ਅਯੁੱਧਿਆ - ਰਾਮ ਮੰਦਰ ਦੇ ਚੜ੍ਹਾਵੇ ’ਚ ਕਥਿਤ ਚੋਰੀ ਅਤੇ ਆਰਥਿਕ ਬੇਨਿਯਮੀਆਂ ਦੀ ਐੱਸ. ਆਈ. ਟੀ. ਜਾਂਚ ਹੁਣ ਮੁਲਜ਼ਮਾਂ ਦੇ ਕਰੀਬੀਆਂ ਦੀਆਂ ਜਾਇਦਾਦਾਂ ਤੱਕ ਪਹੁੰਚ ਗਈ ਹੈ। ਅਯੁੱਧਿਆ ਪੁਲਸ ਅਤੇ ਐੱਸ. ਆਈ. ਟੀ. ਨੇ 8 ਨਾਮਜ਼ਦ ਮੁਲਜ਼ਮਾਂ ਦੇ ਨਾਲ ਉਨ੍ਹਾਂ ਦੇ 54 ਰਿਸ਼ਤੇਦਾਰਾਂ ਅਤੇ ਕਰੀਬੀਆਂ ਦੀ ਸੂਚੀ ਤਿਆਰ ਕਰ ਕੇ ਲਖਨਊ ਪ੍ਰਸ਼ਾਸਨ ਨੂੰ ਭੇਜੀ ਹੈ। ਜਾਂਚ ਏਜੰਸੀਆਂ ਨੇ ਪਿਛਲੇ 2 ਸਾਲਾਂ ’ਚ ਇਨ੍ਹਾਂ ਲੋਕਾਂ ਦੇ ਨਾਂ ਖਰੀਦੀ ਜਾਂ ਇੰਤਕਾਲ ਕੀਤੀ ਗਈ ਖੇਤੀਬਾੜੀ ਅਤੇ ਗੈਰ-ਖੇਤੀਬਾੜੀ ਜ਼ਮੀਨ ਸਮੇਤ ਮਕਾਨ, ਫਲੈਟ ਤੇ ਹੋਰ ਅਚੱਲ ਜਾਇਦਾਦਾਂ ਦਾ ਵੇਰਵਾ ਮੰਗਿਆ ਹੈ।
ਅਯੁੱਧਿਆ ਦੇ ਸੀਨੀਅਰ ਪੁਲਸ ਸੁਪਰਡੈਂਟ ਵੱਲੋਂ ਲਖਨਊ ਦੇ ਜ਼ਿਲਾ ਮੈਜਿਸਟ੍ਰੇਟ ਨੂੰ ਭੇਜੇ ਗਏ ਪੱਤਰ ਦੇ ਨਾਲ ਖੇਤਰ ਅਧਿਕਾਰੀ ਦੀ ਰਿਪੋਰਟ ਵੀ ਲਗਾਈ ਗਈ ਹੈ। ਇਸ ’ਚ ਤਹਿਸੀਲਾਂ ਦੇ ਐੱਸ. ਡੀ. ਐੱਮ. ਅਤੇ ਸਬ-ਰਜਿਸਟਰਾਰ ਦਫ਼ਤਰਾਂ ਤੋਂ ਇਲਾਵਾ ਐੱਲ. ਡੀ. ਏ., ਨਗਰ ਨਿਗਮ ਅਤੇ ਆਵਾਸ ਵਿਕਾਸ ਪ੍ਰੀਸ਼ਦ ਤੋਂ ਵੀ ਸਬੰਧਤ ਰਿਕਾਰਡ ਮੁਹੱਈਆ ਕਰਵਾਉਣ ਲਈ ਕਿਹਾ ਗਿਆ ਹੈ। ਜਾਂਚ ਦਾ ਮਨੋਰਥ ਇਹ ਪਤਾ ਲਗਾਉਣਾ ਹੈ ਕਿ ਮੁਲਜ਼ਮਾਂ ਜਾਂ ਉਨ੍ਹਾਂ ਦੇ ਕਰੀਬੀਆਂ ਦੀਆਂ ਜਾਇਦਾਦਾਂ ’ਚ ਹਾਲ ਹੀ ਦੇ ਸਾਲਾਂ ’ਚ ਅਸਾਧਾਰਨ ਵਾਧਾ ਹੋਇਆ ਹੈ ਜਾਂ ਨਹੀਂ ਅਤੇ ਕਥਿਤ ਘਪਲੇ ਦੀ ਰਕਮ ਨੂੰ ਕਿਤੇ ਜ਼ਮੀਨ-ਮਕਾਨ ਖਰੀਦਣ ’ਚ ਤਾਂ ਨਹੀਂ ਲਗਾਇਆ ਗਿਆ।
ਐੱਫ. ਆਈ. ਆਰ. ’ਚ ਭਾਰਤੀ ਨਿਆਂ ਸੰਹਿਤਾ ਦੀਆਂ ਵੱਖ-ਵੱਖ ਧਾਰਾਵਾਂ ਦੇ ਨਾਲ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਧਾਰਾਵਾਂ ਹੇਠ ਮਾਮਲਾ ਦਰਜ ਹੈ। ਅਜਿਹੇ ’ਚ ਜਾਇਦਾਦ ਦੀ ਜਾਂਚ ਨੂੰ ਪੜਤਾਲ ਦਾ ਅਹਿਮ ਹਿੱਸਾ ਮੰਨਿਆ ਜਾ ਰਿਹਾ ਹੈ। ਪੁਲਸ ਇਹ ਵੀ ਜੋੜਨ ਦਾ ਯਤਨ ਕਰ ਰਹੀ ਹੈ ਕਿ ਮੁਲਜ਼ਮਾਂ ਦੇ ਕਥਿਤ ਆਰਥਿਕ ਲੈਣ-ਦੇਣ ਅਤੇ ਸਾਹਮਣੇ ਆਈਆਂ ਜਾਇਦਾਦਾਂ ਵਿਚਾਲੇ ਕੋਈ ਸਿੱਧਾ ਸਬੰਧ ਹੈ ਜਾਂ ਨਹੀਂ।
ਮੁਲਜ਼ਮ ਸੁਭਾਸ਼ ਸ਼੍ਰੀਵਾਸਤਵ ਦੇ ਬੰਦ ਪੈਨਸ਼ਨ ਖਾਤੇ ਨੂੰ ਖੋਲ੍ਹਣ ਨਾਲ ਜੁੜੇ ਮਾਮਲੇ ’ਚ ਵਿਸ਼ੇਸ਼ ਜੱਜ ਭ੍ਰਿਸ਼ਟਾਚਾਰ ਰੋਕੂ ਐਕਟ ਨੇ ਪੜਤਾਲੀਆ ਸੀ. ਓ. ਅਯੁੱਧਿਆ ਆਸ਼ੂਤੋਸ਼ ਤਿਵਾੜੀ ਨੂੰ 13 ਅਗਸਤ ਨੂੰ ਨਿੱਜੀ ਤੌਰ ’ਤੇ ਤਲਬ ਕੀਤਾ ਹੈ। ਅਦਾਲਤ ਨੇ ਬੈਂਕ ਖਾਤੇ ’ਚ ਆਈ ਪੈਨਸ਼ਨ ਦੀ ਰਕਮ ਦੀ ਤਸਦੀਕ ਦੀ ਕਾਰਵਾਈ ਪੂਰੀ ਕਰ ਕੇ ਸਮੁੱਚੀ ਰਿਪੋਰਟ ਪੇਸ਼ ਕਰਨ ਦਾ ਹੁਕਮ ਦਿੱਤਾ ਹੈ। ਸੁਭਾਸ਼ ਦੇ ਵਕੀਲ ਨੇ ਬੰਦ ਪੈਨਸ਼ਨ ਖਾਤੇ ਨੂੰ ਖੁੱਲ੍ਹਵਾਉਣ ਲਈ ਅਰਜ਼ੀ ਦਿੱਤੀ ਸੀ, ਜਿਸ ’ਤੇ ਅਦਾਲਤ ਨੇ ਪਹਿਲਾਂ ਜੇਲ ਜਾਣ ਤੋਂ ਬਾਅਦ ਖਾਤੇ ’ਚ ਆਈ ਪੈਨਸ਼ਨ ਦੀ ਰਕਮ ਜਾਰੀ ਕਰਨ ਦਾ ਹੁਕਮ ਦਿੱਤਾ ਸੀ।
ਰਾਮ ਮੰਦਰ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅਹੁਦੇ ਲਈ ਬੁੱਧਵਾਰ ਨੂੰ ਦੂਜੇ ਦਿਨ ਵੀ ਇੰਟਰਵਿਊ ਜਾਰੀ ਰਹੀ। ਇਸ ਲਈ 11 ਉਮੀਦਵਾਰਾਂ ਨੂੰ ਸੱਦਿਆ ਗਿਆ ਹੈ। ਰਾਮ ਮੰਦਰ ਕੰਪਲੈਕਸ ਦੇ ਗ੍ਰੀਨ ਹਾਊਸ ’ਚ ਇੰਟਰਵਿਊ ਲਈ ਗਈ। ਇੰਟਰਵਿਊ ’ਚ ਚੋਣ ਕਮੇਟੀ ਵੱਲੋਂ ਉਮੀਦਵਾਰਾਂ ਤੋਂ ਨਿੱਜੀ ਅਤੇ ਧਾਰਮਿਕ ਸ਼ਰਧਾ ਨਾਲ ਜੁੜੇ ਸਵਾਲ ਪੁੱਛੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਉਮੀਦਵਾਰਾਂ ਤੋਂ ਪੁੱਛਿਆ ਗਿਆ ਕਿ ਉਹ ਬੋਦੀ ਰੱਖਦੇ ਹਨ ਜਾਂ ਨਹੀਂ, ਜਨੇਊ ਪਹਿਨਦੇ ਹਨ ਜਾਂ ਨਹੀਂ ਅਤੇ ਮਾਸਾਹਾਰੀ ਭੋਜਨ ਖਾਂਦੇ ਹਨ ਜਾਂ ਨਹੀਂ। ਇਸ ਤੋਂ ਪਹਿਲਾਂ ਵੀ ਸੀ. ਈ. ਓ. ਅਹੁਦੇ ਲਈ ਕਈ ਉਮੀਦਵਾਰਾਂ ਦੀਆਂ ਇੰਟਰਵਿਊਜ਼ ਲਈਆਂ ਜਾ ਚੁੱਕੀਆਂ ਹਨ।
ਸਪਾਈਸਜੈੱਟ ਦੀ ਫਲਾਈਟ ਦਾ ਏ. ਸੀ. ਹੋਇਆ ਖਰਾਬ, ਯਾਤਰੀਆਂ ਨੇ ਕੀਤਾ ਹੰਗਾਮਾ, ਯਾਤਰੀ ਹੋਏ ਪ੍ਰੇਸ਼ਾਨ
NEXT STORY