ਨਵੀਂ ਦਿੱਲੀ,(ਜ. ਬ.)- ਸਾਬਕਾ ਕੇਂਦਰੀ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਹੈਰਾਨੀਜਨਕ ਗੱਲ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਨੂੰ ਪਰਜੀਵੀ ਆਖਿਆ ਹੈ। ਉਨ੍ਹਾਂ ਕਿਹਾ ਕਿ ਉਹ ਇਸਦਾ ਸੰਸਦ ਦੇ ਅੰਦਰ ਤੇ ਬਾਹਰ ਦੋਵੇਂ ਥਾਈਂ ਵਿਰੋਧ ਕਰਦੇ ਹਨ ਅਤੇ ਪ੍ਰਧਾਨ ਮੰਤਰੀ ਨੂੰ ਮੰਗ ਕਰਦੇ ਹਨ ਕਿ ਉਹ ਕਿਸਾਨ ਅੰਦੋਲਨ ਦੇ ਖਿਲਾਫ ਸਰਕਾਰੀ ਜ਼ਬਰ ਤੁਰੰਤ ਬੰਦ ਕਰਵਾਉਣ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀਮਤੀ ਬਾਦਲ ਨੇ ਕਿਹਾ ਕਿ ਇਹ ਇਕ ਸੱਚਾਈ ਹੈ ਕਿ ਉਸ ਵੇਲੇ ਦੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਮੁੱਖ ਮੰਤਰੀਆਂ ਦੀ ਵਰਕਿੰਗ ਕਮੇਟੀ ਨੇ ਪਹਿਲਾਂ ਹੀ ਕਿਸਾਨ ਹਿੱਤਾਂ ਦੀ ਰਾਖੀ ਦੀਆਂ ਸਿਫਾਰਸ਼ਾਂ ਕੀਤੀਆਂ ਸਨ ਤੇ ਕਿਹਾ ਸੀ ਕਿ ਐੱਮ. ਐੱਸ. ਪੀ. ਤੋਂ ਘੱਟ ਕਿਸਾਨਾਂ ਤੇ ਵਪਾਰੀਆਂ ਵਿਚ ਕੋਈ ਸੌਦੇਬਾਜ਼ੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਪੁੱਛਿਆ ਕਿ ਉਸ ਵੇਲੇ ਤੋਂ ਹੁਣ ਤੱਕ ਕੀ ਬਦਲਿਆ ਹੈ?
ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਇਹ ਦੱਸੇ ਕਿ 26 ਜਨਵਰੀ ਦੀਆਂ ਘਟਨਾਵਾਂ ਬਾਰੇ ਖੁਫੀਆ ਏਜੰਸੀਆਂ ਦੀਆਂ ਅਸਫਲਤਾਵਾਂ ਦੀ ਜਾਂਚ ਕਿਉਂ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਕੌਮੀ ਝੰਡੇ ਲਈ ਹੁਣ ਤੱਕ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ, ਉਨ੍ਹਾਂ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਕੇਸਰੀ ਨਿਸ਼ਾਨ ਸਾਹਿਬ ਦਾ ਪ੍ਰਧਾਨ ਮੰਤਰੀ ਆਪ ਸਨਮਾਨ ਕਰਦੇ ਸਨ ਉਸਦੀ ਬਦਨਾਮੀ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਕੇਂਦਰ ਸਰਕਾਰ ਵਿਚ ਕਿੰਨਾ ਹੰਕਾਰ ਆ ਗਿਆ ਹੈ। ਇਹ ਕਿਸਾਨਾਂ ਨੂੰ ਵਿਚੋਲੇ, ਨਕਸਲਵਾਦੀ ਤੇ ਖਾਲਿਸਤਾਨੀ ਕਰਾਰ ਦੇ ਕੇ ਉਨ੍ਹਾਂ ਨੂੰ ਬਦਨਾਮ ਕਰ ਰਹੀ ਹੈ ਤੇ ਕਿਸਾਨਾਂ ਦੀ ਭਲਾਈ ਲਈ ਕਿਸੇ ਵੀ ਮੰਤਰੀ ਨੂੰ ਭੇਜਣ ਲਈ ਤਿਆਰ ਨਹੀਂ ਹੈ।
ਸ਼੍ਰੀਮਤੀ ਬਾਦਲ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦਾ ਸੰਦੇਸ਼ ਦਿੱਤਾ ਸੀ ਤੇ ਗੁਰੂ ਨਾਨਕ ਦੇਵ ਜੀ ਨੇ ਆਪ 18 ਸਾਲਾ ਖੇਤੀਬਾੜੀ ਕੀਤੀ। ਇਥੇ ਦੱਸਣਯੋਗ ਹੈ ਕਿ ਸ਼੍ਰੀਮਤੀ ਬਾਦਲ ਨੇ ਨਾ ਸਿਰਫ ਕੇਂਦਰੀ ਮੰਤਰੀ ਮੰਡਲ ਵਿਚ ਖੇਤੀਬਾੜੀ ਆਰਡੀਨੈਂਸ ਤੇ ਬਿੱਲਾਂ ਵਿਰੋਧ ਕੀਤਾ ਸਗੋਂ ਵੱਖ-ਵੱਖ ਮੰਤਰੀਆਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਕਿਸਾਨਾਂ ਦੀਆਂ ਚਿੰਤਾਵਾਂ ਦੂਰ ਕਰਨ ਲਈ ਵੀ ਆਖਿਆ ਤੇ ਖੇਤੀਬਾੜੀ ਬਿੱਲਾਂ ਦਾ ਵੀ ਵਿਰੋਧ ਕੀਤਾ।
'ਸ਼ਰਾਬ ਮਾਫੀਆ ਨੇ ਪੁਲਸ ਮੁਲਾਜ਼ਮ ਨੂੰ ਕੁੱਟ-ਕੁੱਟ ਮਾਰ ਦਿੱਤਾ, ਦਰੋਗਾ ਜ਼ਖਮੀ'
NEXT STORY