ਸਿੰਗਾਪੁਰ/ਨਵੀਂ ਦਿੱਲੀ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਸਿੰਗਾਪੁਰ ਵਿਚ ਬੈਕਿੰਗ ਤਕਨਾਲੋਜੀ ਪਲੇਟਫਾਰਮ ਐਪਿਕਸ ਦਾ ਉਦਘਾਟਨ ਕੀਤਾ। ਐਪਲੀਕੇਸ਼ਨ ਪ੍ਰੋਗਰਾਮਿੰਗ ਇੰਟਰਫੇਸ ਐਕਸਚੇਂਜ (ਐਪਿਕਸ) ਨੂੰ ਵਿਸ਼ਵ ਦੇ ਉਨ੍ਹਾਂ 2 ਅਰਬ ਲੋਕਾਂ ਨੇ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਗਿਆ ਹੈ ਜਿਨ੍ਹਾਂ ਕੋਲ ਹਾਲੇ ਕੋਈ ਬੈਂਕ ਖਾਤਾ ਨਹੀਂ ਹੈ। ਮੋਦੀ ਨੇ ਸਿੰਗਾਪੁਰ ਵਿਚ ਵਿੱਤੀ ਤਕਨਾਲੋਜੀ ਖੇਤਰ ਦੀ ਵੱਕਾਰੀ ਪ੍ਰਦਰਸ਼ਨੀ ਅਤੇ ਸੰਮੇਲਨ 'ਫਿਨਟੇਕ ਫੈਸਟੀਵਲ' ਨੂੰ ਸੰਬੋਧਿਤ ਕਰਨ ਦੇ ਬਾਅਦ ਸਿੰਗਾਪੁਰ ਦੇ ਉਪ ਪ੍ਰਧਾਨ ਮੰਤਰੀ ਟੀ. ਸ਼ਨਮੁਗਰਤਨਮ ਨਾਲ ਐਪਿਕਸ ਦੀ ਸ਼ੁਰੂਆਤ ਕੀਤੀ।
ਮੋਦੀ ਫਿਨਟੇਕ ਫੈਸਟੀਵਲ ਨੂੰ ਸੰਬੋਧਿਤ ਕਰਨ ਵਾਲੇ ਵਿਸ਼ਵ ਦੇ ਪਹਿਲੇ ਨੇਤਾ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨਾਲ ਬੈਠਕ ਕੀਤੀ। ਇਸ ਦੇ ਇਲਾਵਾ ਥਾਈਲੈਂਡ ਦੇ ਪ੍ਰਧਾਨ ਮੰਤਰੀ ਪ੍ਰਯੁਤ ਚੈਨ-ਓਚਾ ਨਾਲ ਵੀ ਮੁਲਾਕਾਤ ਕੀਤੀ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕੀਤਾ,''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੰਗਾਪੁਰ ਦੇ ਉਪ ਪ੍ਰਧਾਨ ਮੰਤਰੀ ਟੀ. ਸ਼ਨਮੁਗਰਤਨਮ ਨਾਲ ਐਪਿਕਸ ਦੀ ਸ਼ੁਰੂਆਤ ਕੀਤੀ। ਐਪਿਕਸ ਸਾਡੀਆਂ ਕੰਪਨੀਆਂ ਨੂੰ ਗਲੋਬਲ ਵਿੱਤੀ ਅਦਾਰਿਆਂ ਨਾਲ ਜੋੜੇਗਾ।''
ਹੈਦਰਾਬਾਦ, ਕੋਲੰਬੋ ਅਤੇ ਲੰਡਨ ਦੇ ਸਾਫਟਵੇਅਰ ਮਾਹਰਾਂ ਨੇ ਐਪਿਕਸ ਨੂੰ ਤਿਆਰ ਕੀਤਾ ਹੈ। ਇਸ ਨੂੰ ਬੋਸਟਨ ਦੀ ਕੰਪਨੀ ਵਰਚੁਸਾ ਨੇ ਛੋਟੇ ਬੈਂਕਾਂ ਨੂੰ ਦੂਰ-ਦੁਰਾਡੇ ਦੇ ਇਲਾਕਿਆਂ ਵਿਚ ਲੋਕਾਂ ਨਾਲ ਬੈਂਕਿੰਗ ਸੰਪਰਕ ਸਥਾਪਿਤ ਕਰਨ ਵਿਚ ਆਸਾਨੀ ਲਈ ਤਿਆਰ ਕੀਤਾ ਹੈ। ਵਰਚੁਸਾ ਦੇ ਸੀਨੀਅਰ ਉਪ ਪ੍ਰਧਾਨ ਅਤੇ ਪ੍ਰਮੁੱਖ ਨਿਖਿਲ ਮੇਨਨ ਨੇ ਕਿਹਾ ਕਿ ਐਪਿਕਸ 10 ਆਸੀਆਨ ਦੇਸ਼ਾਂ, ਭਾਰਤ ਜਿਹੇ ਵੱਡੇ ਬਜ਼ਾਰਾਂ ਅਤੇ ਫਿਜ਼ੀ ਜਿਹੇ ਛੋਟੇ ਦੇਸ਼ਾਂ ਸਮੇਤ 23 ਦੇਸ਼ਾਂ ਵਿਚ ਬਿਨਾ ਬੈਂਕ ਖਾਤੇ ਵਾਲੇ ਲੋਕਾਂ ਤੱਕ ਪਹੁੰਚਣ ਵਿਚ ਬੈਂਕਾਂ ਦੀ ਮਦਦ ਕਰੇਗਾ। ਮੋਦੀ ਨੇ ਕਿਹਾ,''ਸਾਨੂੰ ਵਿਸ਼ਵ ਦੇ 1.7 ਅਰਬ ਅਜਿਹੇ ਲੋਕਾਂ ਨੂੰ ਰਸਮੀ ਵਿੱਤੀ ਬਾਜ਼ਾਰ ਵਿਚ ਲਿਆਉਣਾ ਹੀ ਹੋਵੇਗਾ ਜਿਨ੍ਹਾਂ ਕੋਲ ਹੁਣ ਤੱਕ ਬੈਂਕ ਖਾਤਾ ਨਹੀਂ ਹੈ। ਸਾਨੂੰ ਦੁਨੀਆ ਭਰ ਵਿਚ ਅਸੰਗਠਿਤ ਖੇਤਰ ਦੇ ਇਕ ਅਰਬ ਤੋਂ ਵੱਧ ਅਜਿਹੇ ਮਜ਼ਦੂਰਾਂ ਨੂੰ ਬੀਮਾ ਅਤੇ ਪੈਨਸ਼ਨ ਦੀ ਸੁਰੱਖਿਆ ਦੇ ਦਾਇਰੇ ਵਿਚ ਲਿਆਉਣਾ ਹੋਵਗਾ ਜਿਨ੍ਹਾਂ ਨੂੰ ਇਹ ਸਹੂਲਤਾਂ ਹਾਲੇ ਪ੍ਰਾਪਤ ਨਹੀਂ ਹਨ।''
ਉਨ੍ਹਾਂ ਨੇ ਕਿਹਾ,''ਅਸੀਂ ਫਿਨਟੇਕ ਦੀ ਵਰਤੋਂ ਇਹ ਯਕੀਨੀ ਕਰਨ ਵਿਚ ਕਰ ਸਕਦੇ ਹਾਂ ਕਿ ਵਿੱਤ ਦੀ ਕਮੀ ਵਿਚ ਕਿਸੇ ਦੇ ਸੁਪਨੇ ਅਧੂਰੇ ਨਾ ਰਹਿਣ। ਸਾਨੂੰ ਬੈਂਕਾਂ ਅਤੇ ਵਿੱਤੀ ਅਦਾਰਿਆਂ ਨੂੰ ਖਤਰੇ ਦਾ ਪ੍ਰਬੰਧਨ ਕਰਨ, ਧੋਖਾਧੜੀ ਨਾਲ ਨਜਿੱਠਣ ਅਤੇ ਰਵਾਇਤੀ ਤਰੀਕਿਆਂ ਵਿਚ ਤਬਦੀਲੀ ਕਰਨ ਵਿਚ ਹੋਰ ਮਜ਼ਬੂਤ ਬਣਾਉਣਾ ਹੋਵੇਗਾ।'' ਮੋਦੀ ਨੇ ਇਸ ਪ੍ਰਦਰਸ਼ਨੀ ਫੈਸਟੀਵਲ ਵਿਚ ਲੱਗੀਆਂ 18 ਭਾਰਤੀ ਕੰਪਨੀਆਂ ਦੇ ਪੈਵੇਲੀਅਨ ਦਾ ਦੌਰਾ ਕੀਤਾ।
ਗੈਰ-ਭਾਜਪਾ ਦਲਾਂ ਨੂੰ ਇਕ ਮੰਚ 'ਤੇ ਲਿਆਉਣ ਦਾ ਯਤਨ ਸਫਲ:ਨਾਇਡੂ
NEXT STORY