ਨਵੀਂ ਦਿੱਲੀ— ਨਰਿੰਦਰ ਮੋਦੀ ਸਰਕਾਰ ਵਿਚ ਕੇਂਦਰੀ ਸੈਰ-ਸਪਾਟਾ ਰਾਜ ਮੰਤਰੀ ਕੇ. ਜੇ. ਅਲਫੋਂਸ ਵਿਵਾਦਾਂ 'ਚ ਹੈ। ਸੋਸ਼ਲ ਮੀਡੀਆ ਵਿਚ ਉਨ੍ਹਾਂ ਦੀ ਇਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਸ਼ਹੀਦ ਦੀ ਮ੍ਰਿਤਕ ਦੇਹ ਵੱਲ ਪਿੱਠ ਦਿਖਾਉਂਦੇ ਹੋਏ ਫੋਟੋ ਖਿਚਵਾਉਂਦੇ ਨਜ਼ਰ ਆ ਰਹੇ ਹਨ। ਅਲਫੋਂਸ ਸ਼ਨੀਵਾਰ ਨੂੰ ਪੁਲਵਾਮਾ ਹਮਲੇ ਵਿਚ ਸ਼ਹੀਦ ਹੋਏ ਵੀ. ਵੀ. ਵਸੰਤਕੁਮਾਰ ਦੇ ਅੰਤਿਮ ਸੰਸਕਾਰ ਵਿਚ ਹਿੱਸਾ ਲੈਣ ਲਈ ਕੋਝੀਕੋਡ ਹਵਾਈ ਅੱਡੇ 'ਤੇ ਪਹੁੰਚੇ ਸਨ। ਇੱਥੋਂ ਸ਼ਹੀਦ ਵੀ. ਵੀ. ਵਸੰਤਕੁਮਾਰ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਘਰ ਵਾਇਨਾਡ ਲਿਜਾਇਆ ਗਿਆ। ਇਸ ਦੌਰਾਨ ਸ਼ਹੀਦ ਦੇ ਤਾਬੂਤ ਵੱਲ ਪਿੱਠ ਕਰ ਕੇ ਉਨ੍ਹਾਂ ਨੇ ਫੋਟੋ ਖਿਚਵਾਈ।
ਟਵਿੱਟਰ 'ਤੇ ਇਹ ਤਸਵੀਰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ, ''ਗੁੱਡ ਬਾਏ ਸ਼ਹੀਦ ਵਸੰਤਕੁਮਾਰ। ਅਸੀਂ ਤੁਹਾਡੇ ਕਾਰਨ ਜਿਊਂਦੇ ਹਾਂ।''
ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ ਤੋਂ ਪੋਸਟ ਕੀਤਾ ਸੀ ਪਰ ਵਿਵਾਦ ਵਧਦਾ ਦੇਖ ਕੇ ਉਨ੍ਹਾਂ ਨੇ ਆਪਣੀ ਤਸਵੀਰ ਹਟਾ ਲਈ। ਇਸ ਤਸਵੀਰ ਦੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਆਲੋਚਨਾ ਸ਼ੁਰੂ ਹੋ ਗਈ। ਉਨ੍ਹਾਂ ਨੇ ਟਵੀਟ 'ਚ ਲਿਖਿਆ, ''ਕੋਝੀਕੋਡ ਹਵਾਈ ਅੱਡੇ 'ਤੇ ਸ਼ਹੀਦ ਵੀ. ਵੀ. ਵਸੰਤਕੁਮਾਰ ਦਾ ਮਰਹੂਮ ਸਰੀਰ ਆ ਗਿਆ ਹੈ। ਅਸੀਂ ਹੁਣ ਵਾਇਨਾਡ ਵਿਚ ਉਨ੍ਹਾਂ ਦੇ ਘਰ ਜਾਣ ਵਾਲੇ ਹਾਂ। ਹਜ਼ਾਰਾਂ ਲੋਕ ਸੜਕ 'ਤੇ ਲਾਈਨ ਵਿਚ ਖੜ੍ਹੇ ਹਨ। #kashmirTerrorAttack #PulwamaTerrorAttack #CRPF
ਜ਼ਿਕਰਯੋਗ ਹੈ ਕਿ ਵੀਰਵਾਰ 14 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਅੱਤਵਾਦੀ ਹਮਲੇ ਵਿਚ ਸੀ. ਆਰ. ਪੀ. ਐੱਫ. ਦੇ 40 ਜਵਾਨ ਸ਼ਹੀਦ ਹੋ ਗਏ, ਜਿਨ੍ਹਾਂ ਵਿਚ ਵੀ. ਵੀ. ਵਸੰਤਕੁਮਾਰ ਵੀ ਹਨ। ਉਹ ਬੀਤੀ 8 ਫਰਵਰੀ ਨੂੰ ਆਪਣੇ ਘਰ ਤੋਂ ਕਸ਼ਮੀਰ ਗਏ ਸਨ।
ਸੂਬਿਆਂ 'ਚ 20 ਫਰਵਰੀ ਤੱਕ ਪੂਰੀ ਕਰੋ ਤਬਾਦਲਾ ਪ੍ਰਕਿਰਿਆ - ਚੋਣ ਕਮਿਸ਼ਨ
NEXT STORY