ਨੈਸ਼ਨਲ ਡੈਸਕ : ਹਰਿਦੁਆਰ ਵਿੱਚ ਆਯੋਜਿਤ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਯੋਗ ਗੁਰੂ ਸਵਾਮੀ ਰਾਮਦੇਵ ਨੇ ਬਾਗੇਸ਼ਵਰ ਧਾਮ ਦੇ ਪੀਠਾਧੀਸ਼ਵਰ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਨਾਲ ਚੱਲ ਰਹੇ ਵਿਵਾਦ 'ਤੇ ਆਪਣਾ ਪੱਖ ਸਪੱਸ਼ਟ ਕਰਦਿਆਂ ਇੱਕ ਭਾਵੁਕ ਬਿਆਨ ਦਿੱਤਾ ਹੈ। ਭਗਵਾਨ ਰਾਮ ਤੇ ਭਗਵਾਨ ਕ੍ਰਿਸ਼ਨ ਦੀ ਤੁਲਨਾ ਸੰਬੰਧੀ ਦਿੱਤੇ ਬਿਆਨ ਤੋਂ ਪੈਦਾ ਹੋਏ ਤਣਾਅ ਤੋਂ ਬਾਅਦ ਸਵਾਮੀ ਰਾਮਦੇਵ ਨੇ ਕਿਹਾ ਕਿ ਬਾਗੇਸ਼ਵਰ ਬਾਬਾ ਉਨ੍ਹਾਂ ਦੇ ਬੇਟੇ, ਛੋਟੇ ਭਰਾ ਅਤੇ ਚੇਲੇ ਵਰਗੇ ਹਨ।
ਸਵਾਮੀ ਰਾਮਦੇਵ ਨੇ ਦੱਸਿਆ ਕਿ ਜੋ ਗੱਲਾਂ ਉਨ੍ਹਾਂ ਨੂੰ ਅਣਉਚਿਤ ਲੱਗੀਆਂ ਅਤੇ ਜਿਸ ਨਾਲ ਉਨ੍ਹਾਂ ਦੇ ਮਨ ਨੂੰ ਦੁੱਖ ਪਹੁੰਚਿਆ ਸੀ, ਉਨ੍ਹਾਂ ਲਈ ਉਨ੍ਹਾਂ ਨੇ ਆਪਣੇ ਪੂਰੇ ਅਧਿਕਾਰ ਨਾਲ ਧੀਰੇਂਦਰ ਸ਼ਾਸਤਰੀ ਨੂੰ ਤਾੜਨਾ (ਡਾਂਟ) ਕੀਤੀ ਸੀ। ਰਾਮਦੇਵ ਅਨੁਸਾਰ, ਧੀਰੇਂਦਰ ਸ਼ਾਸਤਰੀ ਨੇ ਵੀ ਇਸ ਡਾਂਟ-ਫਟਕਾਰ ਨੂੰ ਵੱਡਿਆਂ ਦਾ ਪਿਆਰ ਅਤੇ ਆਸ਼ੀਰਵਾਦ ਸਮਝ ਕੇ ਸਵੀਕਾਰ ਕੀਤਾ ਹੈ, ਜੋ ਕਿ ਉਨ੍ਹਾਂ ਦੇ ਬੜੱਪਣ ਦਾ ਸਬੂਤ ਹੈ।
ਮਾਮਲੇ ਦੀ ਸ਼ੁਰੂਆਤ ਉਦੋਂ ਹੋਈ ਸੀ ਜਦੋਂ ਪੰਡਿਤ ਧੀਰੇਂਦਰ ਸ਼ਾਸਤਰੀ ਨੇ ਭਗਵਾਨ ਰਾਮ ਅਤੇ ਭਗਵਾਨ ਕ੍ਰਿਸ਼ਨ ਦੀ ਤੁਲਨਾ ਕਰਦਿਆਂ ਇੱਕ ਬਿਆਨ ਦਿੱਤਾ ਸੀ, ਜਿਸ 'ਤੇ ਸਵਾਮੀ ਰਾਮਦੇਵ ਭੜਕ ਗਏ ਸਨ। ਰਾਮਦੇਵ ਨੇ ਮੰਚ ਤੋਂ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਸੀ ਕਿ ਦੇਵੀ-ਦੇਵਤਿਆਂ ਦੀ ਤੁਲਨਾ ਕਰਨ ਤੋਂ ਬਾਅਦ ਮਾਫੀ ਮੰਗੀ ਗਈ ਅਤੇ ਫਿਰ ਬਾਂਕੇ ਬਿਹਾਰੀ ਦੇ ਦਰਸ਼ਨ ਕਰਕੇ ਵੀ ਅਜਿਹਾ ਬਿਆਨ ਦਿੱਤਾ ਗਿਆ।
ਦੂਜੇ ਪਾਸੇ, ਧੀਰੇਂਦਰ ਸ਼ਾਸਤਰੀ ਨੇ ਸਵਾਮੀ ਰਾਮਦੇਵ ਨੂੰ ਆਪਣੇ ਪੂਜਨੀਕ ਸਰਪ੍ਰਸਤ ਵਜੋਂ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸੰਤਾਂ ਵੱਲੋਂ ਕੀਤੀ ਗਈ ਆਲੋਚਨਾ ਅਤੇ ਪ੍ਰਸ਼ੰਸਾ ਦੋਵੇਂ ਹੀ ਉਨ੍ਹਾਂ ਨੂੰ ਸਵੀਕਾਰ ਹਨ। ਸ਼ਾਸਤਰੀ ਨੇ ਕਿਹਾ ਕਿ ਉਹ ਸੁਪਨੇ ਵਿੱਚ ਵੀ ਸੰਤਾਂ ਦਾ ਅਨਾਦਰ ਨਹੀਂ ਕਰ ਸਕਦੇ ਅਤੇ ਉਨ੍ਹਾਂ ਦਾ ਮੁੱਖ ਮਕਸਦ ਹਿੰਦੂ ਸਮਾਜ ਨੂੰ ਜੋੜਨਾ ਅਤੇ ਹਿੰਦੂ ਏਕਤਾ ਨੂੰ ਮਜ਼ਬੂਤ ਕਰਨਾ ਹੈ। ਵਿਵਾਦ ਦੇ ਵਿਚਕਾਰ ਉਹ ਵ੍ਰਿੰਦਾਵਨ ਵਿੱਚ ਸ਼੍ਰੀ ਬਾਂਕੇ ਬਿਹਾਰੀ ਜੀ ਦੇ ਦਰਸ਼ਨ ਕਰਨ ਵੀ ਪਹੁੰਚੇ ਸਨ।
ਪਵਾਣੀ ਪਿੰਡ 'ਚ ਲੱਗੀ ਭਿਆਨਕ ਅੱਗ, 10 ਮਕਾਨ ਸੜ ਕੇ ਸੁਆਹ
NEXT STORY