ਨੈਸ਼ਨਲ ਡੈਸਕ- ਤਾਮਿਲਨਾਡੂ ਦੇ ਕਰੂਰ ’ਚ ਅਦਾਕਾਰ ਅਤੇ ਤਮਿਲਗਾ ਵੇਤਰੀ ਕਸ਼ਗਮ (ਟੀ. ਵੀ. ਕੇ.) ਦੇ ਮੁਖੀ ਵਿਜੇ ਦੀ ਰੈਲੀ ’ਚ ਭਾਜੜ ਮਚ ਗਈ। ਇਸ ਵਿਚ 3 ਬੱਚਿਆਂ ਅਤੇ 10 ਔਰਤਾਂ ਸਮੇਤ 33 ਲੋਕਾਂ ਦੀ ਮੌਤ ਹੋ ਗਈ ਜਦਕਿ 50 ਤੋਂ ਵੱਧ ਹੋਰ ਜ਼ਖਮੀ ਹੋ ਗਏ। ਰੈਲੀ ’ਚ ਭਾਰੀ ਭੀੜ ਦੇ ਮੱਦੇਨਜ਼ਰ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ।
ਜਦੋਂ ਵਿਜੇ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਤਾਂ ਭੀੜ ਵਧਦੀ ਗਈ ਅਤੇ ਬੇਕਾਬੂ ਹੋ ਗਈ। ਜਿਸ ਨਾਲ ਪਾਰਟੀ ਵਰਕਰਾਂ ਅਤੇ ਕੁਝ ਬੱਚਿਆਂ ਸਮੇਤ ਕਈ ਲੋਕ ਬੇਹੋਸ਼ ਹੋ ਕੇ ਡਿੱਗ ਪਏ। ਕਈ ਵਰਕਰਾਂ ਨੇ ਸਥਿਤੀ ਨੂੰ ਭਾਂਪ ਲਿਆ ਅਤੇ ਰੌਲਾ ਪਾਇਆ। ਵਿਜੇ ਨੇ ਇਸ ਉੱਤੇ ਧਿਆਨ ਦਿੱਤਾ ਅਤੇ ਆਪਣਾ ਭਾਸ਼ਣ ਰੋਕ ਕੇ, ਖਾਸ ਤੌਰ ’ਤੇ ਬਣਾਈ ਗਈ ਪ੍ਰਚਾਰ ਬੱਸ ’ਤੋਂ ਲੋਕਾਂ ਤੱਕ ਪਾਣੀ ਦੀਆਂ ਬੋਤਲਾਂ ਸੁੱਟਣ ਦੀ ਕੋਸ਼ਿਸ਼ ਕੀਤੀ। ਹਾਲਾਤ ਨੂੰ ਦੇਖਦੇ ਹੋਏ ਵਿਜੇ ਨੇ ਆਪਣਾ ਭਾਸ਼ਣ ਤੈਅ ਸਮੇਂ ਤੋਂ ਪਹਿਲਾਂ ਖਤਮ ਕਰ ਦਿੱਤਾ। ਹਾਲਾਂਕਿ ਐਂਬੂਲੈਂਸ ਨੂੰ ਭੀੜ-ਭੜਕੇ ਵਾਲੀ ਸੜਕ ਤੋਂ ਹੁੰਦੇ ਹੋਏ ਮੌਕੇ ’ਤੇ ਪਹੁੰਚਣ ’ਚ ਬਹੁਤ ਮਸ਼ੱਕਤ ਕਰਨੀ ਪਈ। ਬੇਹੋਸ਼ ਹੋਏ ਲੋਕਾਂ ਨੂੰ ਐਂਬੂਲੈਂਸ ਰਾਹੀਂ ਵੱਖ-ਵੱਖ ਹਸਪਤਾਲਾਂ ਵਿਚ ਲਿਜਾਇਆ ਗਿਆ।
ਇਸ ਘਟਨਾ ’ਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨੇ ਕਿਹਾ ਕਿ ਕਰੂਰ ਤੋਂ ਮਿਲੀ ਜਾਣਕਾਰੀ ਦੁੱਖਦਾਈ ਹੈ। ਉਨ੍ਹਾਂ ਕਿਹਾ ਕਿ ਸਿਹਤ ਮੰਤਰੀ ਸੁਬਰਾਮਣੀਅਮ ਅਤੇ ਜ਼ਿਲਾ ਅਧਿਕਾਰੀ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਨ ਲਈ ਕਿਹਾ ਗਿਆ ਹੈ। ਸਟਾਲਿਨ ਨੇ ਮੰਤਰੀ ਅੰਬਬਿਲ ਮਹੇਸ਼ ਨੂੰ ਵੀ ਸਹਾਇਤਾ ਮੁਹੱਈਆ ਕਰਵਾਉਣ ਲਈ ਕਰੂਰ ਜਾਣ ਲਈ ਕਿਹਾ ਹੈ। ਮੁੱਖ ਮੰਤਰੀ ਸਟਾਲਿਨ ਨੇ ਕਿਹਾ ਕਿ ਉਨ੍ਹਾਂ ਨੇ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਕਰੂਰ ’ਚ ਆਮ ਵਰਗੀ ਸਥਿਤੀ ਬਹਾਲ ਕਰਨ ਲਈ ਢੁਕਵੇਂ ਕਦਮ ਚੁੱਕਣ ਦਾ ਹੁਕਮ ਦਿੱਤਾ ਹੈ। ਸਟਾਲਿਨ ਨੇ ਕਰੂਰ ’ਚ ਆਮ ਲੋਕਾਂ ਨੂੰ ਡਾਕਟਰਾਂ ਅਤੇ ਪੁਲਸ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ।
ਜ਼ਿਆਦਾ ਭੀੜ ਕਾਰਨ ਸਾਹ ਲੈਣਾ ਹੋਇਆ ਔਖਾ, ਬੇਹੋਸ਼ ਹੋਏ ਲੋਕ
ਮੀਡੀਆ ਰਿਪੋਰਟਾਂ ਮੁਤਾਬਕ ਵਿਜੇ ਦੀ ਰੈਲੀ ’ਚ ਭੀੜ ਇੰਨੀ ਜ਼ਿਆਦਾ ਹੋ ਗਈ ਸੀ ਕਿ ਲੋਕਾਂ ਲਈ ਸਾਹ ਲੈਣਾ ਔਖਾ ਹੋ ਗਿਆ ਸੀ, ਜਿਸ ਨਾਲ ਉਥੇ ਮੌਜੂਦ ਲੋਕ ਅਤੇ ਵਰਕਰ ਬੇਹੋਸ਼ ਹੋਣ ਲੱਗੇ। ਅਜਿਹਾ ਵੀ ਦੱਸਿਆ ਜਾ ਰਿਹਾ ਹੈ ਕਿ ਪੁਲਸ ਨੇ ਭੀੜ ਨੂੰ ਕੰਟਰੋਲ ਕਰਨ ਲਈ ਲਾਠੀਚਾਰਜ ਕੀਤਾ ਸੀ। ਘਟਨਾ ਦੀ ਸੂਚਨਾ ’ਤੇ ਮੰਤਰੀ, ਉੱਚ ਪ੍ਰਸ਼ਾਸਨਿਕ ਅਤੇ ਪੁਲਸ ਅਧਿਕਾਰੀ ਕਰੂਰ ਪਹੁੰਚ ਗਏ ਹਨ।
ਪ੍ਰਯਾਗਰਾਜ ’ਚ ਹਿਸਟਰੀ ਸ਼ੀਟਰ ਦੀ ਹੱਤਿਆ
NEXT STORY