ਸੰਭਲ, (ਭਾਸ਼ਾ)- ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲੇ ਦੇ ਦੀਪਾ ਸਰਾਏ ਖੇਤਰ ’ਚ ਸ਼ੁੱਕਰਵਾਰ ਇਕ ਨਵੀਂ ਤਰ੍ਹਾਂ ਦੀ ਪੁਲਸ ਚੌਕੀ ਦਾ ਉਦਘਾਟਨ ਕੀਤਾ ਗਿਆ। ਇਹ ਚੌਕੀ ਉਨ੍ਹਾਂ ਪੱਥਰਾਂ ਦੀ ਵਰਤੋਂ ਕਰ ਕੇ ਬਣਾਈ ਗਈ ਹੈ ਜਿਨ੍ਹਾਂ ਨੂੰ ਪਿਛਲੇ ਸਾਲ ਸ਼ਾਹੀ ਜਾਮਾ ਮਸਜਿਦ ਨੇੜੇ ਹੋਈ ਹਿੰਸਾ ਦੌਰਾਨ ਪੁਲਸ ’ਤੇ ਸੁੱਟਿਆ ਗਿਆ ਸੀ। 8 ਸਾਲ ਦੀ ਮੁਸਲਿਮ ਕੁੜੀ ਜੁਨੈਰਾ ਫੈਸਲ ਨੇ ਰਸਮੀ ਤੌਰ ’ਤੇ ਚੌਕੀ ਦਾ ਉਦਘਾਟਨ ਕੀਤਾ।
ਸੰਭਲ ਦੇ ਪੁਲਸ ਸੁਪਰਡੈਂਟ ਕ੍ਰਿਸ਼ਨਾ ਕੁਮਾਰ ਨੇ ਕਿਹਾ ਕਿ ਪਿਛਲੇ ਸਾਲ 24 ਨਵੰਬਰ ਦੀ ਹਿੰਸਾ ਤੋਂ ਬਾਅਦ ਖੇਤਰ ਦਾ ਨਿਰੀਖਣ ਕੀਤਾ ਗਿਆ ਸੀ ਤੇ ਇੱਥੇ ਚੌਕੀ ਬਣਾਉਣ ਦਾ ਫੈਸਲਾ ਲਿਆ ਗਿਆ ਸੀ। ਪੁਲਸ ਮੁਲਾਜ਼ਮਾਂ ’ਤੇ ਸੱੁਟੇ ਗਏ ਪੱਥਰਾਂ ਦੀਆਂ ਲਗਭਗ 15 ਟਰਾਲੀਆਂ ਚੌਕੀ ਨੂੰ ਬਣਾਉਣ ’ਚ ਵਰਤੀਆਂ ਗਈਆਂ। 24 ਨਵੰਬਰ ਨੂੰ ਮੁਗਲ-ਯੁੱਗ ਦੀ ਜਾਮਾ ਮਸਜਿਦ ਦੇ ਸਰਵੇਖਣ ਦੌਰਾਨ ਕੋਟ ਗਰਵੀ ਖੇਤਰ ’ਚ ਹਿੰਸਾ ਭੜਕ ਗਈ ਸੀ, ਜਿਸ ਕਾਰਨ 4 ਵਿਅਕਤੀਆਂ ਦੀ ਮੌਤ ਹੋ ਗਈ ਸੀ ਤੇ ਕਈ ਹੋਰ ਜ਼ਖਮੀ ਹੋ ਗਏ ਸਨ।
ਇਸ ਘਟਨਾ ਤੋਂ ਬਾਅਦ ਇਲਾਕੇ ਦੇ ਕਈ ਅਪਰਾਧੀਆਂ ਵਿਰੁੱਧ ਕਾਰਵਾਈ ਕੀਤੀ ਗਈ, ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਤੇ ਅੱਤਵਾਦ ਵਿਰੋਧੀ ਦਸਤੇ ਦੀ ਮਦਦ ਨਾਲ ਸ਼ੱਕੀਆਂ ਦੀ ਜਾਂਚ ਕੀਤੀ ਗਈ।ਸੰਭਲ ਦੇ ਜ਼ਿਲਾ ਮੈਜਿਸਟ੍ਰੇਟ ਰਾਜੇਂਦਰ ਪੇਂਸੀਆ ਨੇ ਕਿਹਾ ਕਿ ਜ਼ਿਲੇ ’ਚ ਕੁੱਲ 37 ਪੁਲਸ ਚੌਕੀਆਂ ਬਣਾਉਣ ਦਾ ਪ੍ਰਸਤਾਵ ਹੈ, ਜਿਨ੍ਹਾਂ ’ਚੋਂ ਬਹੁਤ ਸਾਰੀਆਂ ਪਹਿਲਾਂ ਹੀ ਬਣ ਚੁੱਕੀਆਂ ਹਨ।
ਉਨ੍ਹਾਂ ਕਿਹਾ ਕਿ ਦੀਪਾ ਸਰਾਏ ਸਭ ਤੋਂ ਨਾਜ਼ੁਕ ਖੇਤਰਾਂ ’ਚੋਂ ਇਕ ਹੈ । ਨਵੀਂ ਚੌਕੀ ਸਥਾਨਕ ਸੁਰੱਖਿਆ ਨੂੰ ਮਜ਼ਬੂਤ ਕਰੇਗੀ।
ਅਹਿਮਦਾਬਾਦ ’ਚ ਹੋਟਲ ’ਚ ਲੱਗੀ ਅੱਗ, 35 ਲੋਕਾਂ ਨੂੰ ਬਚਾਇਆ
NEXT STORY