ਨੈਸ਼ਨਲ ਡੈਸਕ- ਤਮਿਲਨਾਡੂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਦੋ ਦਿਨ ਬਾਅਦ, ਸੁਪਰਸਟਾਰ ਰਜਨੀਕਾਂਤ ਨੇ ਬੁੱਧਵਾਰ ਨੂੰ ਅਲਵਰਪੇਟ ਸਥਿਤ ਡੀ.ਐੱਮ.ਕੇ. ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਦੇ ਨਿਵਾਸ 'ਤੇ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਰਜਨੀਕਾਂਤ ਨੇ ਚੋਣਾਂ ਵਿੱਚ ਡੀ.ਐੱਮ.ਕੇ. ਦੀ ਹਾਰ ਤੋਂ ਬਾਅਦ ਸਟਾਲਿਨ ਨਾਲ ਹਮਦਰਦੀ ਅਤੇ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ। ਰਜਨੀਕਾਂਤ ਨੇ ਪਹਿਲਾਂ ਵੀ ਸਟਾਲਿਨ ਨੂੰ ਭਾਰਤੀ ਰਾਜਨੀਤੀ ਦੇ ਚੋਟੀ ਦੇ ਨੇਤਾਵਾਂ ਵਿੱਚੋਂ ਇੱਕ ਦੱਸਿਆ ਸੀ।
ਇਹ ਮੁਲਾਕਾਤ ਅਜਿਹੇ ਸਮੇਂ ਹੋਈ ਹੈ ਜਦੋਂ ਰਾਜਨੀਤੀ ਵਿੱਚ ਰਜਨੀਕਾਂਤ ਦੇ ਪ੍ਰਵੇਸ਼ ਨਾ ਕਰਨ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਤਮਿਲਗਾ ਵੇਤਰੀ ਕੜਗਮ ਦੇ ਨੇਤਾ ਆਧਵ ਅਰਜੁਨ ਨੇ ਮਾਰਚ ਵਿੱਚ ਦਾਅਵਾ ਕੀਤਾ ਸੀ ਕਿ ਰਜਨੀਕਾਂਤ ਨੇ ਡੀਐਮਕੇ ਵੱਲੋਂ ਮਿਲੀ ਕਥਿਤ ਧਮਕੀ ਅਤੇ ਦਬਾਅ ਕਾਰਨ ਰਾਜਨੀਤੀ ਵਿੱਚ ਕਦਮ ਨਹੀਂ ਰੱਖਿਆ। ਇਨ੍ਹਾਂ ਦੋਸ਼ਾਂ ਤੋਂ ਬਾਅਦ ਰਜਨੀਕਾਂਤ ਨੇ 17 ਮਾਰਚ ਨੂੰ ਅਰਜੁਨ ਨੂੰ ਇੱਕ ਚਿੱਠੀ ਲਿਖੀ ਸੀ, ਜਿਸ ਵਿੱਚ ਉਨ੍ਹਾਂ ਨੇ ਰਹੱਸਮਈ ਅੰਦਾਜ਼ ਵਿੱਚ ਕਿਹਾ ਸੀ- "ਸਮਾਂ ਖ਼ੁਦ ਕੁਝ ਨਹੀਂ ਬੋਲੇਗਾ, ਪਰ ਸਹੀ ਵਕਤ ਆਉਣ 'ਤੇ ਉਹ ਆਪਣਾ ਜਵਾਬ ਜ਼ਰੂਰ ਦੇਵੇਗਾ।"
ਜ਼ਿਕਰਯੋਗ ਹੈ ਕਿ ਤਮਿਲਨਾਡੂ ਦੀਆਂ ਇਨ੍ਹਾਂ ਚੋਣਾਂ ਵਿੱਚ ਅਦਾਕਾਰ ਤੋਂ ਨੇਤਾ ਬਣੇ ਵਿਜੇ ਦੀ ਪਾਰਟੀ 108 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ, ਜਦਕਿ ਸਟਾਲਿਨ ਦੀ ਡੀ.ਐੱਮ.ਕੇ. 59 ਸੀਟਾਂ 'ਤੇ ਸਿਮਟ ਗਈ ਹੈ। ਅਜਿਹੇ ਸਿਆਸੀ ਬਦਲਾਅ ਦੇ ਦੌਰ ਵਿੱਚ ਰਜਨੀਕਾਂਤ ਦਾ ਸਟਾਲਿਨ ਨੂੰ ਮਿਲਣਾ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ।
ਸੈਕਸਟੌਰਸ਼ਨ ਗਿਰੋਹ ਦਾ ਪਰਦਾਫਾਸ਼ ! ਦਿੱਲੀ ਪੁਲਸ ਨੇ ਮੇਵਾਤ ਤੋਂ ਗ੍ਰਿਫ਼ਤਾਰ ਕੀਤਾ ਸਰਗਨਾ
NEXT STORY