ਜੰਮੂ/ਸ਼੍ਰੀਨਗਰ, (ਅਰੁਣ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉਹ ਜੰਮੂ-ਕਸ਼ਮੀਰ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨਗੇ । ਸਹੀ ਸਮੇਂ 'ਤੇ ਸਹੀ ਚੀਜ਼ਾਂ ਹੋਣਗੀਆਂ।
ਮੰਗਲਵਾਰ ਕੇਂਦਰੀ ਕਸ਼ਮੀਰ ਦੇ ਗਾਂਦਰਬਲ ਜ਼ਿਲੇ ’ਚ 6.5 ਕਿਲੋਮੀਟਰ ਲੰਬੀ ਜ਼ੈੱਡ-ਮੋੜ ਸੁਰੰਗ ਦਾ ਉਦਘਾਟਨ ਕਰਨ ਤੋਂ ਬਾਅਦ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਜੰਮੂ-ਕਸ਼ਮੀਰ ਲਈ ਸੂਬੇ ਦਾ ਦਰਜਾ ਬਹਾਲ ਕਰਨ ਦੀ ਮੰਗ ਦਾ ਜ਼ਿਕਰ ਕੀਤੇ ਬਿਨਾਂ ਕਿਹਾ ਕਿ ਲੋਕਾਂ ਨੂੰ ਭਰੋਸਾ ਕਰਨਾ ਪਏਗਾ ਕਿ ਇਹ ਮੋਦੀ ਹੈ ਜੋ ਆਪਣੇ ਵਾਅਦੇ ਪੂਰੇ ਕਰਦਾ ਹੈ। ਹਰ ਚੀਜ਼ ਦਾ ਇਕ ਸਹੀ ਸਮਾਂ ਹੁੰਦਾ ਹੈ ਤੇ ਸਹੀ ਚੀਜ਼ਾਂ ਸਹੀ ਸਮੇਂ ’ਤੇ ਹੋਣਗੀਆਂ।
ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸਮਾਗਮ ’ਚ ਆਪਣੇ ਭਾਸ਼ਣ ਦੌਰਾਨ ਜੰਮੂ ਕਸ਼ਮੀਰ ਨੂੰ ਸੂਬੇ ਦਾ ਦਰਜਾ ਬਹਾਲ ਕਰਨ ਦੀ ਮੰਗ ਕੀਤੀ ਸੀ। ਉਸ ਸੰਦਰਭ ’ਚ ਮੋਦੀ ਨੇ ਉਕਤ ਗੱਲ ਕਹੀ।
ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ’ਚ ਸ਼ਾਂਤੀ ਦਾ ਮਾਹੌਲ ਹੈ। ਅਸੀਂ ਸੈਰ-ਸਪਾਟੇ ’ਤੇ ਇਸ ਦਾ ਅਸਰ ਵੇਖਿਆ ਹੈ। ਕਸ਼ਮੀਰ ਅੱਜ ਵਿਕਾਸ ਦੀ ਇਕ ਨਵੀਂ ਗਾਥਾ ਲਿਖ ਰਿਹਾ ਹੈ। ਕਸ਼ਮੀਰ ਵਾਦੀ ਜਲਦੀ ਹੀ ਰੇਲ ਸੰਪਰਕ ਰਾਹੀਂ ਬਾਕੀ ਦੇਸ਼ ਨਾਲ ਜੁੜ ਜਾਵੇਗੀ। ਕੁਝ ਦਿਨ ਪਹਿਲਾਂ ਮੈਨੂੰ ਇਕ ਨਵੀਂ ਰੇਲਵੇ ਡਿਵੀਜ਼ਨ ਦਾ ਉਦਘਾਟਨ ਕਰਨ ਦਾ ਮੌਕਾ ਮਿਲਿਆ ਸੀ । ਅੱਜ ਮੈਂ ਸੋਨਮਾਰਗ ਵਿਖੇ ਜ਼ੈੱਡ-ਮੋੜ ਸੁਰੰਗ ਦਾ ਉਦਘਾਟਨ ਕਰ ਕੇ ਮਾਣ ਭਰਿਆ ਮਹਿਸੂਸ ਕਰ ਰਿਹਾ ਹਾਂ।
ਉਨ੍ਹਾਂ ਕਿਹਾ ਕਿ ਜ਼ੈੱਡ-ਮੋੜ ਸੁਰੰਗ ਇਸ ਖੇਤਰ ਲਈ ਇਕ ਅਹਿਮ ਮੀਲ ਦਾ ਪੱਥਰ ਹੈ । ਇਸ ਰਾਹੀਂ ਪ੍ਰਸਿੱਧ ਸੈਰ-ਸਪਾਟਾ ਕੇਂਦਰ ਸੋਨਮਰਗ ਪੂਰਾ ਸਾਲ ਬਾਕੀ ਖੇਤਰਾਂ ਨਾਲ ਜੁੜਿਆ ਰਹੇਗਾ। ਇਹ ਸੁਰੰਗ ਪੂਰਾ ਸਾਲ ਸੰਪਰਕ ਪ੍ਰਦਾਨ ਕਰ ਕੇ ਸਥਾਨਕ ਲੋਕਾਂ ਦੇ ਜੀਵਨ ਨੂੰ ਬਦਲ ਦੇਵੇਗੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜੰਮੂ ਕਸ਼ਮੀਰ ਦਾ ਸਕੀਇੰਗ ਰਿਜ਼ਾਰਟ ਗੁਲਮਰਗ ਭਾਰਤ ਲਈ ਸਰਦੀਆਂ ਦੀ ਖੇਡਾਂ ਦੀ ਰਾਜਧਾਨੀ ਬਣ ਗਿਆ ਹੈ। ਗੁਲਮਰਗ 5ਵੀਆਂ ਸਰਦ ਰੁੱਤ ਦੀਆਂ ਖੇਡਾਂ ‘ਖੇਲੋ ਇੰਡੀਆ’ ਦੀ ਮੇਜ਼ਬਾਨੀ ਕਰੇਗਾ।
ਅਧਿਕਾਰੀਆਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸਵੇਰੇ 10.45 ਵਜੇ ਦੇ ਕਰੀਬ ਸ੍ਰੀਨਗਰ ਹਵਾਈ ਅੱਡੇ ’ਤੇ ਉਤਰੇ ਤੇ ਸੁਰੰਗ ਦਾ ਉਦਘਾਟਨ ਕਰਨ ਲਈ ਸੋਨਮਰਗ ਵੱਲ ਰਵਾਨਾ ਹੋਏ।
ਗਾਂਦਰਬਲ ਜ਼ਿਲੇ ਦੇ ਗਗਨਗੀਰ ਤੇ ਸੋਨਮਰਗ ਨੂੰ ਜੋੜਨ ਵਾਲੀ 6.5 ਕਿਲੋਮੀਟਰ ਲੰਬੀ ਦੋ-ਮਾਰਗੀ ਇਹ ਸੁਰੰਗ 2700 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਈ ਗਈ ਹੈ। ਸੁਰੰਗ ’ਚ 7.5 ਮੀਟਰ ਚੌੜਾ ਐਮਰਜੈਂਸੀ ਐਗਜ਼ਿਟ ਵੀ ਹੈ। ਇਸ ਨਾਲ ਸੋਨਮਾਰਗ ਸੈਲਾਨੀ ਕੇਂਦਰ ’ਚ ਸਾਰਾ ਸਾਲ ਸੈਰ-ਸਪਾਟਾ ਸਰਗਰਮੀਆਂ ਜਾਰੀ ਰਹਿਣਗੀਆਂ? ਕੁਦਰਤੀ ਕਾਰਨ ਕੋਈ ਰੁਕਾਵਟ ਨਹੀਂ ਬਣਨਗੇ।
ਸਿਆਚਿਨ ਗਲੇਸ਼ੀਅਰ 'ਤੇ ਤਾਇਨਾਤ ਜਵਾਨਾਂ ਨੂੰ ਮਿਲੇਗੀ ਹਾਈ ਸਪੀਡ ਇੰਟਰਨੈੱਟ ਸੇਵਾ, Jio ਨੇ ਕੀਤਾ ਕਮਾਲ
NEXT STORY