨਿੱਖੜਵਾਂ ਅੰਗ ਹੈ। ਪਹਿਲਾਂ ਲੋਕਾਂ ਨੂੰ ਬਾਂਸ ਵੱਢਣ ’ਤੇ ਜੇਲ ਭੇਜ ਦਿੱਤਾ ਜਾਂਦਾ ਸੀ ਕਿਉਂਕਿ ਇਸ ਨੂੰ ਇਕ ਰੁੱਖ ਮੰਨਿਆ ਜਾਂਦਾ ਸੀ ਤੇ ਇਸ ’ਤੇ ਰੁੱਖ ਦੇ ਕਾਨੂੰਨ ਹੀ ਲਾਗੂ ਹੁੰਦੇ ਸਨ। ਅਸੀਂ ਬਸਤੀਵਾਦੀ ਯੁੱਗ ਦੇ ਅਜਿਹੇ ਕਾਨੂੰਨਾਂ ਨੂੰ ਖਤਮ ਕਰ ਦਿੱਤਾ। ਹੁਣ ਇਨਕਮ ਟੈਕਸ ਰਿਟਰਨ ਨੂੰ ਫਾਈਲ ਕਰਨ ਦੀ ਪ੍ਰਕਿਰਿਆ ਵੀ ਮਿੰਟਾਂ ’ਚ ਪੂਰੀ ਹੋ ਜਾਂਦੀ ਹੈ। ਕੁਝ ਦਿਨਾਂ ’ਚ ਹੀ ਰਿਫੰਡ ਵੀ ਜਾਰੀ ਹੋ ਜਾਂਦਾ ਹੈ।
ਅੱਜ ਪੂਰੀ ਦੁਨੀਆ ਦੀਆਂ ਨਜ਼ਰਾਂ 21ਵੀਂ ਸਦੀ ਦੇ ਭਾਰਤ ’ਤੇ
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਪੂਰੀ ਦੁਨੀਆ ਦੀਆਂ ਨਜ਼ਰਾਂ 21ਵੀਂ ਸਦੀ ਦੇ ਭਾਰਤ ’ਤੇ ਹਨ। ਦੁਨੀਆ ਦੇ ਲੋਕ ਭਾਰਤ ਆਉਣਾ ਚਾਹੁੰਦੇ ਹਨ ਤੇ ਭਾਰਤ ਨੂੰ ਜਾਣਨਾ ਚਾਹੁੰਦੇ ਹਨ। ਅੱਜ ਭਾਰਤ ਦੁਨੀਆ ਦਾ ਉਹ ਦੇਸ਼ ਹੈ ਜਿੱਥੇ ਲਗਾਤਾਰ ਉਤਸ਼ਾਹਜਨਕ ਖ਼ਬਰਾਂ ਬਣ ਰਹੀਆਂ ਹਨ। ਇਨ੍ਹਾਂ ਖ਼ਬਰਾਂ ਨੂੰ ਮਨਘੜਤ ਬਣਾਉਣ ਦੀ ਕੋਈ ਲੋੜ ਨਹੀਂ। ਜਿੱਥੇ ਹਰ ਰੋਜ਼ ਨਵੇਂ ਰਿਕਾਰਡ ਬਣ ਰਹੇ ਹਨ, ਉੱਥੇ ਬਹੁਤ ਕੁਝ ਨਵਾਂ ਵੀ ਹੋ ਰਿਹਾ ਹੈ।
ਉਨ੍ਹਾਂ ਪ੍ਰਯਾਗਰਾਜ ਮਹਾਕੁੰਭ ਦਾ ਹਵਾਲਾ ਦਿੱਤਾ ਜੋ 26 ਫਰਵਰੀ ਨੂੰ ਖਤਮ ਹੋਇਆ ਸੀ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਹੈਰਾਨ ਹੈ ਕਿ ਕਿਵੇਂ ਕਰੋੜਾਂ ਲੋਕਾਂ ਨੇ ਇਕ ਆਰਜ਼ੀ ਸ਼ਹਿਰ ’ਚ ਦਰਿਅਾ ਦੇ ਕੰਢੇ ਇਸ਼ਨਾਨ ਕੀਤਾ। ਅੱਜ ਦੁਨੀਆ ਭਾਰਤ ਦੀ ਸੰਗਠਿਤ ਕਰਨ ਤੇ ਕਾਢ ਕੱਢਣ ਦੀ ਕਲਾ ਨੂੰ ਵੇਖ ਰਹੀ ਹੈ।
ਅਸੀਂ ਸੈਮੀਕੰਡਕਟਰਾਂ ਤੋਂ ਲੈ ਕੇ ਏਅਰਕ੍ਰਾਫਟ ਕੈਰੀਅਰ ਤੱਕ ਸਭ ਕੁਝ ਇੱਥੇ ਹੀ ਬਣਾ ਰਹੇ ਹਾਂ। ਦੁਨੀਆ ਭਾਰਤ ਦੀ ਇਸ ਸਫਲਤਾ ਬਾਰੇ ਵਿਸਥਾਰ ਨਾਲ ਜਾਣਨਾ ਚਾਹੁੰਦੀ ਹੈ।
ਛੇਤੀ ਕਰੋ, ਅਪਡੇਟ ਕੀਤੀ ਰਿਟਰਨ ਫਾਈਲ ਕਰਨ ਲਈ 31 ਮਾਰਚ ਹੈ ਆਖ਼ਰੀ ਤਾਰੀਖ਼
NEXT STORY