ਸ਼੍ਰੀ ਨਿਤਿਨ ਗਡਕਰੀ ਭਾਜਪਾ ਦੇ ਸਪੱਸ਼ਟਵਾਦੀ ਨੇਤਾਵਾਂ ਵਿਚੋਂ ਇਕ ਹਨ। ਉਹ ਆਪਣੇ ਕੰਮ ਦਾ ਪ੍ਰਚਾਰ ਕਰਨ ਦੀ ਬਜਾਏ ਚੁੱਪਚਾਪ ਕੰਮ ਕਰਦੇ ਰਹਿੰਦੇ ਹਨ। ਕੇਂਦਰੀ ਟ੍ਰਾਂਸਪੋਰਟ ਅਤੇ ਰਾਸ਼ਟਰੀ ਰਾਜਮਾਰਗ ਮੰਤਰੀ ਬਣਾਏ ਜਾਣ ਤੋਂ ਪਹਿਲਾਂ ਮਹਾਰਾਸ਼ਟਰ ਦੇ ਪੀ. ਡਬਲਯੂ. ਡੀ. ਮੰਤਰੀ ਵਜੋਂ ਕੰਮ ਕਰਦਿਆਂ ਉਨ੍ਹਾਂ ਨੇ ‘ਮੁੰਬਈ-ਪੁਣੇ ਐਕਸਪ੍ਰੈੱਸਵੇਅ’ ਦੇ ਨਿਰਮਾਣ ਅਤੇ ਕਈ ਸੜਕੀ ਪ੍ਰਾਜੈਕਟਾਂ ਨੂੰ ਸਿਰੇ ਚੜ੍ਹਾਇਆ ਹੈ, ਜਿਸ ਨਾਲ ਸੜਕੀ ਆਵਾਜਾਈ ਆਸਾਨ ਹੋਈ ਹੈ। ਇਸੇ ਲਈ ਉਨ੍ਹਾਂ ਨੂੰ ‘ਹਾਈਵੇ ਮੈਨ’ ਵੀ ਕਿਹਾ ਜਾਂਦਾ ਹੈ।
ਹਾਲ ਹੀ ਵਿਚ ਸ਼੍ਰੀ ਗਡਕਰੀ ਨੇ ਸੁਰੱਖਿਅਤ ਸੜਕ ਯਾਤਰਾ ਲਈ ਟੋਲ ਪਲਾਜ਼ਿਆਂ ’ਤੇ ਬੈਰੀਅਰ ਖਤਮ ਕਰਕੇ ਸੜਕੀ ਆਵਾਜਾਈ ਨੂੰ ਰੁਕਾਵਟ ਰਹਿਤ ਅਤੇ ਆਸਾਨ ਬਣਾਉਣ ਅਤੇ ਸ਼ਰਾਬ ਪੀ ਕੇ ਵਾਹਨ ਚਲਾਉਣ ਦੀ ਬੁਰਾਈ ਨੂੰ ਖਤਮ ਕਰਨ ਦੀ ਦਿਸ਼ਾ ਵਿਚ 2 ਮਹੱਤਵਪੂਰਨ ਫੈਸਲੇ ਲਏ ਹਨ।
ਦੇਸ਼ ਵਿਚ ਐਕਸਪ੍ਰੈੱਸਵੇਅ ਅਤੇ ਨੈਸ਼ਨਲ ਹਾਈਵੇਅ ਦਾ ਨੈੱਟਵਰਕ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਇਸ ਨਾਲ ਲੋਕਾਂ ਦਾ ਵਾਹਨਾਂ ਰਾਹੀਂ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਆਉਣਾ-ਜਾਣਾ ਸੁਵਿਧਾਜਨਕ ਹੋ ਗਿਆ ਹੈ, ਪਰ ਕਈ ਥਾਵਾਂ ’ਤੇ ਟੋਲ ਪਲਾਜ਼ਿਆਂ ’ਤੇ ਬੇਲੋੜਾ ਰੁਕਣਾ ਵਾਹਨ ਚਾਲਕਾਂ ਨੂੰ ਚੁੱਭਦਾ ਹੈ। ਇਸ ਤੋਂ ਉਨ੍ਹਾਂ ਨੂੰ ਰਾਹਤ ਦੇਣ ਲਈ ਸ਼੍ਰੀ ਨਿਤਿਨ ਗਡਕਰੀ ਨੇ ਵਿਸ਼ੇਸ਼ ਯੋਜਨਾ ਤਿਆਰ ਕੀਤੀ ਹੈ।
ਸ਼੍ਰੀ ਨਿਤਿਨ ਗਡਕਰੀ ਅਨੁਸਾਰ ਸਰਕਾਰ ਦੇਸ਼ ਭਰ ਵਿਚ ਰਾਜਮਾਰਗਾਂ ਦੇ ਆਧੁਨਿਕੀਕਰਨ ਅਤੇ ਸਮਾਰਟ ਟ੍ਰਾਂਸਪੋਰਟ ਸਿਸਟਮ ’ਤੇ ਤੇਜ਼ੀ ਨਾਲ ਕੰਮ ਕਰ ਰਹੀ ਹੈ। ਇਸੇ ਲੜੀ ਵਿਚ 5 ਦਸੰਬਰ, 2025 ਨੂੰ ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਇਕ ਸਾਲ ਵਿਚ ਮੌਜੂਦਾ ਟੋਲ ਟੈਕਸ ਕਲੈਕਸ਼ਨ ਸਿਸਟਮ (ਬੈਰੀਅਰ) ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ।
ਉਨ੍ਹਾਂ ਦਾ ਕਹਿਣਾ ਹੈ ਕਿ ਭਵਿੱਖ ਵਿਚ ਵਾਹਨ ਚਾਲਕਾਂ ਵੱਲੋਂ ਟੋਲ ਟੈਕਸ ਇਲੈਕਟ੍ਰਾਨਿਕ ਪ੍ਰਣਾਲੀ ਰਾਹੀਂ ਅਦਾ ਕੀਤਾ ਜਾਵੇਗਾ ਅਤੇ ਸਾਲ 2026 ਵਿਚ ਇਸ ਨੂੰ ਪੂਰੇ ਦੇਸ਼ ਦੇ ਨੈਸ਼ਨਲ ਹਾਈਵੇਅ ਨੈੱਟਵਰਕ ’ਤੇ ਲਾਗੂ ਕਰ ਦਿੱਤਾ ਜਾਵੇਗਾ।
ਇਸ ਨਾਲ ਟੋਲ ਬੂਥਾਂ ’ਤੇ ਲੰਬੀਆਂ ਕਤਾਰਾਂ ਵਿਚ ਰੁਕਣ ਦੀ ਲੋੜ ਨਹੀਂ ਹੋਵੇਗੀ ਅਤੇ ਵਾਹਨ ਦੀ ਵਿੰਡ ਸਕ੍ਰੀਨ ’ਤੇ ਲੱਗੇ ‘ਆਰ. ਈ. ਆਈ. ਡੀ.’ ਭਾਵ ‘ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ ਡਿਵਾਈਸ’ ਹਾਈਵੇਅ ਟੋਲ ਪਲਾਜ਼ਾ ਤੋਂ ਵਾਹਨ ਗੁਜ਼ਰਨ ਦੌਰਾਨ ਬਿਨਾਂ ਰੁਕੇ ਚਾਲਕ ਨਾਲ ਜੁੜੇ ਬੈਂਕ ਖਾਤੇ ਵਿਚੋਂ ਟੋਲ ਦੀ ਰਕਮ ਆਪਣੇ ਆਪ ਕੱਟ ਲਵੇਗਾ। ਭਾਰਤੀ ਰਾਸ਼ਟਰੀ ਭੁਗਤਾਨ ਨਿਗਮ ਨੇ ਰਾਸ਼ਟਰੀ ਇਲੈਕਟ੍ਰਾਨਿਕ ਟੋਲ ਸੰਗ੍ਰਹਿ (ਐੱਨ. ਈ. ਟੀ. ਸੀ.) ਤਕਨੀਕ ਵਿਕਸਿਤ ਕੀਤੀ ਹੈ।
ਦੇਸ਼ ਵਿਚ ਲਗਭਗ 1100 ਟੋਲ ਪਲਾਜ਼ਾ ਹਨ। ਅਜੇ 100 ਟੋਲ ਪਲਾਜ਼ਿਆਂ ਦੇ ਆਧੁਨਿਕੀਕਰਨ ਦਾ ਟੈਂਡਰ ਜਾਰੀ ਕੀਤਾ ਗਿਆ ਹੈ। ਸੰਭਾਵਨਾ ਹੈ ਕਿ ਜਲਦੀ ਹੀ ਇਸ ਦਿਸ਼ਾ ਵਿਚ ਕੰਮ ਸ਼ੁਰੂ ਹੋ ਜਾਵੇਗਾ। ਇਸ ਤੋਂ ਬਾਅਦ ਇਨ੍ਹਾਂ ਟੋਲ ਪਲਾਜ਼ਿਆਂ ਤੋਂ ਆਉਣਾ-ਜਾਣਾ ਆਸਾਨ ਹੋ ਜਾਵੇਗਾ। ਇਸ ਸਮੇਂ 25 ‘ਟੋਲ ਪਲਾਜ਼ਾ ਬੈਰੀਅਰ ਫ੍ਰੀ’ ਹਨ।
ਪੂਰੇ ਦੇਸ਼ ਵਿਚ ਲਾਗੂ ਕੀਤੀ ਜਾਣ ਵਾਲੀ ‘ਮਲਟੀਲੇਨ ਫ੍ਰੀ ਫਲੋ ਡਿਜੀਟਲ ਟੋਲ ਪਲਾਜ਼ਾ’ ਪ੍ਰਣਾਲੀ ਨਾਲ ਵਾਹਨਾਂ ਦੇ ਬਿਨਾਂ ਰੁਕੇ ਨਿਕਲਣ ਦੇ ਨਤੀਜੇ ਵਜੋਂ 1500 ਕਰੋੜ ਰੁਪਏ ਦਾ ਬਾਲਣ ਬਚੇਗਾ ਅਤੇ 6000 ਕਰੋੜ ਰੁਪਏ ਦਾ ਵਾਧੂ ਮਾਲੀਆ ਪ੍ਰਾਪਤ ਹੋਵੇਗਾ।
ਇਸ ਨਾਲ ਵਾਹਨ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਗੁਜ਼ਰ ਸਕਣਗੇ। ਇਸ ਨਾਲ ਟੋਲ ਪਲਾਜ਼ਿਆਂ ’ਤੇ ਵਿਵਾਦ ਅਤੇ ਕਈ ਵਾਰ ਹੋਣ ਵਾਲੀ ਕੁੱਟਮਾਰ ਦੀ ਨੌਬਤ ਵੀ ਨਹੀਂ ਆਵੇਗੀ। ਟੋਲ ਕਲੈਕਸ਼ਨ ਦੀ ਲਾਗਤ ਵੀ ਬਹੁਤ ਘਟ ਜਾਵੇਗੀ ਕਿਉਂਕਿ ਟੋਲ ਪਲਾਜ਼ਿਆਂ ’ਤੇ ਘੱਟ ਕਰਮਚਾਰੀਆਂ ਦੀ ਲੋੜ ਰਹਿ ਜਾਵੇਗੀ।
ਇੰਨਾ ਹੀ ਨਹੀਂ, ਸ਼ਰਾਬ ਪੀ ਕੇ ਵਾਹਨ ਚਲਾਉਣ ਦੀ ਬੁਰਾਈ ਖਤਮ ਕਰਨ ਦੇ ਸਿਲਸਿਲੇ ਵਿਚ 26 ਫਰਵਰੀ ਨੂੰ ਸ਼੍ਰੀ ਗਡਕਰੀ ਨੇ ਨਵੀਂ ਦਿੱਲੀ ਵਿਚ ਆਯੋਜਿਤ ‘ਨੈਸ਼ਨਲ ਕਾਨਕਲੇਵ ਆਫ ਰੋਡ ਸੇਫਟੀ’ ਵਿਚ ਬੋਲਦਿਆਂ ਕਿਹਾ ਕਿ ਦੇਸ਼ ਵਿਚ ਹਰ ਸਾਲ ਲੱਖਾਂ ਲੋਕਾਂ ਦੀ ਜਾਨ ਸੜਕ ਹਾਦਸਿਆਂ ਵਿਚ ਜਾਂਦੀ ਹੈ ਜਿਨ੍ਹਾਂ ਨੂੰ ਬਚਾਉਣਾ ਜ਼ਰੂਰੀ ਹੈ। ਇਸ ਲਈ ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਸਖ਼ਤ ਨਿਯਮ ਬਣਾਏ ਜਾ ਰਹੇ ਹਨ।
ਸ਼੍ਰੀ ਗਡਕਰੀ ਨੇ ਕਿਹਾ ਕਿ ਵਾਰ-ਵਾਰ ਸ਼ਰਾਬ ਪੀ ਕੇ ਵਾਹਨ ਚਲਾਉਂਦੇ ਫੜੇ ਜਾਣ ’ਤੇ ਡਰਾਈਵਰ ਦਾ ਲਾਇਸੈਂਸ ਸਥਾਈ ਤੌਰ ’ਤੇ ਰੱਦ ਕਰ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਡਰਾਈਵਿੰਗ ਲਾਇਸੈਂਸ ਨੂੰ ਗ੍ਰੇਡ ਸਿਸਟਮ ਵਿਚ ਬਦਲਿਆ ਜਾ ਰਿਹਾ ਹੈ ਅਤੇ ਵਾਰ-ਵਾਰ ਗਲਤੀ ਹੋਣ ’ਤੇ ਜਿਵੇਂ ਹੀ ਇਹ 12 ਗ੍ਰੇਡ ’ਤੇ ਪਹੁੰਚੇਗਾ, ਲਾਇਸੈਂਸ ਰੱਦ ਕਰ ਦਿੱਤਾ ਜਾਵੇਗਾ।
‘ਟੋਲ ਪਲਾਜ਼ਿਆਂ’ ’ਤੇ ਬਿਨਾਂ ਰੁਕੇ ਯਾਤਰਾ ਨੂੰ ਸੁਖਾਲਾ ਬਣਾਉਣ ਲਈ ਡਿਜੀਟਲ ਟੋਲ ਵਸੂਲੀ ਅਤੇ ਸ਼ਰਾਬੀ ਡਰਾਈਵਰਾਂ ਦੇ ਲਾਇਸੈਂਸ ਰੱਦ ਕਰਨ ਵਰਗੇ ਫੈਸਲੇ ਕਰਕੇ ਸ਼੍ਰੀ ਨਿਤਿਨ ਗਡਕਰੀ ਨੇ ਸੜਕ ਸੁਰੱਖਿਆ ਦੀ ਦਿਸ਼ਾ ਵਿਚ ਮਹੱਤਵਪੂਰਨ ਕਦਮ ਵਧਾਏ ਹਨ ਜੋ ਬਹੁਤ ਪਹਿਲਾਂ ਚੁੱਕੇ ਜਾਣੇ ਚਾਹੀਦੇ ਸਨ। ਹੁਣ ਲੋੜ ਬਸ ਇਨ੍ਹਾਂ ਨੂੰ ਤੁਰੰਤ ਅਤੇ ਹੋਰ ਸਖ਼ਤੀ ਨਾਲ ਲਾਗੂ ਕਰਨ ਦੀ ਹੈ।
-ਵਿਜੇ ਕੁਮਾਰ
ਸਕੂਲਾਂ ’ਚ ਬੰਬਾਂ ਦੀਆਂ ਧਮਕੀਆਂ ਅਤੇ ਬੱਚੇ
NEXT STORY