ਨਵੀਂ ਦਿੱਲੀ— ਬਾਬਾ ਰਾਮਦੇਵ ਦੀ ਪਤੰਜਲੀ ਆਯੂਰਵੇਦ ਲਿਮਟਿਡ ਨੇ ਇਕ ਯੋਗ ਗੁਰੂ ਦੀ ਕੰਪਨੀ ਨੂੰ ਪਤੰਜਲੀ ਦੇ ਟਰੇਡਮਾਰਕ ਦਾ ਕਥਿਤ ਤੌਰ 'ਤੇ ਉਲੰਘਣ ਕਰਨ ਲਈ ਕੋਰਟ 'ਚ ਖਿੱਚਿਆ ਹੈ। ਪਤੰਜਲੀ ਦਾ ਕਹਿਣਾ ਹੈ ਕਿ ਮਹਿਰਿਸ਼ੀ ਪਤੰਜੀ ਪਰਿਵਾਰ ਦੀ ਯੂਨਿਟ ਕਲਪਾਮ੍ਰਿਤ ਆਯੂਰਵੇਦ ਲਿਮਟਿਡ ਐਲੋਵੇਰਾ, ਜੂਸ, ਸ਼ੈਂਪੂ, ਟੂਥਪੇਸਟ ਅਤੇ ਹੋਰ ਐੱਫ.ਐੱਮ.ਸੀ.ਜੀ. ਪ੍ਰੋਡਕਟਸ ਨੂੰ ਅਜਿਹੀ ਪੈਕਿੰਗ ਨਾਲ ਵੇਚ ਰਹੀ ਹੈ ਜੋ ਪਤੰਜਲੀ ਦੇ ਪ੍ਰੋਡਕਟਸ ਵਰਗੀ ਹੈ। ਕਲਪਾਮ੍ਰਿਤ ਆਯੂਰਵੇਦ ਯੋਗ ਗੁਰੂ ਸਵਾਮੀ ਕਰਮਵੀਰ ਦੀ ਅਗਵਾਈ 'ਚ ਚੱਲਦੀ ਹੈ। ਸਵਾਮੀ ਕਰਮਵੀਰ ਰਾਮਦੇਵ ਦੇ ਪੁਰਾਣੇ ਪਾਰਟਨਰ ਹਨ। ਰਾਮਦੇਵ, ਕਰਮਵੀਰ ਅਤੇ ਆਚਾਰੀਆ ਬਾਲਕ੍ਰਿਸ਼ਨ ਨਾਲ ਮਿਲ ਕੇ ਦਿਵਿਯ ਯੋਗ ਟਰੱਸਟ (ਹੁਣ ਪਤੰਜਲੀ ਯੋਗਪੀਠ) ਦੀ ਸਥਾਪਨਾ ਕੀਤੀ ਸੀ। ਪਤੰਜਲੀ ਦਾ ਦੋਸ਼ ਹੈ ਕਿ ਕਲਪਾਮ੍ਰਿਤ ਪਤੰਜਲੀ ਦੇ ਪ੍ਰੋਡਕਟਸ ਦੀ ਪੈਕਿੰਗ ਦੀ ਨਕਲ ਕਰ ਕੇ ਪ੍ਰੋਡਕਟਸ ਵੇਚ ਰਿਹਾ ਹੈ ਅਤੇ ਇਸ ਨਾਲ ਪਤੰਜਲੀ ਦੀ ਸਾਕ ਖਰਾਬ ਹੋ ਰਹੀ ਹੈ। ਪਤੰਜਲੀ ਨੇ ਕੋਰਟ 'ਚ ਕਲਪਾਮ੍ਰਿਤ 'ਤੇ ਹਰੇ ਅਤੇ ਕੇਸਰੀਆ ਲੋਕਾਂ ਦਾ ਵੀ ਆਪਣੇ ਬਰੈਂਡ ਨਾਲ ਇਸਤੇਮਾਲ ਕਰਨ ਦਾ ਦੋਸ਼ ਲਗਾਇਆ ਹੈ। ਪਤੰਜਲੀ ਦਾ ਕਹਿਣਾ ਹੈ ਕਿ ਇਹ ਲੋਗੋ ਉਸ ਦੇ ਲੋਗੋ ਵਰਗਾ ਦਿੱਸਦਾ ਹੈ। ਪਤੰਜਲੀ ਨੇ ਕੰਪਨੀ ਲਈ ਮਹਿਰਿਸ਼ੀ ਪਤੰਜਲੀ ਪਰਿਵਾਰ ਦੇ ਨਾਂ ਦੀ ਵਰਤੋਂ ਕਰਨ 'ਤੇ ਵੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਇਸ ਮਾਮਲੇ 'ਤੇ ਅਗਲੀ ਸੁਣਵਾਈ 7 ਮਈ ਨੂੰ ਹੋਵੇਗੀ। ਇਸ ਬਾਰੇ ਪਤੰਜਲੀ ਦੇ ਬੁਲਾਰੇ ਐੱਸ.ਕੇ. ਤਿਜਾਰਾਵਾਲਾ ਨੇ ਦੱਸਿਆ,''ਸਾਡੀ ਸ਼ੁਰੂਆਤ 2006 'ਚ ਹੋਈ ਸੀ ਅਤੇ ਸਵਾਮੀ ਕਰਮਵੀਰ ਦੀ ਫਰਮ 2015-16 'ਚ ਸ਼ੁਰੂ ਹੋਈ ਹੈ।'' ਉਨ੍ਹਾਂ ਨੇ ਕਿਹਾ ਕਿ ਕੋਰਟ ਨੇ ਮੰਗਲਵਾਰ ਨੂੰ ਕਲਪਾਮ੍ਰਿਤ 'ਤੇ ਮਹਿਰਿਸ਼ੀ ਪਤੰਜਲੀ ਪਰਿਵਾਰ ਦੇ ਨਾਂ ਨਾਲ ਹੀ ਹਰੇ ਅਤੇ ਕੇਸਰੀਆ ਲੋਗੋ ਦੀ ਵਰਤੋਂ ਕਰਨ 'ਤੇ ਰੋਕ ਲਗਾ ਦਿੱਤੀ। ਤਿਜਾਰਾਵਾਲਾ ਅਨੁਸਾਰ ਕਲਪਾਮ੍ਰਿਤ ਆਪਣੇ ਪ੍ਰੋਡਕਟਸ ਦੀ ਪੈਕਿੰਗ 'ਤੇ ਮਹਿਰਿਸ਼ੀ ਪਤੰਜਲੀ ਪਰਿਵਾਰ ਦਾ ਇਸਤੇਮਾਲ ਕਰ ਰਹੀ ਹੈ ਅਤੇ ਉਹ ਸਾਡੀ ਨਕਲ ਕਰ ਰਹੇ ਹਨ। ਸਵਾਮੀ ਜੀ (ਰਾਮਦੇਵ) ਨੇ ਪਤੰਜਲੀ ਦਾ ਨਾਂ 25 ਸਾਲ ਪਹਿਲਾਂ ਰਜਿਸਟਰਡ ਕਰਵਾਇਆ ਸੀ। ਪਿਛਲੇ ਕੁਝ ਸਾਲਾਂ ਤੋਂ ਰਾਮਦੇਵ ਦੀ ਪਤੰਜਲੀ ਨੇ ਮਾਰਕੀਟ ਦੀ ਸਥਿਤੀ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। 2016-17 'ਚ ਕੰਪਨੀ ਦਾ ਰੈਵੇਨਿਊ 10,500 ਕਰੋੜ ਰੁਪਏ ਸੀ।
ਹਾਲਾਂਕਿ ਕਲਪਾਮ੍ਰਿਤ ਦੇ ਬੁਲਾਰੇ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਫਰਮ ਦੇ ਖਿਲਾਫ ਅਦਾਲਤੀ ਮਾਮਲਾ ਦਾਖਲ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਨੇ ਦੱਸਿਆ,''ਸਾਨੂੰ ਕੋਰਟ ਤੋਂ ਕੋਈ ਨੋਟਿਸ ਨਹੀਂ ਮਿਲਿਆ ਹੈ ਅਤੇ ਸਾਡੇ ਕੋਲ ਇਸ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਹੈ। ਇਸ ਕਾਰਨ ਅਸੀਂ ਕੋਈ ਟਿੱਪਣੀ ਨਹੀਂ ਕਰ ਸਕਦੇ।'' ਕਲਪਾਮ੍ਰਿਤ ਦੀ ਵੈੱਬਸਾਈਟ ਅਨੁਸਾਰ ਸਵਾਮੀ ਕਰਮਵੀਰ, ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੇ ਆਪਣੀ ਯਾਤਰਾ ਦੀ ਸ਼ੁਰੂਆਤ 1990-91 'ਚ ਕੀਤੀ ਸੀ ਅਤੇ ਹਰਿਦੁਆਰ 'ਚ ਦਿਵਿਯ ਯੋਗ ਟਰੱਸਟ ਦੀ ਸਥਾਪਨਾ ਕੀਤੀ ਸੀ। ਵੈੱਬਸਾਈਟ 'ਤੇ ਦੱਸਿਆ ਗਿਆ ਹੈ ਕਿ ਕਲਪਾਮ੍ਰਿਤ ਆਯੂਰਵੇਦ ਪ੍ਰਾਈਵੇਟ ਲਿਮਟਿਡ ਮਸ਼ਹੂਰ ਯੋਗ ਗੁਰੂ ਅਤੇ ਆਯੂਰਵੇਦ ਦੇ ਮਾਹਰ ਸਵਾਮੀ ਕਰਮਵੀਰ ਦੇ ਮਾਰਗਦਰਸ਼ਨ 'ਚ ਕੰਮ ਕਰਦਾ ਹੈ। ਹਾਲਾਂਕਿ ਤਿਜਾਰਾਵਾਲਾ ਦਾ ਕਹਿਣਾ ਹੈ ਕਿ ਸਵਾਮੀ ਕਰਮਵੀਰ ਨੇ ਟਰੱਸਟ ਤੋਂ ਅਸਤੀਫਾ ਦੇ ਦਿੱਤਾ ਸੀ। ਕਲਪਾਮ੍ਰਿਤ ਅਜੇ ਵੱਖ-ਵੱਖ ਰਾਜਾਂ 'ਚ 100 ਤੋਂ ਵਧ ਫਰੇਂਚਾਈਜੀ ਸਟੋਰਜ਼ ਚਲਾਉਂਦਾ ਹੈ। ਇਨ੍ਹਾਂ ਸਟੋਰਜ਼ 'ਚ ਸ਼ਹਿਦ, ਜੈਮ, ਸਰ੍ਹੋਂ ਦਾ ਤੇਲ, ਮਸਾਲੇ, ਸਾਬਣ, ਹਰਬਲ ਟੀ, ਟੋਮੈਟੋ ਕੈਚਲ ਵਰਗੇ ਉਸ ਦੇ ਬਰੈਂਡੇਡ ਪ੍ਰੋਡਕਟਸ ਵੇਚੇ ਜਾਂਦੇ ਹਨ।
ਡੋਡਾ 'ਚ ਮਿੰਨੀ ਬੱਸ ਪਲਟਣ ਨਾਲ 2 ਦੀ ਮੌਤ, ਦਰਜਨਾਂ ਜ਼ਖਮੀ
NEXT STORY