ਨਵੀਂ ਦਿੱਲੀ (ਏਜੰਸੀ)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ ਅਤੇ ਚੀਨ ਵਿਚਾਲੇ ਸਬੰਧ ਆਮ ਬਣਾਉਣ ਲਈ ਅਸਲ ਕੰਟਰੋਲ ਰੇਖਾ (ਐੱਲ. ਏ. ਸੀ.) ’ਤੇ ਸਥਿਤੀ ਦਾ ਸਥਿਰ ਰਹਿਣਾ ਜ਼ਰੂਰੀ ਹੈ ਅਤੇ ਸਰਹੱਦ ’ਤੇ ਕਿਸੇ ਵੀ ਤਰ੍ਹਾਂ ਦੀ ਗੜਬੜੀ ਦਾ ਅਸਰ ਦੋਵਾਂ ਦੇਸ਼ਾਂ ਦੇ ਸਬੰਧਾਂ ’ਤੇ ਪਵੇਗਾ। ਜੈਸ਼ੰਕਰ ਨੇ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਅਤੇ ਨਿਵੇਸ਼ ਸਬੰਧਾਂ ਦੇ ਵਿਸਥਾਰ ਨੂੰ ਵੀ ਸਰਹੱਦ ’ਤੇ ਸ਼ਾਂਤੀ ਅਤੇ ਸਥਿਰਤਾ ਬਣਾਏ ਰੱਖਣ ਨਾਲ ਜੋੜਿਆ। ਉਨ੍ਹਾਂ ਕਿਹਾ, ‘‘ਅਸੀਂ ਚੀਨ ਨੂੰ ਇਹੋ ਕਹਿੰਦੇ ਹਾਂ ਕਿ ਜੇ ਤੁਸੀਂ ਆਮ ਸਬੰਧ ਚਾਹੁੰਦੇ ਹੋ ਅਤੇ ਹੋਰ ਖੇਤਰਾਂ ਵਿਚ ਵੀ ਸਬੰਧਾਂ ਨੂੰ ਅੱਗੇ ਵਧਾਉਣਾ ਚਾਹੁੰਦੇ ਹੋ, ਤਾਂ ਇਹ ਸਪੱਸ਼ਟ ਗੱਲ ਹੈ ਕਿ ਸਰਹੱਦ ’ਤੇ ਸਥਿਤੀ ਸਥਿਰ ਰਹਿਣੀ ਚਾਹੀਦੀ ਹੈ ਅਤੇ ਸਾਨੂੰ ਸਰਹੱਦੀ ਖੇਤਰਾਂ ਵਿਚ ਸ਼ਾਂਤੀ ਅਤੇ ਸਥਿਰਤਾ ਦੀ ਲੋੜ ਹੈ।’’
ਜੈਸ਼ੰਕਰ ਨੇ ਮੰਗਲਵਾਰ ਸ਼ਾਮ ‘ਬਲੂਮਬਰਗ ਨਿਊ ਇਕਾਨਮੀ ਫੋਰਮ’ ’ਚ ਕਿਹਾ ਕਿ 2024 ਤੋਂ ਬਾਅਦ ਐੱਲ. ਏ. ਸੀ. ’ਤੇ ਸਥਿਤੀ ਕਾਫ਼ੀ ਹੱਦ ਤੱਕ ਆਮ ਹੋਈ ਹੈ ਅਤੇ ‘ਉਸ ਦੇ ਅਨੁਸਾਰ ਦੋਵਾਂ ਦੇਸ਼ਾਂ ਦੇ ਸਬੰਧ ਵੀ ਆਮ ਹੋਣ ਦੀ ਦਿਸ਼ਾ’ ਵਿਚ ਅੱਗੇ ਵਧ ਰਹੇ ਹਨ। ਦੋਵਾਂ ਦੇਸ਼ਾਂ ਨੇ ਆਪਸੀ ਸਬੰਧ ਸੁਧਾਰਨ ਲਈ ਪਿਛਲੇ ਕੁਝ ਮਹੀਨਿਆਂ ਵਿਚ ਵਿਸ਼ਵਾਸ ਬਹਾਲੀ ਦੇ ਕਈ ਕਦਮ ਚੁੱਕੇ ਹਨ। ਪੂਰਬੀ ਲੱਦਾਖ ਵਿਚ ਸਾਢੇ ਚਾਰ ਸਾਲਾਂ ਤੋਂ ਵੱਧ ਸਮੇਂ ਤੱਕ ਬਣੇ ਰਹੇ ਫੌਜੀ ਤਣਾਅ ਕਾਰਨ ਦੋਵਾਂ ਦੇਸ਼ਾਂ ਦੇ ਸਬੰਧਾਂ ਵਿਚ ਤਣਾਅ ਆ ਗਿਆ ਸੀ। ਇਹ ਤਣਾਅ 2024 ਦੇ ਅੰਤ ਵਿਚ ਸਮਾਪਤ ਹੋਇਆ ਸੀ। ਇਹ ਪੁੱਛੇ ਜਾਣ ’ਤੇ ਕਿ ਕੀ ਸਰਹੱਦੀ ਵਿਵਾਦ ਨਾਲ ਜੁੜੇ ਕੁਝ ਮੁੱਦਿਆਂ ’ਤੇ ਸ਼ੁਰੂਆਤੀ ਸਮਝੌਤਾ ਹੋਣ ਦੀ ਸਥਿਤੀ ਵਿਚ ਭਾਰਤ ਵਧੇਰੇ ਚੀਨੀ ਨਿਵੇਸ਼ ਦੀ ਇਜਾਜ਼ਤ ਦੇਵੇਗਾ, ਜੈਸ਼ੰਕਰ ਨੇ ਕਿਹਾ ਕਿ ਵੱਖ-ਵੱਖ ਸੰਭਾਵਨਾਵਾਂ ’ਤੇ ਵਿਚਾਰ ਕੀਤਾ ਜਾ ਰਿਹਾ ਹੈ।
ਨੀਲਸਨ ਦੇ ਗਲੋਬਲ AI ਮਿਸ਼ਨ ਦਾ ਮੁੱਖ ਕੇਂਦਰ ਬਣਿਆ ਭਾਰਤ
NEXT STORY