ਨੈਸ਼ਨਲ ਡੈਸਕ– ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਵੀਰਵਾਰ ਨੂੰ ਕਿਹਾ ਕਿ ਬੀਤੇ ਇਕ ਸਾਲ ਤੋਂ ਭਾਰਤ-ਚੀਨ ਸਬੰਧਾਂ ਨੂੰ ਲੈ ਕੇ ਬਹੁਤ ਤਣਾਅ ਪੈਦਾ ਹੋਇਆ ਹੈ ਕਿਉਂਕਿ ਬੀਜਿੰਗ ਸਰਹੱਦ ਮੁੱਦੇ ਨੂੰ ਲੈ ਕੇ ਸਮਝੌਤਿਆਂ ਦਾ ਪਾਲਣ ਨਹੀਂ ਕਰ ਰਿਹਾ ਹੈ, ਜਿਸ ਦੇ ਚਲਦਿਆਂ ਦੋ-ਪੱਖੀ ਸਬੰਧਾਂ ਦੀ ਬੁਨਿਆਦ ‘ਗੜਬੜਾ’ ਰਹੀ ਹੈ।
ਮਾਸਕੋ ’ਚ ‘ਪ੍ਰਾਈਮਾਕੋਵ ਇੰਸਟੀਚਿਊਟ ਆਫ ਵਰਲਡ ਇਕਨੌਮੀ ਐਂਡ ਇੰਟਰਨੈਸ਼ਨਲ ਰਿਲੇਸ਼ਨਜ਼’ ’ਚ ਭਾਰਤ ਤੇ ਚੀਨ ਦੇ ਸਬੰਧਾਂ ਬਾਰੇ ਇਕ ਸਵਾਲ ਦੇ ਜਵਾਬ ’ਚ ਜੈਸ਼ੰਕਰ ਨੇ ਕਿਹਾ, ‘ਮੈਂ ਕਹਿਣਾ ਚਾਹਾਂਗਾ ਕਿ ਬੀਤੇ 40 ਸਾਲਾਂ ਤੋਂ ਚੀਨ ਨਾਲ ਸਾਡੇ ਸਬੰਧ ਬਹੁਤ ਹੀ ਸਥਿਰ ਸਨ, ਚੀਨ ਦੂਜਾ ਸਭ ਤੋਂ ਵੱਡਾ ਕਾਰੋਬਾਰੀ ਸਾਂਝੇਦਾਰ ਦੇ ਰੂਪ ’ਚ ਉੱਭਰਿਆ।’
ਤਿੰਨ ਦਿਨਾ ਦੌਰੇ ’ਤੇ ਆਏ ਜੈਸ਼ੰਕਰ ਨੇ ਅੱਗੇ ਕਿਹਾ, ‘ਬੀਤੇ ਇਕ ਸਾਲ ਤੋਂ ਇਸ ਸਬੰਧ ਨੂੰ ਲੈ ਕੇ ਬਹੁਤ ਤਣਾਅ ਪੈਦਾ ਹੋਇਆ ਕਿਉਂਕਿ ਸਾਡੀ ਸਰਹੱਦ ਨੂੰ ਲੈ ਕੇ ਜੋ ਸਮਝੌਤੇ ਕੀਤੇ ਗਏ ਸਨ, ਚੀਨ ਨੇ ਉਨ੍ਹਾਂ ਦਾ ਪਾਲਣ ਨਹੀਂ ਕੀਤਾ।’ ਉਨ੍ਹਾਂ ਕਿਹਾ, ‘45 ਸਾਲਾਂ ਬਾਅਦ ਅਸਲ ’ਚ ਸਰਹੱਦ ’ਤੇ ਝੜਪ ਹੋਈ ਤੇ ਇਸ ’ਚ ਜਵਾਨ ਮਾਰੇ ਗਏ ਤੇ ਕਿਸੇ ਵੀ ਦੇਸ਼ ਲਈ ਸਰਹੱਦ ਦਾ ਤਣਾਅ ਭਰਿਆ ਹੋਣਾ, ਉਥੇ ਸ਼ਾਂਤੀ ਹੋਣਾ ਹੀ ਗੁਆਂਢੀ ਨਾਲ ਸਬੰਧਾਂ ਦੀ ਬੁਨਿਆਦ ਹੁੰਦਾ ਹੈ। ਇਸ ਲਈ ਬੁਨਿਆਦ ਗੜਬੜਾ ਗਈ ਹੈ ਤੇ ਸਬੰਧ ਵੀ।’
ਪਿਛਲੇ ਸਾਲ ਮਈ ਮਹੀਨੇ ਦੀ ਸ਼ੁਰੂਆਤ ’ਚ ਪੂਰਬੀ ਲੱਦਾਖ ’ਚ ਕਈ ਥਾਵਾਂ ’ਤੇ ਭਾਰਤ ਤੇ ਚੀਨ ਵਿਚਾਲੇ ਫੌਜੀ ਤਣਾਅ ਬਣਿਆ। ਕਈ ਦੌਰ ਦੀ ਫੌਜੀ ਤੇ ਰਾਜਨੀਤਕ ਗੱਲਬਾਤ ਤੋਂ ਬਾਅਦ ਫਰਵਰੀ ’ਚ ਦੋਵਾਂ ਪੱਖਾਂ ਨੇ ਪੈਂਗਾਂਗ ਝੀਲ ਦੇ ਉੱਤਰ ਤੇ ਦੱਖਣੀ ਕੰਢਿਆਂ ਤੋਂ ਆਪਣੇ ਫੌਜੀ ਤੇ ਹਥਿਆਰ ਪਿੱਛੇ ਕਰ ਲਏ। ਵਿਵਾਦ ਵਾਲੀਆਂ ਥਾਵਾਂ ਤੋਂ ਫੌਜੀਆਂ ਨੂੰ ਵਾਪਸ ਬੁਲਾਉਣ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਲਈ ਦੋਵਾਂ ਪੱਖਾਂ ਵਿਚਾਲੇ ਅਜੇ ਗੱਲਬਾਤ ਚੱਲ ਰਹੀ ਹੈ। ਭਾਰਤ ਹੌਟ ਸਪ੍ਰਿੰਗਸ, ਗੋਗਰਾ ਤੇ ਦੇਪਸਾਂਗ ਤੋਂ ਫੌਜੀਆਂ ਨੂੰ ਹਟਾਉਣ ’ਤੇ ਖ਼ਾਸ ਤੌਰ ’ਤੇ ਜ਼ੋਰ ਦੇ ਰਿਹਾ ਹੈ।’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਦੇਸ਼ 'ਚ ਕੋਰੋਨਾ ਦੇ ਨਵੇਂ ਮਾਮਲੇ ਘਟੇ ਪਰ ਮਰਨ ਵਾਲਿਆਂ ਦੀ ਗਿਣਤੀ ਹੋਈ 4 ਲੱਖ ਤੋਂ ਪਾਰ
NEXT STORY