ਨਵੀਂ ਦਿੱਲੀ – ਭਾਰਤੀ ਕਿਸਾਨ ਯੂਨੀਅਨ ਅਤੇ ਸਰਕਾਰ ਵਿਚਾਲੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਮੰਗਲਵਾਰ ਨੂੰ ਇਥੇ ਹੋਈ ਮੀਟਿੰਗ ਵਿਚ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ’ਤੇ ਫਸਲਾਂ ਦੀ ਖਰੀਦ ਯਕੀਨੀ ਕਰਨ ਅਤੇ 10 ਸਾਲ ਪੁਰਾਣੇ ਟਰੈਕਟਰ ਦੀ ਖੇਤੀ ਕੰਮਾਂ ਵਿਚ ਵਰਤੋਂ ਜਾਰੀ ਰੱਖਣ ਸਮੇਤ 11 ਵਿਚੋਂ 7 ਮੰਗਾਂ ’ਤੇ ਸਹਿਮਤੀ ਬਣੀ। ਬਾਵਜੂਦ ਇਸ ਦੇ ਸਰਕਾਰ ਅਤੇ ਕਿਸਾਨਾਂ ਵਿਚਾਲੇ ਕੁਝ ਮੰਗਾਂ ਨੂੰ ਲੈ ਕੇ ਅੜਿੱਕਾ ਅਜੇ ਕਾਇਮ ਹੈ। ਦੂਸਰੇ ਪਾਸੇ ਸਰਕਾਰ ਅਗਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੋਈ ਵੀ ਜੋਖਮ ਨਹੀਂ ਉਠਾਉਣਾ ਚਾਹੁੰਦੀ। ਇਸ ਲਈ ਉਹ ਝੁਕ ਗਈ ਹੈ।
ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਘਰ ਹੋਈ ਇਸ ਮੀਟਿੰਗ ਵਿਚ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਬੈਠਕ ਵਿਚ ਖੇਤੀ ਮੰਤਰੀ ਰਾਧਾ ਮੋਹਨ ਸਿੰਘ ਅਤੇ ਖੇਤੀ ਰਾਜ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਵੀ ਹਾਜ਼ਰ ਸਨ। ਸ਼ੇਖਾਵਤ ਨੇ ਕਿਹਾ ਕਿ ਕਿਸਾਨ ਪ੍ਰਤੀਨਿਧੀਆਂ ਅਤੇ ਸਰਕਾਰ ਵਿਚਾਲੇ ਹੋਈ ਬੈਠਕ ਵਿਚ ਕਈ ਮੁੱਦਿਆਂ ’ਤੇ ਸਹਿਮਤੀ ਬਣੀ। ਸੂਤਰਾਂ ਅਨੁਸਾਰ ਐੱਮ. ਐੱਸ. ਪੀ. ’ਤੇ ਫਸਲਾਂ ਦੀ ਖਰੀਦ ਨੂੰ ਯਕੀਨੀ ਕਰਨ ਨੂੰ ਲੈ ਕੇ ਕੇਂਦਰ ਸਰਕਾਰ ਸੂਬਿਆਂ ਨਾਲ ਗੱਲ ਕਰੇਗੀ ਅਤੇ ਇਸ ਦੇ ਨਾਲ ਹੀ 10 ਸਾਲ ਤੋਂ ਵੱਧ ਪੁਰਾਣੇ ਟਰੈਕਟਰ ਖੇਤੀ ਕੰਮਾਂ ਵਿਚ ਬਣੇ ਰਹਿਣਗੇ। ਸਰਕਾਰ ਨੇ ਦਾਲਾਂ ਦੀ ਦਰਾਮਦ ਨਾ ਕਰਨ ਅਤੇ ਪ੍ਰਧਾਨ ਮੰਤਰੀ ਖੇਤੀ ਬੀਮਾ ਯੋਜਨਾ ਵਿਚ ਸੁਧਾਰ ਕਰਨ ’ਤੇ ਵਿਚਾਰ ਕਰਨ ਦਾ ਵੀ ਭਰੋਸਾ ਦਿੱਤਾ। ਸਰਕਾਰ ਨੇ ਕਿਹਾ ਕਿ ਕਿਸਾਨਾਂ ਦੇ ਗੰਨੇ ਦੇ ਬਕਾਏ ਦਾ ਭੁਗਤਾਨ ਜਲਦੀ ਕਰਾਉਣ ਦੇ ਯਤਨ ਕੀਤੇ ਜਾਣਗੇ।

ਪੁਲਸ ਨੇ ਹੰਝੂ ਗੈਸ ਦੇ ਗੋਲੇ ਦਾਗੇ, ਕਈ ਕਿਸਾਨ ਜ਼ਖ਼ਮੀ-
ਇਸ ਤੋਂ ਪਹਿਲਾਂ ਰਾਸ਼ਟਰੀ ਰਾਜਧਾਨੀ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਭਾਰਤੀ ਕਿਸਾਨ ਯੂਨੀਅਨ ਨਾਲ ਜੁੜੇ ਕਿਸਾਨਾਂ ’ਤੇ ਦਿੱਲੀ ਉੱਤਰ ਪ੍ਰਦੇਸ਼ ਹੱਦ ਦੇ ਨੇੜੇ ਗਾਜ਼ੀਪੁਰ ਵਿਚ ਪੁਲਸ ਨੇ ਹੰਝੂ ਗੈਸ ਦੇ ਗੋਲੇ ਦਾਗੇ। ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਦੀ ਅਗਵਾਈ ਵਿਚ ਕਿਸਾਨ ਕਰਜ਼ਾ ਮੁਆਫੀ ਅਤੇ ਹੋਰ ਮੰਗਾਂ ਨੂੰ ਲੈ ਕੇ ਰਾਜਧਾਨੀ ਵਿਚ ਪ੍ਰਦਰਸ਼ਨ ਲਈ ਆਉਣਾ ਚਾਹੁੰਦੇ ਸਨ। ਕਿਸਾਨਾਂ ਨੇ ਜਦੋਂ ਗਾਜ਼ੀਪੁਰ ਵਿਚ ਪੁਲਸ ਘੇਰਾਬੰਦੀ ਤੋੜ ਕੇ ਅੱਗੇ ਵਧਣ ਦਾ ਯਤਨ ਕੀਤਾ ਤਾਂ ਪੁਲਸ ਨੇ ਪਹਿਲਾਂ ਉਨ੍ਹਾਂ ’ਤੇ ਪਾਣੀ ਦੀ ਵਾਛੜ ਕੀਤੀ ਪਰ ਉਸ ਤੋਂ ਬਾਅਦ ਵੀ ਜਦੋਂ ਉਹ ਨਹੀਂ ਮੰਨੇ ਤਾਂ ਹੰਝੂ ਗੈਸ ਦੇ ਗੋਲੇ ਦਾਗੇ। ਇਸ ਦੌਰਾਨ ਕਈ ਕਿਸਾਨਾਂ ਨੂੰ ਸੱਟਾਂ ਵੀ ਲੱਗੀਆਂ।
ਸਰਕਾਰ ਦੇ ਭਰੋਸੇ ਤੋਂ ਸੰਤੁਸ਼ਟ ਨਹੀਂ : ਟਿਕੈਤ
ਆਪਣੀਆਂ ਮੰਗਾਂ ਨੂੰ ਲੈ ਕੇ ਰਾਸ਼ਟਰੀ ਰਾਜਧਾਨੀ ’ਚ ਦਾਖਲੇ ਦੀ ਕੋਸ਼ਿਸ਼ ਕਰ ਰਹੇ ਹਜ਼ਾਰਾਂ ਕਿਸਾਨਾਂ ਦੇ ਨੇਤਾ ਨਰੇਸ਼ ਟਿਕੈਤ ਨੇ ਮੰਗਲਵਾਰ ਨੂੰ ਸਰਕਾਰ ਦੇ ਇਸ ਭਰੋਸੇ ਨਾਲ ਇਤਫਾਕ ਨਹੀਂ ਜਤਾਇਆ ਕਿ ਮੁੱਖ ਮੰਤਰੀਆਂ ਦੀ ਇਕ ਕਮੇਟੀ ਉਨ੍ਹਾਂ ਦੀਆਂ ਮੰਗਾਂ 'ਤੇ ਵਿਚਾਰ ਕਰੇਗੀ। ਦਿੱਲੀ ਉੱਤਰ ਪ੍ਰਦੇਸ਼ ਦੀ ਹੱਦ ’ਤੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਮਿਲਣ ਤੋਂ ਬਾਅਦ ਕੇਂਦਰੀ ਖੇਤੀ ਰਾਜ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀ ਇਸ ਗੱਲ ਨੂੰ ਅੱਗੇ ਵਧਾਉਣ ਦਾ ਭਰੋਸਾ ਦਿਵਾ ਰਹੀ ਹੈ।
6 ਮੈਂਬਰੀ ਕਮੇਟੀ ਦੇ ਗਠਨ ਦਾ ਐਲਾਨ-
ਸੂਤਰਾਂ ਅਨੁਸਾਰ ਸਰਕਾਰ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ 6 ਮੈਂਬਰੀ ਕਮੇਟੀ ਗਠਿਤ ਕਰੇਗੀ। ਬੈਠਕ ਤੋਂ ਬਾਅਦ ਸ਼ੇਖਾਵਤ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਹੋਏ ਫੈਸਲੇ ਦੀ ਜਾਣਕਾਰੀ ਦੇਣ ਗਾਜ਼ੀਪੁਰ ਗਏ।
ਕਿਸਾਨਾਂ ਦੀ ਕੁੱਟ-ਮਾਰ ਨਾਲ ਸ਼ੁਰੂ ਹੋਇਆ ਭਾਜਪਾ ਦਾ ਗਾਂਧੀ ਜਯੰਤੀ ਸਮਾਰੋਹ : ਰਾਹੁਲ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ‘ਕਿਸਾਨ ਕ੍ਰਾਂਤੀ ਯਾਤਰਾ’ ਨੂੰ ਰੋਕਣ ਲਈ ਕਿਸਾਨਾਂ ’ਤੇ ਕਥਿਤ ਤੌਰ ’ਤੇ ਬਲ ਦੀ ਵਰਤੋਂ ਕੀਤੇ ਜਾਣ ਨੂੰ ਲੈ ਕੇ ਮੰਗਲਵਾਰ ਨੂੰ ਨਰਿੰਦਰ ਮੋਦੀ ਸਰਕਾਰ ’ਤੇ ਨਿਸ਼ਾਨਾ ਸਾਧਿਆ ਅਤੇ ਵਿਅੰਗ ਕਰਦੇ ਹੋਏ ਕਿਹਾ ਕਿ ‘ਕਿਸਾਨਾਂ ਦੀ ਘਿਨਾਉਣੀ ਕੁੱਟ-ਮਾਰ’ ਨਾਲ ਭਾਜਪਾ ਨੇ ਆਪਣੇ ਗਾਂਧੀ ਜਯੰਤੀ ਸਮਾਰੋਹ ਦੀ ਸ਼ੁਰੂਆਤ ਕੀਤੀ ਹੈ।
ਵਾਇਲਨ ਵਾਦਕ ਬਾਲਾ ਭਾਸਕਰ ਦਾ ਦਿਹਾਂਤ, ਹਾਦਸੇ ’ਚ ਹੋਏ ਸਨ ਜ਼ਖਮੀ
NEXT STORY