ਕਾਲਾਕੁਰੀਚੀ- ਤਾਮਿਲਨਾਡੂ ਦੇ ਕਾਲਾਕੁਰੀਚੀ ਜ਼ਿਲ੍ਹੇ ਵਿਚ ਸ਼ਨੀਵਾਰ ਨੂੰ ਗੈਰ-ਕਾਨੂੰਨੀ ਜ਼ਹਿਰੀਲੀ ਦੇਸੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 53 ਹੋ ਗਈ। ਪ੍ਰਸ਼ਾਸਨ ਨੇ ਇਹ ਜਾਣਕਾਰੀ ਦਿੱਤੀ। ਪ੍ਰਸ਼ਾਸਨ ਨੇ ਦੱਸਿਆ ਕਿ ਗੈਰ-ਕਾਨੂੰਨੀ ਦੇਸੀ ਸ਼ਰਾਬ ਪੀਣ ਨਾਲ ਬੀਮਾਰ ਹੋਏ 140 ਲੋਕਾਂ ਦੀ ਹਾਲਤ ਹੁਣ ਸਥਿਰ ਹੈ। ਕਾਲਾਕੁਰੀਚੀ ਦੇ ਜ਼ਿਲ੍ਹਾ ਮੈਜਿਸਟਰੇਟ ਐਮ.ਐਸ. ਪ੍ਰਸ਼ਾਂਤ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਮੰਗਲਵਾਰ ਰਾਤ ਨੂੰ ਦੇਸੀ ਸ਼ਰਾਬ ਪੀਣ ਤੋਂ ਬਾਅਦ 193 ਲੋਕ ਬੀਮਾਰ ਹੋ ਗਏ ਅਤੇ ਉਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ। ਹਾਲਾਂਕਿ ਇਨ੍ਹਾਂ ਵਿਚੋਂ 140 ਦੀ ਹਾਲਤ ਸਥਿਰ ਹੈ। ਉਨ੍ਹਾਂ ਨੇ ਸਦਰ ਹਸਪਤਾਲ 'ਚ ਪੀੜਤਾਂ ਨੂੰ ਮਿਲਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੁਣ ਤੱਕ 53 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਇਸ ਘਟਨਾ ਦੇ ਸਬੰਧ 'ਚ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਜ਼ਹਿਰੀਲੀ ਸ਼ਰਾਬ ਨੇ ਹੁਣ ਤੱਕ ਲਈ 47 ਲੋਕਾਂ ਦੀ ਜਾਨ, ਹੋਰ 30 ਦੀ ਹਾਲਤ ਗੰਭੀਰ
ਪ੍ਰਸ਼ਾਂਤ ਨੇ ਦੱਸਿਆ ਕਿ ਪ੍ਰਸ਼ਾਸਨ ਕੋਲ ਦੇਸੀ ਸ਼ਰਾਬ ਪੀਣ ਨਾਲ ਬੀਮਾਰ ਹੋਏ ਲੋਕਾਂ ਦਾ ਇਲਾਜ ਕਰਨ ਲਈ ਦਵਾਈਆਂ ਦਾ ਉੱਚਿਤ ਭੰਡਾਰ ਹੈ। ਪ੍ਰਭਾਵਿਤ ਲੋਕਾਂ ਦੀ ਗਿਣਤੀ ਦਾ ਪਤਾ ਲਾਉਣ ਲਈ ਘਰ-ਘਰ ਜਾ ਕੇ ਗਣਨਾ ਵੀ ਕੀਤੀ ਜਾ ਰਹੀ ਹੈ। ਜ਼ਿਲ੍ਹਾ ਅਧਿਕਾਰੀ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਲੋਕਾਂ ਨੇ ਗੈਰ-ਕਾਨੂੰਨੀ ਜ਼ਹਿਰੀਲੀ ਦੇਸੀ ਸ਼ਰਾਬ ਪੀਤੀ ਹੈ, ਉਹ ਖ਼ੁਦ ਹੀ ਛੇਤੀ ਤੋਂ ਛੇਤੀ ਜਾਂਚ ਕਰਵਾਉਣ ਅਤੇ ਲੋੜ ਪੈਣ 'ਤੇ ਇਲਾਜ ਕਰਵਾਉਣ, ਤਾਂ ਕਿ ਉਨ੍ਹਾਂ ਦੀ ਜ਼ਿੰਦਗੀ ਨੂੰ ਖ਼ਤਰਾ ਨਾ ਹੋਵੇ।
ਭਾਜਪਾ ਦੇ ਨਵੇਂ ਮੁਖੀ ਦੀ ਨਿਯੁਕਤੀ ’ਚ ਸੰਘ ਦੀ ਹੋ ਸਕਦੀ ਹੈ ਅਹਿਮ ਭੂਮਿਕਾ
NEXT STORY