ਜੰਮੂ (ਕਮਲ) - 3 ਜੁਲਾਈ ਤੋਂ ਸ਼ੁਰੂ ਹੋ ਰਹੀ ਅਮਰਨਾਥ ਯਾਤਰਾ ਲਈ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ। ਅਮਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ ਕਰਨ ਲਈ ਸ਼ਰਧਾਲੂਆਂ ਨੂੰ ਅਮਰਨਾਥਜੀ ਸ਼੍ਰਾਈਨ ਬੋਰਡ ਦੀ ਅਧਿਕਾਰਤ ਵੈੱਬਸਾਈਟ ’ਤੇ ਜਾਣਾ ਪਵੇਗਾ। ਸ਼ਰਧਾਲੂ ਇੱਥੋਂ ਰਜਿਸਟਰ ਕਰਵਾ ਸਕਦੇ ਹਨ। ਰਜਿਸਟ੍ਰੇਸ਼ਨ ਲਈ ਇਕ ਫੋਟੋ, ਆਧਾਰ ਕਾਰਡ, ਮੋਬਾਈਲ ਨੰਬਰ, ਈ-ਮੇਲ ਆਈ. ਡੀ. ਦੀ ਲੋੜ ਪਵੇਗੀ।
ਯਾਤਰੀਆਂ ਨੂੰ ਆਪਣੇ ਨਾਲ ਹੈਲਥ ਸਰਟੀਫਿਕੇਟ ਵੀ ਰੱਖਣਾ ਹੋਵੇਗਾ। ਹਾਲਾਂਕਿ, ਯਾਤਰੀਆਂ ਦੀ ਅਗਾਊਂ ਰਜਿਸਟ੍ਰੇਸ਼ਨ ਪ੍ਰਕਿਰਿਆ 15 ਅਪ੍ਰੈਲ ਤੋਂ ਬੈਂਕਾਂ ਰਾਹੀਂ ਸ਼ੁਰੂ ਹੋਵੇਗੀ। ਜ਼ਿਕਰਯੋਗ ਹੈ ਕਿ ਇਸ ਸਾਲ 3 ਜੁਲਾਈ ਤੋਂ ਸਾਲਾਨਾ ਅਮਰਨਾਥ ਯਾਤਰਾ ਸ਼ੁਰੂ ਹੋ ਰਹੀ ਹੈ, ਜੋ 9 ਅਗਸਤ ਤੱਕ ਜਾਰੀ ਰਹੇਗੀ। ਇਸ ਵਾਰ ਸ਼ਰਧਾਲੂਆਂ ਨੂੰ ਪੂਰੇ 39 ਦਿਨਾਂ ਤੱਕ ਬਾਬਾ ਬਰਫਾਨੀ ਦੇ ਦਰਸ਼ਨ ਕਰਨ ਦਾ ਮੌਕਾ ਮਿਲੇਗਾ। ਜੰਮੂ-ਕਸ਼ਮੀਰ ਸਰਕਾਰ ਇਸ ਵਾਰ ਯਾਤਰੀਆਂ ਨੂੰ ਹੋਰ ਵੀ ਵਧੀਆ ਸਹੂਲਤਾਂ ਪ੍ਰਦਾਨ ਕਰਨ ਜਾ ਰਹੀ ਹੈ। ਸੁਰੱਖਿਆ ਦਾ ਵੀ ਪੂਰਾ ਧਿਆਨ ਰੱਖਿਆ ਜਾਵੇਗਾ। ਦੇਸ਼ ਭਰ ਦੀਆਂ 533 ਬੈਂਕ ਸ਼ਾਖਾਵਾਂ ਵਿਚ ਰਜਿਸਟ੍ਰੇਸ਼ਨ 15 ਅਪ੍ਰੈਲ ਤੋਂ ਸ਼ੁਰੂ ਹੋਵੇਗੀ। ਬੈਂਕਾਂ ਵਿਚ ਰਜਿਸਟ੍ਰੇਸ਼ਨ ਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ। ਪੰਜਾਬ ਨੈਸ਼ਨਲ ਬੈਂਕ, ਜੰਮੂ ਐਂਡ ਕਸ਼ਮੀਰ ਬੈਂਕ, ਯੈੱਸ ਬੈਂਕ ਅਤੇ ਸਟੇਟ ਬੈਂਕ ਆਫ਼ ਇੰਡੀਆ ਦੀਆਂ ਸ਼ਾਖਾਵਾਂ ਵਿਚ ਸ਼ਰਧਾਲੂਆਂ ਦੀ ਐਡਵਾਂਸ ਰਜਿਸਟ੍ਰੇਸ਼ਨ ਕੀਤੀ ਜਾਏਗੀ।
ਸ਼੍ਰੀ ਅਮਰਨਾਥਜੀ ਸ਼੍ਰਾਈਨ ਬੋਰਡ ਮੁਤਾਬਕ ਗਰਭਵਤੀ ਔਰਤਾਂ, 70 ਸਾਲ ਤੋਂ ਵੱਧ ਉਮਰ ਦੇ ਲੋਕਾਂ ਅਤੇ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਅਮਰਨਾਥ ਯਾਤਰਾ ਦੀ ਆਗਿਆ ਨਹੀਂ ਹੋਵੇਗੀ। ਰਜਿਸਟ੍ਰੇਸ਼ਨ ਫੀਸ 150 ਰੁਪਏ ਦੇਣੀ ਪਵੇਗੀ। ਫਾਰਮ ਭਰਨ ਤੋਂ ਬਾਅਦ ਯਾਤਰਾ ਪਰਮਿਟ ਦੀ ਇਕ ਸਾਫਟ ਕਾਪੀ ਪ੍ਰਦਾਨ ਕੀਤੀ ਜਾਵੇਗੀ, ਜਿਸ ਦਾ ਪ੍ਰਿੰਟ ਕਢਵਾ ਕੇ ਯਾਤਰਾ ਦੌਰਾਨ ਆਪਣੇ ਕੋਲ ਰੱਖਣਾ ਲਾਜ਼ਮੀ ਹੋਵੇਗਾ।
ਦੂਜੇ ਪਾਸੇ ਆਫਲਾਈਨ ਰਜਿਸਟ੍ਰੇਸ਼ਨ ਲਈ ਸ਼ਰਧਾਲੂਆਂ ਨੂੰ ਪੰਜਾਬ ਨੈਸ਼ਨਲ ਬੈਂਕ, ਜੰਮੂ ਐਂਡ ਕਸ਼ਮੀਰ ਬੈਂਕ, ਯੈੱਸ ਬੈਂਕ ਅਤੇ ਐੱਸ. ਬੀ. ਆਈ. ’ਚ ਜਾਣਾ ਪਵੇਗਾ ਤੁਹਾਨੂੰ ਉੱਥੇ ਜਾ ਕੇ ਫਾਰਮ ਭਰਨਾ ਪਵੇਗਾ ਅਤੇ ਜਮ੍ਹਾਂ ਕਰਵਾਉਣਾ ਪਵੇਗਾ, ਜਿਸ ਤੋਂ ਬਾਅਦ ਤੁਹਾਨੂੰ ਪਰਮਿਟ ਮਿਲ ਜਾਵੇਗਾ। ਯਾਤਰਾ ਲਈ ਵੱਖ-ਵੱਖ ਰੂਟਾਂ ਲਈ ਵੱਖ-ਵੱਖ ਰੰਗਾਂ ਦੇ ਪਰਮਿਟ ਜਾਰੀ ਕੀਤੇ ਜਾਣਗੇ।
ਇਸ ਸਾਲ ਗਰੁੱਪ ਰਜਿਸਟ੍ਰੇਸ਼ਨ ਦੀ ਸਹੂਲਤ
ਇਸ ਸਾਲ 5 ਜਾਂ ਵੱਧ ਮੈਂਬਰਾਂ ਦੇ ਗਰੁੱਪ ਵਿਚ ਯਾਤਰਾ ਕਰਨ ਦੇ ਚਾਹਵਾਨ ਯਾਤਰੀਆਂ ਲਈ ਗਰੁੱਪ ਰਜਿਸਟ੍ਰੇਸ਼ਨ ਸਹੂਲਤ ਉਪਲਬਧ ਕਰਵਾਈ ਗਈ ਹੈ। ਗਰੁੱਪ ਦੇ ਨਿੱਜੀ ਮੈਂਬਰ ਰਜਿਸਟ੍ਰੇਸ਼ਨ ਪ੍ਰਾਪਤ ਕਰਨ ਲਈ ਸ਼੍ਰੀਨਗਰ ਅਤੇ ਜੰਮੂ ਵਿਖੇ ਮੁੱਖ ਕਾਰਜਕਾਰੀ ਅਧਿਕਾਰੀ, ਸ਼੍ਰੀ ਅਮਰਨਾਥ ਜੀ ਸ਼੍ਰਾਈਨ ਬੋਰਡ ਦੇ ਦਫ਼ਤਰਾਂ ਵਿਚ ਅਰਜ਼ੀ ਦੇ ਸਕਦੇ ਹਨ।
ਡਾਕ ਰਾਹੀਂ ਗਰੁੱਪ ਰਜਿਸਟ੍ਰੇਸ਼ਨ ਲਈ ਅਰਜ਼ੀ ਫਾਰਮ ਪ੍ਰਾਪਤ ਕਰਨ ਦੀ ਆਖਰੀ ਮਿਤੀ 20 ਮਈ ਹੈ। ਗਰੁੱਪ ਰਜਿਸਟ੍ਰੇਸ਼ਨ ‘ਪਹਿਲਾਂ ਆਓ ਪਹਿਲਾਂ ਪਾਓ’ ਦੇ ਆਧਾਰ ’ਤੇ ਕੀਤੀ ਜਾਵੇਗੀ, ਜੋ ਕਿ ਮਿਤੀ-ਵਾਰ ਅਤੇ ਰੂਟ-ਵਾਰ ਸਲਾਟ ਦੀ ਉਪਲਬਧਤਾ ਦੇ ਅਧੀਨ ਹੋਵੇਗੀ, ਪ੍ਰਤੀ ਗਰੁੱਪ ਪ੍ਰਤੀ ਰੂਟ ਪ੍ਰਤੀ ਦਿਨ ਵੱਧ ਤੋਂ ਵੱਧ 30 ਰਜਿਸਟ੍ਰੇਸ਼ਨਾਂ ਦੇ ਅਧੀਨ ਹੋਵੇਗੀ। ਗਰੁੱਪ ਰਜਿਸਟ੍ਰੇਸ਼ਨ ਸਹੂਲਤ ਦੇ ਤਹਿਤ ਯਾਤਰਾ ਪਰਮਿਟ ਲਈ ਅਰਜ਼ੀ ਦੇਣ ਲਈ ਗਰੁੱਪ ਲੀਡਰ (ਗਰੁੱਪ ਦੇ ਇੱਛੁਕ ਸ਼ਰਧਾਲੂਆਂ ਵਿਚੋਂ ਇਕ) ਨੂੰ ਗਰੁੱਪ ਦੇ ਹਰੇਕ ਮੈਂਬਰ ਸਬੰਧੀ ਹੇਠ ਲਿਖੇ ਦਸਤਾਵੇਜ਼ ਰਜਿਸਟਰਡ ਡਾਕ ਰਾਹੀਂ ਸ਼੍ਰਾਈਨ ਬੋਰਡ ਦੇ ਪਤੇ ’ਤੇ ਭੇਜਣੇ ਪੈਣਗੇ।
ਅਰਜ਼ੀ ਫਾਰਮ ਨੂੰ ਅਧਿਕਾਰਤ ਡਾਕਟਰ/ਮੈਡੀਕਲ ਸੰਸਥਾਵਾਂ ਵੱਲੋਂ ਜਾਰੀ ਕੀਤੇ ਗਏ ਨਿਰਧਾਰਤ ਲਾਜ਼ਮੀ ਹੈਲਥ ਸਰਟੀਫਿਕੇਟ (ਸੀ. ਐੱਚ. ਸੀ.) ਦੀਆਂ ਅਸਲ ਕਾਪੀਆਂ ਦੇ ਨਾਲ ਚੰਗੀ ਤਰ੍ਹਾਂ ਭਰਿਆ ਜਾਣਾ ਚਾਹੀਦਾ ਹੈ। ਹਰੇਕ ਬਿਨੈਕਾਰ ਕੋਲ ਇਕ ਪਾਸਪੋਰਟ ਆਕਾਰ ਦੀ ਫੋਟੋ ਹੋਣੀ ਚਾਹੀਦੀ ਹੈ ਜਿਸ ’ਤੇ ਫੋਟੋ ਦੇ ਅਗਲੇ ਪਾਸੇ ਸਬੰਧਤ ਵਿਅਕਤੀ ਵੱਲੋਂ ਦਸਤਖਤ ਕੀਤੇ ਜਾਣੇ ਚਾਹੀਦੇ ਹਨ। ਯਾਤਰਾ ਰਜਿਸਟ੍ਰੇਸ਼ਨ ਫੀਸ 250 ਰੁਪਏ ਪ੍ਰਤੀ ਯਾਤਰੀ ਤੈਅ ਕੀਤੀ ਗਈ ਹੈ।
14 ਸਾਲ ਪਹਿਲਾਂ ਖਾਧੀ ਸੀ ਸਹੁੰ.... ਕੋਣ ਹੈ ਰਾਮਪਾਲ ਕਸ਼ਯਪ ਜਿਸ ਨੂੰ PM ਮੋਦੀ ਨੇ ਪਹਿਣਾਏ ਬੂਟ
NEXT STORY