ਇੰਦੌਰ- ਬਹੁਤ ਚਰਚਿਤ ਰਾਜਾ ਰਘੂਵੰਸ਼ੀ ਕਤਲਕਾਂਡ ਦੀਆਂ ਕੜੀਆਂ ਨੂੰ ਜੋੜਨ ਲਈ ਮੇਘਾਲਿਆ ਪੁਲਸ ਦੀ ਇਕ ਜਾਂਚ ਟੀਮ ਬੁੱਧਵਾਰ ਨੂੰ ਇੰਦੌਰ 'ਚ ਮੁੱਖ ਦੋਸ਼ੀ ਸੋਨਮ ਦੇ ਪੇਕੇ ਘਰ ਪਹੁੰਚੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ। ਚਸ਼ਮਦੀਦਾਂ ਨੇ ਦੱਸਿਆ ਕਿ ਮੇਘਾਲਿਆ ਪੁਲਸ ਦੀ ਜਾਂਚ ਟੀਮ ਸ਼ਹਿਰ ਦੇ ਗੋਵਿੰਦ ਨਗਰ ਖਾਰਚਾ ਇਲਾਕੇ 'ਚ ਸੋਨਮ ਦੇ ਪੇਕੇ ਘਰ ਪਹੁੰਚੀ, ਜਿਸ ਤੋਂ ਬਾਅਦ ਘਰ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਦਿੱਤਾ ਗਿਆ। ਚਸ਼ਮਦੀਦਾਂ ਮੁਤਾਬਕ ਮੇਘਾਲਿਆ ਪੁਲਸ ਦੀ ਟੀਮ ਦੋ ਘੰਟੇ ਤੱਕ ਸੋਨਮ ਦੇ ਪੇਕੇ ਘਰ ਮੌਜੂਦ ਰਹੀ। ਮੇਘਾਲਿਆ ਪੁਲਸ ਦੀ ਟੀਮ ਦੇ ਸੋਨਮ ਦੇ ਪੇਕੇ ਘਰ ਤੋਂ ਬਾਹਰ ਨਿਕਲਣ ਦੇ ਤੁਰੰਤ ਬਾਅਦ ਉਸ ਦਾ ਭਰਾ ਗੋਵਿੰਦ ਇਕ ਕਾਰ ਵਿਚ ਸਵਾਰ ਹੋ ਗਿਆ ਅਤੇ ਮੌਕੇ ਤੋਂ ਰਵਾਨਾ ਹੋ ਗਿਆ।
ਵਿਸਥਾਰ ਵਿਚ ਜਾਣਕਾਰੀ ਦਿੱਤੇ ਬਿਨਾਂ ਗੋਵਿੰਦ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੇਘਾਲਿਆ ਪੁਲਸ ਨੇ ਸੋਨਮ ਦੇ ਵਿਵਹਾਰ ਬਾਰੇ ਉਸ ਤੋਂ ਅਤੇ ਉਸਦੇ ਪਰਿਵਾਰਕ ਮੈਂਬਰਾਂ ਤੋਂ 'ਪੁੱਛਗਿੱਛ' ਕੀਤੀ। ਰਾਜਾ ਰਘੂਵੰਸ਼ੀ ਕਤਲਕਾਂਡ ਤੋਂ ਪਹਿਲਾਂ ਸੰਜੇ ਵਰਮਾ ਨਾਮਕ ਕਿਸੇ ਵਿਅਕਤੀ ਨਾਲ ਸੋਨਮ ਵਲੋਂ ਕਈ ਵਾਰ ਫੋਨ 'ਤੇ ਲੰਬੀ ਗੱਲਬਾਤ ਕਰਨ ਦੀਆਂ ਖ਼ਬਰਾਂ 'ਤੇ ਗੋਵਿੰਦ ਨੇ ਕਿਹਾ ਕਿ ਉਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਰਾਜਾ ਰਘੂਵੰਸ਼ੀ ਦੇ ਪਰਿਵਾਰ ਨੇ ਮੰਗ ਕੀਤੀ ਹੈ ਕਿ ਕਤਲ ਦੀ ਪੂਰੀ ਸੱਚਾਈ ਸਾਹਮਣੇ ਲਿਆਉਣ ਲਈ ਸੋਨਮ ਦੇ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਨਾਰਕੋ ਟੈਸਟ ਕਰਵਾਇਆ ਜਾਵੇ। ਇਸ ਮੰਗ 'ਤੇ ਸੋਨਮ ਦੇ ਭਰਾ ਗੋਵਿੰਦ ਨੇ ਕਿਹਾ ਕਿ ਉਨ੍ਹਾਂ ਨੇ ਕੋਈ "ਪਾਪ" ਨਹੀਂ ਕੀਤਾ ਹੈ ਪਰ ਜੇਕਰ ਕਿਸੇ ਨੂੰ ਕੋਈ ਸ਼ੱਕ ਹੈ ਤਾਂ ਉਹ ਹਰ ਤਰ੍ਹਾਂ ਦੀ ਜਾਂਚ ਕਰਵਾਉਣ ਲਈ ਤਿਆਰ ਹੈ।
ਰਾਜਾ ਦੇ ਵੱਡੇ ਭਰਾ ਵਿਪਿਨ ਰਘੂਵੰਸ਼ੀ ਨੇ ਕਿਹਾ ਕਿ ਮੇਘਾਲਿਆ ਪੁਲਸ ਦੀ ਤਿੰਨ ਮੈਂਬਰੀ ਟੀਮ ਲਗਭਗ ਅੱਧੇ ਘੰਟੇ ਤੱਕ ਸਾਡੇ ਘਰ ਰਹੀ। ਟੀਮ ਨੇ ਸਾਨੂੰ ਸੋਨਮ ਦੇ ਵਿਵਹਾਰ ਬਾਰੇ ਪੁੱਛਗਿੱਛ ਕੀਤੀ। ਸਾਨੂੰ ਇਹ ਵੀ ਪੁੱਛਿਆ ਗਿਆ ਕਿ ਵਿਆਹ ਤੋਂ ਬਾਅਦ ਸੋਨਮ ਸਾਡੇ ਘਰ ਕਿੰਨੇ ਦਿਨ ਰਹੀ?" ਰਾਜਾ ਰਘੂਵੰਸ਼ੀ ਦੀ ਪਤਨੀ ਸੋਨਮ, ਉਸਦੇ ਕਥਿਤ ਪ੍ਰੇਮੀ ਰਾਜ ਕੁਸ਼ਵਾਹ (20) ਅਤੇ ਕੁਸ਼ਵਾਹ ਦੇ ਤਿੰਨ ਦੋਸਤ - ਵਿਸ਼ਾਲ ਚੌਹਾਨ, ਆਕਾਸ਼ ਰਾਜਪੂਤ ਅਤੇ ਆਨੰਦ ਕੁਰਮੀ ਨੂੰ 23 ਮਈ ਨੂੰ ਰਾਜਾ ਰਘੂਵੰਸ਼ੀ ਦੇ ਕਤਲ ਦੀ ਸਾਜ਼ਿਸ਼ ਵਿਚ ਸ਼ਾਮਲ ਹੋਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਆਪਣੇ ਹਨੀਮੂਨ ਲਈ ਮੇਘਾਲਿਆ ਗਏ ਸਨ। ਰਘੂਵੰਸ਼ੀ 23 ਮਈ ਨੂੰ ਮੇਘਾਲਿਆ ਵਿਚ ਆਪਣੇ ਹਨੀਮੂਨ ਦੌਰਾਨ ਲਾਪਤਾ ਹੋ ਗਿਆ ਸੀ ਅਤੇ ਉਸ ਦੀ ਲਾਸ਼ 2 ਜੂਨ ਨੂੰ ਪੂਰਬੀ ਖਾਸੀ ਪਹਾੜੀਆਂ ਜ਼ਿਲ੍ਹੇ ਦੇ ਸੋਹਰਾ ਖੇਤਰ (ਜਿਸਨੂੰ ਚੇਰਾਪੂੰਜੀ ਵੀ ਕਿਹਾ ਜਾਂਦਾ ਹੈ) ਵਿਚ ਇਕ ਝਰਨੇ ਦੇ ਨੇੜੇ ਇਕ ਡੂੰਘੀ ਖੱਡ ਵਿੱਚ ਮਿਲੀ ਸੀ।
ਸੋਨਮ ਨੇ 8 ਜੂਨ ਨੂੰ ਦੇਰ ਰਾਤ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਜ਼ਿਲ੍ਹੇ ਵਿਚ ਪੁਲਸ ਅੱਗੇ ਆਤਮ ਸਮਰਪਣ ਕਰ ਦਿੱਤਾ, ਜਦੋਂ ਕਿ ਕੁਸ਼ਵਾਹਾ ਸਮੇਤ ਚਾਰ ਦੋਸ਼ੀਆਂ ਨੂੰ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਖੇਤਰਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਰਾਜਾ ਰਘੂਵੰਸ਼ੀ ਦਾ ਪਰਿਵਾਰ ਟਰਾਂਸਪੋਰਟ ਕਾਰੋਬਾਰ ਨਾਲ ਜੁੜਿਆ ਹੋਇਆ ਹੈ। ਰਾਜਾ ਰਘੂਵੰਸ਼ੀ ਨੇ 11 ਮਈ ਨੂੰ ਇੰਦੌਰ ਵਿਚ ਸੋਨਮ ਨਾਲ ਵਿਆਹ ਕੀਤਾ ਸੀ ਅਤੇ ਉਹ 20 ਮਈ ਨੂੰ ਹਨੀਮੂਨ ਲਈ ਮੇਘਾਲਿਆ ਰਵਾਨਾ ਹੋ ਗਏ ਸਨ। ਮੇਘਾਲਿਆ ਪੁਲਸ ਦੀ ਵਿਸ਼ੇਸ਼ ਜਾਂਚ ਟੀਮ (SIT) ਰਾਜਾ ਰਘੂਵੰਸ਼ੀ ਦੇ ਕਤਲ ਦੀ ਵਿਸਥਾਰ ਨਾਲ ਜਾਂਚ ਕਰ ਰਹੀ ਹੈ।
CTET 'ਚ ਭੈਣ ਦੇ ਬਦਲੇ ਪ੍ਰੀਖਿਆ ਦੇਣ ਵਾਲੀ ਔਰਤ ਨੂੰ SC ਨੇ ਜ਼ਮਾਨਤ ਦੇਣ ਤੋਂ ਕੀਤੀ ਨਾਂਹ
NEXT STORY