ਨਵੀਂ ਦਿੱਲੀ, (ਭਾਸ਼ਾ)- ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਮੰਗਲਵਾਰ ਨੂੰ ਇਕ ਅਮਰੀਕੀ ਅਧਿਕਾਰੀ ਦੀ ਇਸ ਟਿੱਪਣੀ ਨੂੰ ਖਾਰਿਜ ਕਰ ਦਿੱਤਾ ਕਿ ਰਾਹੁਲ ਗਾਂਧੀ ਦੇ ਮਾਮਲੇ ’ਤੇ ਅਮਰੀਕਾ ਦੀ ਨਜ਼ਰ ਹੈ। ਅਨੁਰਾਗ ਨੇ ਕਿਹਾ ਕਿ ਕਾਂਗਰਸ ਨੇਤਾ ਦੀ ਲੋਕ ਸਭਾ ਤੋਂ ਅਯੋਗਤਾ ਭਾਰਤ ਦਾ ਅੰਦਰੂਨੀ ਮਾਮਲਾ ਹੈ। ਕੋਈ ਵੀ ਸੁਪਰੀਮ ਕੋਰਟ ਤੋਂ ਉੱਪਰ ਨਹੀਂ ਹੈ। ਨਿਆਂਇਕ ਅਤੇ ਸੰਵਿਧਾਨਕ ਸੰਸਥਾਵਾਂ ਹਨ। ਉਨ੍ਹਾਂ ਨੇ (ਅਮਰੀਕਾ) ਇਕ ਆਮ ਬਿਆਨ ਦਿੱਤਾ ਹੈ।
ਇਸ ਦਰਮਿਆਨ ਅਨੁਰਾਗ ਠਾਕੁਰ ਨੇ ਸਵਾਲ ਕੀਤਾ ਕਿ ਜਦੋਂ ਰਾਹੁਲ ਨੂੰ ਮਾਣਹਾਨੀ ਦੇ ਇਕ ਮਾਮਲੇ ’ਚ ਦੋਸ਼ੀ ਠਹਿਰਾਇਆ ਗਿਆ ਸੀ, ਤਾਂ ਕਾਂਗਰਸ ਦਾ ਕੋਈ ਉੱਘਾ ਵਕੀਲ ਉਨ੍ਹਾਂ ਦੀ ਮਦਦ ਲਈ ਅੱਗੇ ਕਿਉਂ ਨਹੀਂ ਆਇਆ? ਅਨੁਰਾਗ ਨੇ ਕਿਹਾ ਕਿ ਕੀ ਇਹ ਜਾਣ-ਬੁੱਝ ਕੇ ਕੀਤਾ ਗਿਆ ਸੀ? ਕੀ ਕਾਂਗਰਸ ਦੇ ਅੰਦਰ ਕੋਈ ਸਾਜ਼ਿਸ਼ ਹੈ? ਹੈਰਾਨੀ ਦੀ ਗੱਲ ਹੈ ਕਿ ਵਕੀਲਾਂ ਦੀ ਇਕ ਪੂਰੀ ਫੌਜ ਇਕ ਘੰਟੇ ਦੇ ਅੰਦਰ ਪਵਨ ਖੇੜਾ ਦੇ ਬਚਾਅ ’ਚ ਆ ਗਈ ਸੀ ਪਰ ਕਾਂਗਰਸ ਨੇਤਾਵਾਂ ਨੇ ਰਾਹੁਲ ਗਾਂਧੀ ਦੇ ਸਮਰਥਨ ’ਚ ਅਦਾਲਤ ਦਾ ਰੁਖ਼ ਕਿਉਂ ਨਹੀਂ ਕੀਤਾ? ਇਹ ਇਕ ਵੱਡਾ ਸਵਾਲ ਹੈ।
ਅਨੁਰਾਗ ਨੇ ਰਾਹੁਲ ਨੂੰ ‘ਬੇਲਗਾਮ’ ਅਤੇ ਆਦਤਨ ‘ਅਪਰਾਧੀ’ ਕਰਾਰ ਦਿੱਤਾ, ਜਿਨ੍ਹਾਂ ਖਿਲਾਫ ਚੋਟੀ ਦੀ ਅਦਾਲਤ ਵੱਲੋਂ ਸੁਚੇਤ ਕੀਤੇ ਜਾਣ ਤੋਂ ਬਾਅਦ ਵੀ ਵੱਖ-ਵੱਖ ਅਦਾਲਤਾਂ ’ਚ ਮਾਣਹਾਨੀ ਦੇ 7 ਮਾਮਲੇ ਦਰਜ ਹਨ। ਅਨੁਰਾਗ ਠਾਕੁਰ ਨੇ ਸਪੱਸ਼ਟ ਕੀਤਾ ਕਿ ਰਾਹੁਲ ਨੂੰ ਲੋਕ ਸਭਾ ਦੀ ਮੈਂਬਰਸ਼ਿਪ ਤੋਂ ਅਯੋਗ ਠਹਿਰਾਏ ਜਾਣ ’ਚ ਨਾ ਤਾਂ ਸਰਕਾਰ ਤੇ ਨਾ ਹੀ ਲੋਕ ਸਭਾ ਸਕੱਤਰੇਤ ਦੀ ਕੋਈ ਭੂਮਿਕਾ ਹੈ।
ਰਾਹੁਲ ਗਾਂਧੀ ਨੇ ਆਪਣੇ ਹੰਕਾਰ ਕਾਰਨ ਗੁਆਈ ਸੰਸਦ ਦੀ ਮੈਂਬਰਸ਼ਿਪ: ਰੇਲ ਮੰਤਰੀ ਵੈਸ਼ਣਵ
NEXT STORY