ਬੀਜਾਪੁਰ/ਬਸਤਰ- ਸੁਰੱਖਿਆ ਫੋਰਸਾਂ ਨੇ ਨਕਸਲੀ ਹਿਡਮਾ ਨੂੰ ਫੜਨ ਲਈ ਛੱਤੀਸਗੜ੍ਹ ਪੁਲਸ ਦੇ ਨਾਲ ਰਲ ਕੇ ਸ਼ੁਰੂ ਕੀਤੀ ਗਈ ਇਸ ਸਾਲ ਦੀ ਸਭ ਤੋਂ ਵੱਡੀ ਮੁਹਿੰਮ ਵਿਚ ਤੇਲੰਗਾਨਾ ਨਾਲ ਲੱਗਦੀ ਹੱਦ ’ਤੇ 5 ਨਕਸਲੀਆਂ ਨੂੰ ਮਾਰ ਮੁਕਾਇਆ ਜਿਨ੍ਹਾਂ ਵਿਚ 3 ਮਹਿਲਾ ਨਕਸਲੀ ਵੀ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਤੋਂ ਤੇਲੰਗਾਨਾ ਦੀ ਹੱਦ ਵਿਚ ਮੁਲੂਗੂ ਜ਼ਿਲੇ ਦੇ ਕੱਰੇਗੁੱਟਾ ਪਹਾੜੀਆਂ ਤੱਕ ਸੋਮਵਾਰ ਤੋਂ ਚਲਾਈ ਜਾ ਰਹੀ ਇਹ ਮੁਹਿੰਮ 60 ਘੰਟਿਆਂ ਤੋਂ ਵੱਧ ਸਮੇਂ ਤੋਂ ਜਾਰੀ ਹੈ। ਰਿਪੋਰਟ ਦੇ ਅਨੁਸਾਰ ਲਗਭਗ 300 ਹਥਿਆਰਬੰਦ ਨਕਸਲੀ ਇਸ ਸਮੇਂ ਕੱਰੇਗੁੱਟਾ, ਨਦਪੱਲੀ ਅਤੇ ਪੁਜਾਰੀ ਕਾਂਕੇਰ ਦੀਆਂ ਪਹਾੜੀਆਂ ਉਤੇ ਘਿਰੇ ਹੋਏ ਹਨ। ਸੁਰੱਖਿਆ ਬਲਾਂ ਨੇ ਆਧੁਨਿਕ ਹਥਿਆਰਾਂ ਅਤੇ ਧਮਾਕਾਖੇਜ਼ ਸਮੱਗਰੀ ਦਾ ਇਕ ਵੱਡਾ ਜ਼ਖੀਰਾ ਵੀ ਬਰਾਮਦ ਕੀਤਾ ਹੈ।
ਇਹ ਵੀ ਪੜ੍ਹੋ : ਆਖ਼ਿਰ ਕੀ ਹੁੰਦੈ ਕਲਮਾ ? ਜੋ ਨਾ ਪੜ੍ਹਨ 'ਤੇ ਅੱਤਵਾਦੀਆਂ ਨੇ ਗੋਲ਼ੀਆਂ ਨਾਲ ਭੁੰਨ੍ਹ'ਤੇ ਟੂਰਿਸਟ
ਇਸ ਦੌਰਾਨ ਸੁਰੱਖਿਆ ਫੋਰਸਾਂ ਨੇ 100 ਤੋਂ ਵੱਧ ਬਾਰੂਦੀ ਸੁਰੰਗਾਂ ਦਾ ਪਤਾ ਲਗਾਇਆ ਅਤੇ ਉਨ੍ਹਾਂ ਨੂੰ ਨਕਾਰਾ ਕੀਤਾ। ਇਸ ਕਾਰਵਾਈ ਵਿਚ ਕੇਂਦਰੀ ਸੁਰੱਖਿਆ ਫੋਰਸ, ਕੋਬਰਾ ਬਟਾਲੀਅਨ, ਜ਼ਿਲ੍ਹਾ ਰਿਜ਼ਰਵ ਪੁਲਸ ਫੋਰਸ, ਛੱਤੀਸਗੜ੍ਹ ਆਰਮਡ ਫੋਰਸ ਅਤੇ ਮਹਾਰਾਸ਼ਟਰ ਅਤੇ ਤੇਲੰਗਾਨਾ ਦੇ ਸੀ-ਸ਼ਾਟ ਕਮਾਂਡਰ ਯੂਨਿਟਸ ਸਮੇਤ ਕਈ ਸੁਰੱਖਿਆ ਫੋਰਸਾਂ ਦੇ ਲਗਭਗ 500 ਜਵਾਨ ਸ਼ਾਮਲ ਹਨ। ਇਸ ਕਾਰਵਾਈ ਦਾ ਕੇਂਦਰ ਬਿੰਦੂ ਕੱਰੇਗੁੱਟਾ ਪਹਾੜੀ ਇਲਾਕਾ ਹੈ, ਜੋ ਲਗਭਗ 290 ਵਰਗ ਕਿਲੋਮੀਟਰ ਵਿਚ ਫੈਲਿਆ ਹੈ। ਇਹ ਸੰਘਣਾ ਜੰਗਲੀ ਇਲਾਕਾ ਜਿਸ ਦਾ 50 ਫੀਸਦੀ ਹਿੱਸਾ ਤੇਲੰਗਾਨਾ ’ਚ ਅਤੇ ਬਾਕੀ ਛੱਤੀਸਗੜ੍ਹ ਅਤੇ ਮਹਾਰਾਸ਼ਟਰ ਵਿਚ ਹੈ ਜਿਸ ਨੂੰ ਹਿਡਮਾ, ਦਾਮੋਦਰ ਅਤੇ ਦੇਵਾ ਸਮੇਤ ਕਈ ਚੋਟੀ ਦੇ ਨਕਸਲੀ ਕਮਾਂਡਰਾਂ ਦਾ ਗੜ੍ਹ ਮੰਨਿਆ ਜਾਂਦਾ ਹੈ। ਇਸ ਦੌਰਾਨ ਵੀਰਵਾਰ ਨੂੰ 14 ਨਕਸਲੀਆਂ ਨੇ ਤੇਲੰਗਾਨਾ ਪੁਲਸ ਅੱਗੇ ਆਤਮਸਮਰਪਣ ਕਰ ਦਿੱਤਾ।
ਡਰੋਨ ਤੇ ਸੈਟੇਲਾਈਟ ਨਾਲ ਨਿਗਰਾਨੀ
ਔਖੇ ਇਲਾਕੇ ਅਤੇ ਕਾਰਵਾਈ ਦੇ ਪੈਮਾਨੇ ਦੇ ਕਾਰਨ ਭੋਜਨ ਅਤੇ ਪਾਣੀ ਵਰਗੀ ਰਸਦ ਹੈਲੀਕਾਪਟਰਾਂ ਰਾਹੀਂ ਫੋਰਸਾਂ ਦੇ ਜਵਾਨਾਂ ਤੱਕ ਪਹੁੰਚਾਈ ਜਾ ਰਹੀ ਹੈ। ਡਰੋਨ ਅਤੇ ਸੈਟੇਲਾਈਟਾਂ ਰਾਹੀਂ ਹਵਾਈ ਨਿਗਰਾਨੀ ਕੀਤੀ ਜਾ ਰਹੀ ਹੈ, ਜਦਕਿ 3 ਹੈਲੀਕਾਪਟਰ ਲਗਾਤਾਰ ਇਲਾਕੇ ਵਿਚ ਗਸ਼ਤ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤੀ ਫ਼ੌਜ ਦੀ ਵੱਡੀ ਕਾਰਵਾਈ ; ਮਾਰ ਸੁੱਟਿਆ ਲਸ਼ਕਰ ਦਾ ਟਾਪ ਕਮਾਂਡੋ
NEXT STORY