ਸ਼ਿਮਲਾ (ਕੁਲਦੀਪ)- ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਵੱਲੋਂ 3 ਆਜ਼ਾਦ ਵਿਧਾਇਕਾਂ ਹੁਸ਼ਿਆਰ ਸਿੰਘ, ਕੇ.ਐੱਲ. ਠਾਕੁਰ ਤੇ ਆਸ਼ੀਸ਼ ਸ਼ਰਮਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਵਿਧਾਨ ਸਭਾ ਸਕੱਤਰ ਦੇ ਹਵਾਲੇ ਨਾਲ ਜਾਰੀ ਨੋਟਿਸ ਵਿਚ ਉਨ੍ਹਾਂ ਨੂੰ 10 ਅਪ੍ਰੈਲ ਨੂੰ ਦੁਪਹਿਰ 12 ਵੱਜ ਕੇ 15 ਮਿੰਟ ’ਤੇ ਵਿਧਾਨ ਸਭਾ ਕਮੇਟੀ ਰੂਮ ਵਿਚ ਹਾਜ਼ਰ ਹੋਣ ਲਈ ਕਿਹਾ ਗਿਆ ਹੈ। ਉਨ੍ਹਾਂ ਨੂੰ ਆਪਣੇ ਹਾਜ਼ਰ ਰਹਿਣ ਦੀ ਸੂਚਨਾ ਇਕ ਦਿਨ ਪਹਿਲਾਂ ਤਕ ਲਿਖਤੀ ਤੌਰ ’ਤੇ ਦੇਣੀ ਪਵੇਗੀ। ਜੇ ਆਜ਼ਾਦ ਵਿਧਾਇਕ ਨੋਟਿਸ ਲੈ ਕੇ ਕਿਸੇ ਤਰ੍ਹਾਂ ਦਾ ਜਵਾਬ ਨਹੀਂ ਦਿੰਦੇ ਤਾਂ ਮੰਨਿਆ ਜਾਵੇਗਾ ਕਿ ਉਹ ਆਪਣੇ ਪੱਖ ਵਿਚ ਕੋਈ ਦਲੀਲ ਨਹੀਂ ਦੇਣੀ ਚਾਹੁੰਦੇ। ਇਨ੍ਹਾਂ 3 ਆਜ਼ਾਦ ਵਿਧਾਇਕਾਂ ਨੇ ਬੀਤੀ 22 ਮਾਰਚ ਨੂੰ ਵਿਧਾਨ ਸਭਾ ਸਕੱਤਰ ਨੂੰ ਅਸਤੀਫਾ ਸੌਂਪਿਆ ਸੀ। ਇਸ ਤੋਂ ਬਾਅਦ ਉਨ੍ਹਾਂ ਰਾਜਪਾਲ ਸ਼ਿਵ ਪ੍ਰਤਾਪ ਸ਼ੁਕਲ ਨਾਲ ਮੁਲਾਕਾਤ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਅਤੇ ਵਿਧਾਨ ਸਭਾ ਸਪੀਕਰ ਕੁਲਦੀਪ ਸਿੰਘ ਪਠਾਣੀਆ ਦੀ ਰਿਹਾਇਸ਼ ’ਤੇ ਪਹੁੰਚ ਕੇ ਵੀ ਆਪਣੇ ਅਸਤੀਫੇ ਦੀ ਕਾਪੀ ਸੌਂਪੀ। ਜਿਸ ਵੇਲੇ ਆਜ਼ਾਦ ਵਿਧਾਇਕਾਂ ਨੇ ਵਿਧਾਨ ਸਭਾ ਸਪੀਕਰ ਨੂੰ ਅਸਤੀਫਾ ਸੌਂਪਿਆ, ਉਸ ਵੇਲੇ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਵਿਧਾਨ ਸਭਾ ਕੰਪਲੈਕਸ ਵਿਚ ਮੌਜੂਦ ਸਨ। ਇਸੇ ਤਰ੍ਹਾਂ ਵਿਧਾਨ ਸਭਾ ਸਪੀਕਰ ਨਾਲ ਮੁਲਾਕਾਤ ਕਰਨ ਵੇਲੇ ਭਾਜਪਾ ਵਿਧਾਇਕ ਬਲਬੀਰ ਸਿੰਘ ਵਰਮਾ ਤੇ ਡਾ. ਜਨਕ ਰਾਜ ਵੀ ਮੌਜੂਦ ਸਨ। ਆਜ਼ਾਦ ਵਿਧਾਇਕਾਂ ਦੇ ਅਸਤੀਫੇ ’ਤੇ ਕਾਂਗਰਸ ਦੇ ਕੁਝ ਮੰਤਰੀਆਂ ਤੇ ਵਿਧਾਇਕਾਂ ਨੇ ਸਵਾਲ ਉਠਾਏ ਸਨ। ਉਨ੍ਹਾਂ ਇਸ ਬਾਰੇ ਵਿਧਾਨ ਸਭਾ ਕੋਲ ਬੀਤੀ 23 ਮਾਰਚ ਨੂੰ ਲਿਖਤੀ ਤੌਰ ’ਤੇ ਖਦਸ਼ਾ ਜ਼ਾਹਿਰ ਕੀਤਾ ਸੀ ਕਿ ਆਜ਼ਾਦ ਵਿਧਾਇਕਾਂ ਨੇ ਅਸਤੀਫੇ ਮਰਜ਼ੀ ਨਾਲ ਨਹੀਂ ਦਿੱਤੇ ਸਨ।
ਰਾਜ ਭਵਨ ਵੱਲੋਂ ਵੀ ਆਈਆਂ ਹਨ ਹਦਾਇਤਾਂ
ਮੌਜੂਦਾ ਸਿਆਸੀ ਹਾਲਾਤ ’ਚ ਜਿੱਥੇ ਵਿਧਾਨ ਸਭਾ ਸਪੀਕਰ ਕੁਲਦੀਪ ਸਿੰਘ ਪਠਾਣੀਆ ਦੀ ਭੂਮਿਕਾ ਅਹਿਮ ਹੈ, ਉੱਥੇ ਹੀ ਰਾਜ ਭਵਨ ਵੀ ਸਥਿਤੀ ’ਤੇ ਬਾਰੀਕੀ ਨਾਲ ਨਜ਼ਰ ਰੱਖ ਰਿਹਾ ਹੈ। ਸੂਤਰਾਂ ਅਨੁਸਾਰ ਰਾਜ ਭਵਨ ਵੱਲੋਂ ਹਦਾਇਤਾਂ ਆਈਆਂ ਹਨ ਕਿ ਆਜ਼ਾਦ ਵਿਧਾਇਕਾਂ ਨਾਲ ਜੁੜੇ ਮਾਮਲੇ ਨੂੰ ਵੇਖਿਆ ਜਾਵੇ।
ਮਾਮਲਾ ਲੰਮਾ ਖਿੱਚਿਆ ਗਿਆ ਤਾਂ 3 ਜ਼ਿਮਨੀ ਚੋਣਾਂ ’ਚ ਹੋਵੇਗੀ ਦੇਰੀ
3 ਆਜ਼ਾਦ ਵਿਧਾਇਕਾਂ ਦੇ ਅਸਤੀਫੇ ਨਾਲ ਜੁੜੇ ਮਾਮਲੇ ’ਤੇ ਵਿਧਾਨ ਸਭ ਸਪੀਕਰ ਕੁਲਦੀਪ ਸਿੰਘ ਪਠਾਣੀਆ ਨੇ ਫੈਸਲਾ ਲੈਣਾ ਹੈ। ਜੇ ਇਸ ਮਾਮਲੇ ਦੇ ਸਾਰੇ ਪਹਿਲੂਆਂ ਦੀ ਪੜਤਾਲ ਕਰਨ ’ਚ ਦੇਰੀ ਹੁੰਦੀ ਹੈ ਤਾਂ ਮਾਮਲਾ ਲੰਮਾ ਖਿੱਚਿਆ ਜਾਵੇਗਾ। ਇਸ ਸਥਿਤੀ ’ਚ ਵਿਧਾਨ ਸਭਾ ਦੀਆਂ 3 ਜ਼ਿਮਨੀ ਚੋਣਾਂ ਦੇ ਸੰਦਰਭ ’ਚ ਫੈਸਲਾ ਲੈਣ ’ਚ ਦੇਰੀ ਹੋਵੇਗੀ ਮਤਲਬ ਜਦੋਂ ਤਕ ਵਿਧਾਨ ਸਭਾ ਵੱਲੋਂ ਚੋਣ ਕਮਿਸ਼ਨ ਨੂੰ ਖਾਲੀ ਥਾਵਾਂ ਬਾਰੇ ਜਾਣੂ ਨਹੀਂ ਕਰਵਾਇਆ ਜਾਂਦਾ, ਉਸ ਵੇਲੇ ਤਕ ਉਪ-ਚੋਣਾਂ ਦਾ ਐਲਾਨ ਨਹੀਂ ਹੋਵੇਗਾ। ਵਰਣਨਯੋਗ ਹੈ ਕਿ ਇਹ ਤਿੰਨੋਂ ਆਜ਼ਾਦ ਵਿਧਾਇਕ ਅਸਤੀਫਾ ਦੇਣ ਤੋਂ ਬਾਅਦ ਭਾਜਪਾ ਵਿਚ ਸ਼ਾਮਲ ਹੋ ਚੁੱਕੇ ਹਨ ਅਤੇ ਉਨ੍ਹਾਂ ਭਾਜਪਾ ਦੀ ਟਿਕਟ ਤੋਂ ਚੋਣ ਮੈਦਾਨ ਵਿਚ ਉਤਰਨ ਦੀ ਗੱਲ ਕਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭਾਰਤ-ਚੀਨ ਨੇ LAC ਤੋਂ ਫ਼ੌਜੀਆਂ ਨੂੰ ਹਟਾਉਣ ਤੇ ਮੁੱਦਿਆਂ ਦੇ ਹੱਲ ਲਈ ਕੀਤੀ ਚਰਚਾ
NEXT STORY