ਛੱਤਰਪੁਰ— ਮੱਧ ਪ੍ਰਦੇਸ਼ ਦੇ ਛੱਤਰਪੁਰ 'ਚ ਲੋਕ ਗੰਦਾ ਪਾਣੀ ਪੀਣ ਨੂੰ ਮਜ਼ਬੂਰ ਹਨ। ਪਾਣੀ ਦੀ ਕਿੱਲਤ ਇੰਨੀ ਵਧ ਗਈ ਹੈ ਕਿ ਸਥਾਨਕ ਲੋਕ ਆਪਣੇ ਘਰ 'ਚ ਵਿਆਹ ਵਰਗਾ ਕੋਈ ਆਯੋਜਨ ਵੀ ਨਹੀਂ ਕਰਦੇ। ਵਿਆਹ ਕਰਨ ਲਈ ਉਨ੍ਹਾਂ ਨੂੰ ਦਿੱਲੀ ਜਾਂ ਹੋਰ ਸ਼ਹਿਰਾਂ 'ਚ ਜਾਣਾ ਪੈਂਦਾ ਹੈ। ਇਲਾਕੇ ਦੇ ਖੂਹਾਂ 'ਚ ਜੋ ਗੰਦਾ ਪਾਣੀ ਹੈ, ਉਸੇ ਨੂੰ ਕਿਸੇ ਤਰ੍ਹਾਂ ਸਾਫ਼ ਕਰ ਕੇ ਪੀਣਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਛੱਤਰਪੁਰ ਦੇ ਜਾਮਤੌਲੀ 'ਚ ਸਥਾਨਕ ਲੋਕ ਇਕ ਡੂੰਘੇ ਖੂਹ 'ਚੋਂ ਗੰਦਾ ਪਾਣੀ ਕੱਢਦੇ ਹਨ ਅਤੇ ਉਸ ਨੂੰ ਕੱਪੜੇ ਨਾਲ ਛਾਣ ਕੇ ਪੀਂਦੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ,''ਅਸੀਂ ਇੱਥੇ ਕਿਸੇ ਦੇ ਵਿਆਹ ਦਾ ਆਯੋਜਨ ਵੀ ਨਹੀਂ ਕਰ ਸਕਦੇ, ਇਸ ਲਈ ਸਾਨੂੰ ਦਿੱਲੀ ਜਾਣਾ ਪੈਂਦਾ ਹੈ। ਮੱਝਾਂ ਅਤੇ ਜਾਨਵਰ ਪਾਣੀ ਦੀ ਕਮੀ ਨਾਲ ਇਕਦਮ ਕਮਜ਼ੋਰ ਹੋ ਗਏ ਹਨ, ਅਜਿਹੇ 'ਚ ਸਾਨੂੰ ਭਾਰੀ ਬੋਝ ਅਤੇ ਬਾਕੀ ਸਾਮਾਨ ਵੀ ਖੁਦ ਹੀ ਲਿਜਾਉਣਾ ਪੈਂਦਾ ਹੈ।''
ਇਸ ਮਾਮਲੇ 'ਚ ਛੱਤਰਪੁਰ ਦੇ ਜਨ ਸਿਹਤ ਅਤੇ ਇੰਜੀਨੀਅਰਿੰਗ ਵਿਭਾਗ ਦੇ ਸਬ-ਡਿਵੀਜਨਲ ਅਫ਼ਸਰ ਏਜਾਜ ਖਾਨ ਦਾ ਕਹਿਣਾ ਹੈ,''ਅਸੀਂ ਇਕ ਡੂੰਘੀ ਬੋਰਿੰਗ ਕੀਤੀ ਅਤੇ ਸਾਨੂੰ 600 ਫੁੱਟ ਦੀ ਡੂੰਘਾਈ 'ਤੇ ਪਾਣੀ ਮਿਲਿਆ। ਹੁਣ ਅਸੀਂ ਇਸ 'ਚ ਸਬਮਸਿਰਬਲ ਪੰਪ ਫਿਟ ਕਰਾਂਗੇ। ਅਸੀਂ ਹੈਂਡਪੰਪ ਲਈ ਵੀ ਜਗ੍ਹਾ ਦੀ ਚੋਣ ਕੀਤੀ ਹੈ।'' ਜ਼ਿਕਰਯੋਗ ਹੈ ਕਿ ਛੱਤਰਪੁਰ ਜ਼ਿਲਾ ਵੀ ਉੱਤਰ ਪ੍ਰਦੇਸ਼ ਦੇ ਉਨ੍ਹਾਂ ਇਲਾਕਿਆਂ ਨਾਲ ਲੱਗਦਾ ਹੈ, ਜਿੱਥੇ ਪਾਣੀ ਦੀ ਸਭ ਤੋਂ ਵਧ ਸਮੱਸਿਆ ਹੈ। ਦੋਹਾਂ ਰਾਜਾਂ ਦੇ ਇਨ੍ਹਾਂ ਇਲਾਕਿਆਂ 'ਚ ਗਰਮੀਆਂ ਦੇ ਮੌਸਮ 'ਚ ਪਾਣੀ ਦੀ ਸਮੱਸਿਆ ਕਾਫੀ ਹੱਦ ਤੱਕ ਵਧ ਜਾਂਦੀ ਹੈ ਅਤੇ ਲੋਕ ਬੂੰਦ-ਬੂੰਦ ਪਾਣੀ ਨੂੰ ਤਰਸ ਰਹੇ ਹਨ।
ਬਿਹਾਰ: ਟਰੇਨ ਹਾਦਸੇ 'ਚ ਇਕ ਦੀ ਮੌਤ, 2 ਜ਼ਖਮੀ
NEXT STORY