ਅਕੋਲਾ/ਮੁੰਬਈ (ਭਾਸ਼ਾ)– ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਵਿਨਾਇਕ ਦਾਮੋਦਰ ਸਾਵਰਕਰ ਨੇ ਅੰਗਰੇਜ਼ਾਂ ਦੀ ਮਦਦ ਕੀਤੀ ਸੀ ਅਤੇ ਜੇਲ ’ਚ ਰਹਿਣ ਦੌਰਾਨ ਉਨ੍ਹਾਂ ਮੁਆਫੀਨਾਮੇ ’ਤੇ ਹਸਤਾਖਰ ਕਰ ਕੇ ਮਹਾਤਮਾ ਗਾਂਧੀ ਅਤੇ ਹੋਰ ਸਮਕਾਲੀਨ ਭਾਰਤੀ ਨੇਤਾਵਾਂ ਨੂੰ ਧੋਖਾ ਦਿੱਤਾ ਸੀ। ਇਸ ਬਿਆਨ ’ਤੇ ਹੁਣ ਸਿਆਸੀ ਵਿਵਾਦ ਸ਼ੁਰੂ ਹੋ ਗਿਆ ਹੈ।
ਰਾਹੁਲ ਗਾਂਧੀ ਨੇ ਬੀਤੇ ਮੰਗਲਵਾਰ ਨੂੰ ਵੀ ਵਾਸ਼ਿਮ ਜ਼ਿਲੇ ’ਚ ਆਯੋਜਿਤ ਇਕ ਰੈਲੀ ’ਚ ਹਿੰਦੂਤਵ ਵਿਚਾਰਕ ਸਾਵਰਕਰ ’ਤੇ ਨਿਸ਼ਾਨਾ ਲਾਇਆ ਸੀ। ਰਾਹੁਲ ਗਾਂਧੀ ਨੇ ਵੀਰਵਾਰ ਨੂੰ ਵਿਨਾਇਕ ਸਾਵਰਕਰ ਦੇ ਮੁਆਫੀਨਾਮੇ ਦੀ ਇਕ ਕਾਪੀ ਵਿਖਾਉਂਦੇ ਹੋਏ ਇਕ ਵਾਰ ਫਿਰ ਨਿਸ਼ਾਨਾ ਲਾਇਆ।
ਉਨ੍ਹਾਂ ਦਾਅਵਾ ਕੀਤਾ ਕਿ ਸਾਵਰਕਰ ਜੀ ਨੇ ਅੰਗਰੇਜ਼ਾਂ ਦੀ ਮਦਦ ਕੀਤੀ। ਉਨ੍ਹਾਂ ਅੰਗਰੇਜ਼ਾਂ ਨੂੰ ਚਿੱਠੀ ਲਿਖ ਕੇ ਕਿਹਾ- ਸਰ, ਮੈਂ ਤੁਹਾਡਾ ਨੌਕਰ ਰਹਿਣਾ ਚਾਹੁੰਦਾ ਹਾਂ। ਰਾਹੁਲ ਗਾਂਧੀ ਨੇ ਇਹ ਵੀ ਕਿਹਾ ਕਿ ਜਦੋਂ ਸਾਵਰਕਰ ਜੀ ਨੇ ਮੁਆਫੀਨਾਮੇ ’ਤੇ ਹਸਤਾਖਰ ਕੀਤੇ ਤਾਂ ਉਸ ਦਾ ਕਾਰਨ ਡਰ ਸੀ। ਜੇਕਰ ਉਹ ਡਰਦੇ ਨਹੀਂ ਤਾਂ ਉਹ ਕਦੀ ਹਸਤਾਖਰ ਨਹੀਂ ਕਰਦੇ। ਇਸ ਨਾਲ ਉਨ੍ਹਾਂ ਮਹਾਤਮਾ ਗਾਂਧੀ ਅਤੇ ਉਸ ਸਮੇਂ ਦੇ ਨੇਤਾਵਾਂ ਨਾਲ ਧੋਖਾ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ’ਚ ਇਕ ਪਾਸੇ ਮਹਾਤਮਾ ਗਾਂਧੀ ਦੀ ਵਿਚਾਰਧਾਰਾ ਹੈ ਅਤੇ ਦੂਜੇ ਪਾਸੇ ਸਾਵਰਕਰ ਨਾਲ ਜੁੜੀ ਵਿਚਾਰਧਾਰਾ ਹੈ।
ਨਾਰਾਜ਼ ਊਧਵ ਬੋਲੇ-ਮੈਂ ਸਹਿਮਤ ਨਹੀਂ
ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਵੀ. ਡੀ. ਸਾਵਰਕਰ ਦਾ ਬਹੁਤ ਸਨਮਾਨ ਕਰਦੀ ਹੈ ਅਤੇ ਉਹ ਆਜ਼ਾਦੀ ਘੁਲਾਟੀਏ ’ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਟਿੱਪਣੀ ਨਾਲ ਸਹਿਮਤ ਨਹੀਂ ਹੈ। ਸ਼ਿਵਸੈਨਾ ਦੇ ਇਕ ਧੜੇ ਦੇ ਮੁਖੀ ਠਾਕਰੇ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ’ਚ ਇਹ ਵੀ ਪੁੱਛਿਆ ਕਿ ਕੇਂਦਰ ਨੇ ਹਿੰਦੂਤਵ ਵਿਚਾਰਕ ਸਾਵਰਕਰ ਨੂੰ ਭਾਰਤ ਰਤਨ ਕਿਉਂ ਨਹੀਂ ਦਿੱਤਾ।
ਉਨ੍ਹਾਂ ਕਿਹਾ ਕਿ ਅਸੀਂ ਸਾਵਰਕਰ ’ਤੇ ਰਾਹੁਲ ਗਾਂਧੀ ਦੀ ਟਿੱਪਣੀ ਨੂੰ ਸਵੀਕਾਰ ਨਹੀਂ ਕਰਦੇ ਹਾਂ। ਵੀਰ ਸਾਵਰਕਰ ਪ੍ਰਤੀ ਸਾਡੇ ਮਨ ’ਚ ਬਹੁਤ ਸਨਮਾਨ ਅਤੇ ਆਸਥਾ ਹੈ ਅਤੇ ਇਸ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੇ ਬੇਟੇ ਅਤੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਅਦਿਤਿਆ ਠਾਕਰੇ ਪਿਛਲੇ ਹਫਤੇ ਰਾਹੁਲ ਗਾਂਧੀ ਦੀ ਅਗਵਾਈ ਵਾਲੀ ‘ਭਾਰਤ ਜੋੜੋ ਯਾਤਰਾ’ ’ਚ ਸ਼ਾਮਲ ਹੋਏ ਸਨ। ਆਪਣੀ ਯਾਤਰਾ ਤਹਿਤ ਮੰਗਲਵਾਰ ਨੂੰ ਵਾਸ਼ਿਮ ਜ਼ਿਲੇ ’ਚ ਆਯੋਜਿਤ ਇਕ ਰੈਲੀ ਦੌਰਾਨ ਗਾਂਧੀ ਨੇ ਕਿਹਾ ਸੀ ਕਿ ਸਾਵਰਕਰ ਭਾਜਪਾ ਅਤੇ ਆਰ. ਐੱਸ. ਐੱਸ ਦੇ ਪ੍ਰਤੀਕ ਹਨ।
ਇਸ ਤੋਂ ਬਾਅਦ ਮਹਾਰਾਸ਼ਟਰ ਦੇ ਉਪ-ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਰਾਹੁਲ ਗਾਂਧੀ ਦੀ ਅਾਲੋਚਨਾ ਕਰਦੇ ਹੋਏ ਕਿਹਾ ਸੀ ਕਿ ਉਹ ਆਜ਼ਾਦੀ ਘੁਲਾਟੀਏ ਬਾਰੇ ਪੂਰੀ ਤਰ੍ਹਾਂ ਝੂਠ ਬੋਲ ਰਹੇ ਹਨ।
ਸਾਵਰਕਰ ਦੇ ਪੋਤੇ ਨੇ ਰਾਹੁਲ ਗਾਂਧੀ ਵਿਰੁੱਧ ਦਰਜ ਕਰਵਾਈ ਸ਼ਿਕਾਇਤ
ਹਿੰਦੂਤਵ ਵਿਚਾਰਕ ਵਿਨਾਇਕ ਦਾਮੋਦਰ ਸਾਵਰਕਰ ਦੇ ਪੋਤੇ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਵਿਰੁੱਧ ਆਜ਼ਾਦੀ ਘੁਲਾਟੀਏ ਦਾ ਕਥਿਤ ਤੌਰ ’ਤੇ ਅਪਮਾਨ ਕਰਨ ਦਾ ਮਾਮਲਾ ਵੀਰਾਰ ਨੂੰ ਦਰਜ ਕਰਵਾਇਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਮਰਹੂਮ ਆਜ਼ਾਦੀ ਘੁਲਾਟੀਏ ਦੇ ਪੋਤੇ ਰੰਜੀਤ ਸਾਵਰਕਰ ਨੇ ਇਥੇ ਸ਼ਿਵਾਜੀ ਪਾਰਕ ਥਾਣੇ ’ਚ ਦਰਜ ਕਰਵਾਈ ਗਈ ਸ਼ਿਕਾਇਤ ’ਚ ਇਹ ਵੀ ਮੰਗ ਕੀਤੀ ਕਿ ਇਸ ਤਰ੍ਹਾਂ ਦੇ ਬਿਆਨ ਦੇਣ ਲਈ ਮਹਾਰਾਸ਼ਟਰ ਕਾਂਗਰਸ ਦੇ ਪ੍ਰਧਾਨ ਨਾਨਾ ਪਟੋਲੇ ’ਤੇ ਵੀ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ।
ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਅਜੇ ਤੱਕ ਕੋਈ ਸ਼ਿਕਾਇਤ ਦਰਜ ਨਹੀਂ ਕੀਤੀ ਗਈ ਹੈ। ਅਸੀਂ ਅੱਗੇ ਦੀ ਜਾਂਚ ਕਰ ਰਹੇ ਹਾਂ।
ਰਾਮ ਰਹੀਮ ਦੇ ਸਤਿਸੰਗ ’ਚ ਹੰਗਾਮਾ, ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਦੇ ਕਾਰਕੁਨਾਂ ਨੇ ਪਾੜੇ ਪੋਸਟਰ
NEXT STORY