ਲਖਨਊ/ਰਾਮਪੁਰ- ਸਮਾਜਵਾਦੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਆਜ਼ਮ ਖਾਨ ਨੂੰ ਇਕ ਹਫਤੇ ’ਚ ਲਗਾਤਾਰ ਤੀਜੀ ਵਾਰ ਰਾਹਤ ਮਿਲੀ ਹੈ। ਰਾਮਪੁਰ ਦੇ ਸੁਰਖੀਆਂ ’ਚ ਰਹੇ ਕਵਾਲਿਟੀ ਬਾਰ ਕਬਜ਼ਾ ਮਾਮਲੇ ’ਚ ਇਲਾਹਾਬਾਦ ਹਾਈ ਕੋਰਟ ਨੇ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਮਨਜ਼ੂਰ ਕਰ ਲਈ ਹੈ। ਜਸਟਿਸ ਸਮੀਰ ਜੈਨ ਦੀ ਸਿੰਗਲ ਬੈਂਚ ਨੇ ਵੀਰਵਾਰ ਨੂੰ ਫੈਸਲਾ ਸੁਣਾਇਆ। ਇਸ ਤੋਂ ਪਹਿਲਾਂ 10 ਸਤੰਬਰ ਨੂੰ ਡੂੰਗਰਪੁਰ ਕੇਸ ’ਚ ਅਤੇ 16 ਸਤੰਬਰ ਨੂੰ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਦੇ ਮਾਮਲੇ ’ਚ ਵੀ ਉਨ੍ਹਾਂ ਨੂੰ ਰਾਹਤ ਮਿਲ ਚੁੱਕੀ ਸੀ।
ਵਕੀਲ ਇਮਰਾਨ ਉੱਲ੍ਹਾ ਨੇ ਅਦਾਲਤ ’ਚ ਦਲੀਲ ਦਿੱਤੀ ਸੀ ਕਿ ਆਜ਼ਮ ਨੂੰ ਸਿਆਸੀ ਰੰਜ਼ਿਸ਼ ਕਾਰਨ ਫਸਾਇਆ ਗਿਆ, ਜਦੋਂ ਕਿ ਸੂਬਾ ਸਰਕਾਰ ਵੱਲੋਂ ਜ਼ਮਾਨਤ ਦਾ ਵਿਰੋਧ ਕੀਤਾ ਗਿਆ। ਇਹ ਕੇਸ 2019 ’ਚ ਸਿਵਲਲਾਈਨਜ਼ ਥਾਣੇ ਅਧੀਨ ਪੈਂਦੇ ਹਾਈਵੇਅ ’ਤੇ ਸਥਿਤ ਕਵਾਲਿਟੀ ਬਾਰ ’ਤੇ ਨਾਜਾਇਜ਼ ਕਬਜ਼ੇ ਨਾਲ ਜੁੜਿਆ ਹੈ। ਸ਼ੁਰੂਆਤ ’ਚ ਇਸ ਮੁਕੱਦਮੇ ’ਚ ਉਨ੍ਹਾਂ ਦੀ ਪਤਨੀ ਤਜ਼ੀਨ ਫਾਤਿਮਾ ਅਤੇ ਬੇਟੇ ਅਬਦੁੱਲਾ ਆਜ਼ਮ ਸਮੇਤ ਹੋਰ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਸੀ, ਬਾਅਦ ’ਚ ਜਾਂਚ ’ਚ ਆਜ਼ਮ ਖਾਨ ਨੂੰ ਵੀ ਮੁਲਜ਼ਮ ਬਣਾਇਆ ਗਿਆ। ਵਕੀਲ ਮੁਤਾਬਕ, ਹੁਣ ਤੱਕ ਦਰਜ ਲੱਗਭਗ ਸਾਰੇ ਮਾਮਲਿਆਂ ’ਚ ਆਜ਼ਮ ਖਾਨ ਨੂੰ ਜ਼ਮਾਨਤ ਮਿਲ ਚੁੱਕੀ ਹੈ, ਜਿਸ ਨਾਲ ਉਨ੍ਹਾਂ ਦੇ ਜੇਲ ’ਚੋਂ ਛੇਤੀ ਬਾਹਰ ਆਉਣ ਦੀ ਸੰਭਾਵਨਾ ਮਜ਼ਬੂਤ ਹੋ ਗਈ ਹੈ।
ਹਵਾ 'ਚ Air India ਐਕਸਪ੍ਰੈਸ ਜਹਾਜ਼ ਨਾਲ ਟਕਰਾ ਗਿਆ ਪੰਛੀ, ਸੰਘ 'ਚ ਆਈ 103 ਯਾਤਰੀਆਂ ਦੀ ਜਾਨ
NEXT STORY