ਅਯੁੱਧਿਆ (ਇੰਟ.) : ਰਾਮ ਮੰਦਰ ’ਚ ਚੜ੍ਹਾਵਾ ਚੋਰੀ ਮਾਮਲੇ ਦੀ ਜਾਂਚ ਦੌਰਾਨ ਜ਼ਿੰਮੇਵਾਰੀਆਂ ਤੋਂ ਕਿਨਾਰਾ ਕਰ ਚੁੱਕੇ ਬਿਨਾਂ ਤਨਖਾਹ ਵਾਲੇ ਸਵੈਮ-ਸੇਵਕਾਂ ਦੀ ਵਾਪਸੀ ਸ਼ੁਰੂ ਹੋ ਗਈ ਹੈ। ਐੱਸ. ਆਈ. ਟੀ. ਵੱਲੋਂ ਅਦਾਲਤ ’ਚ ਚਾਰਜਸ਼ੀਟ ਦਾਖਲ ਕੀਤੇ ਜਾਣ ਤੋਂ ਬਾਅਦ ਸ਼੍ਰੀਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਨੇ ਇਨ੍ਹਾਂ ਨੂੰ ਦੁਬਾਰਾ ਜ਼ਿੰਮੇਵਾਰੀਆਂ ਸੌਂਪਣ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ। ਲੱਗਭਗ 200 ਤੋਂ 250 ਸਵੈਮ-ਸੇਵਕ ਹੌਲੀ-ਹੌਲੀ ਮੰਦਰ ’ਚ ਪਰਤ ਰਹੇ ਹਨ। ਇਨ੍ਹਾਂ ’ਚ ਪ੍ਰਮੁੱਖ ਲੋਕ ਪਹਿਲਾਂ ਹੀ ਜ਼ਿੰਮੇਵਾਰੀ ਸੰਭਾਲ ਚੁੱਕੇ ਹਨ, ਜਦਕਿ ਹੋਰਨਾਂ ਦੀਆਂ ਜ਼ਿੰਮੇਵਾਰੀਆਂ ਤੈਅ ਕੀਤੀਆਂ ਜਾ ਰਹੀਆਂ ਹਨ। ਹਾਲਾਂਕਿ ਹੁਣ ਮੰਦਰ ’ਚ ਪਹਿਲਾਂ ਵਰਗੀ ਬੇਰੋਕ ਕਾਰਜਪ੍ਰਣਾਲੀ ਨਹੀਂ ਹੋਵੇਗੀ। ਹਰੇਕ ਕੰਮ ਦੀ ਨਿਗਰਾਨੀ, ਜਵਾਬਦੇਹੀ ਅਤੇ ਪ੍ਰਗਤੀ ਰਿਪੋਰਟ ਲਾਜ਼ਮੀ ਕਰ ਦਿੱਤੀ ਗਈ ਹੈ। ਕਿਸੇ ਇਕ ਵਿਅਕਤੀ ਦੀ ਬਜਾਏ 3, 5 ਜਾਂ 7 ਲੋਕਾਂ ਦੀ ਟੀਮ ਬਣਾ ਕੇ ਕੰਮ ਕਰਵਾਇਆ ਜਾ ਰਿਹਾ ਹੈ। ਹਰ ਵਿਵਸਥਾ ਲਈ ਨਿਗਰਾਨੀ ਕਰਨ ਵਾਲਾ ਵੱਖਰਾ ਜ਼ਿੰਮੇਵਾਰ ਵਿਅਕਤੀ ਵੀ ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਮੁੰਬਈ ਦੇ ਛੱਤਰਪਤੀ ਸ਼ਿਵਾਜੀ ਮਹਾਰਾਜ ਰੇਲਵੇ ਸਟੇਸ਼ਨ ’ਤੇ ਬੰਬ ਦੀ ਧਮਕੀ, ਪਈਆਂ ਭਾਜੜਾਂ
ਦਰਅਸਲ ਚੜ੍ਹਾਵਾ ਚੋਰੀ ਦੀ ਘਟਨਾ ਤੋਂ ਬਾਅਦ ਟਰੱਸਟ ਦੀ ਮੰਗ ’ਤੇ ਐੱਸ. ਆਈ. ਟੀ. ਨੇ ਜਾਂਚ ਸ਼ੁਰੂ ਕੀਤੀ ਸੀ। ਇਸ ਦੌਰਾਨ ਕਾਰਵਾਈ ਦੇ ਡਰੋਂ ਬਿਨਾਂ ਤਨਖਾਹ ਸੇਵਾ ਦੇਣ ਵਾਲੇ ਕਈ ਵਰਕਰਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਸੰਭਾਲਣ ਤੋਂ ਦੂਰੀ ਬਣਾ ਲਈ ਸੀ। ਉੱਥੇ ਹੀ ਨਿੱਜੀ ਦੋਸ਼ਾਂ ਅਤੇ ਮੀਡੀਆ ’ਚ ਉੱਠੇ ਸਵਾਲਾਂ ਵਿਚਾਲੇ ਟਰੱਸਟ ਨੇ ਵੀ ਕੁਝ ਸਹਿਯੋਗੀਆਂ ਨੂੰ ਅਹਿਮ ਜ਼ਿੰਮੇਵਾਰੀਆਂ ਤੋਂ ਵੱਖ ਕਰ ਦਿੱਤਾ ਸੀ। ਇਸ ਨਾਲ ਮੰਦਰ ਕੰਪਲੈਕਸ ਦੀਆਂ ਵਿਵਸਥਾਵਾਂ ’ਤੇ ਅਸਰ ਪੈਣ ਲੱਗਾ। ਮੁਲਾਜ਼ਮਾਂ ਦੀ ਘਾਟ ਨੂੰ ਵੇਖਦੇ ਹੋਏ ਟਰੱਸਟ ਵੱਲੋਂ ਨਿਯੁਕਤ ਸੇਵਾਮੁਕਤ ਫੌਜੀਆਂ ਨੇ ਵਿਵਸਥਾਵਾਂ ਨੂੰ ਸੰਭਾਲਿਆ ਅਤੇ ਕਈ ਮੋਰਚਿਆਂ ’ਤੇ ਵਾਧੂ ਜ਼ਿੰਮੇਵਾਰੀ ਨਿਭਾਈ। ਸਵੈਮ-ਸੇਵਕਾਂ ਦੀ ਵਾਪਸੀ ਦਾ ਰਸਤਾ ਐੱਸ. ਆਈ. ਟੀ. ਵੱਲੋਂ ਚਾਰਜਸ਼ੀਟ ਦਾਖਲ ਕੀਤੇ ਜਾਣ ਤੋਂ ਬਾਅਦ ਆਸਾਨ ਹੋਇਆ। ਚਾਰਜਸ਼ੀਟ ’ਚ ਦੋਸ਼ ਪਹਿਲਾਂ ਤੋਂ ਦਰਜ ਐੱਫ. ਆਈ. ਆਰ. ’ਚ ਨਾਮਜ਼ਦ 8 ਲੋਕਾਂ ਤੱਕ ਸੀਮਤ ਰਹੇ। ਇਸ ਨਾਲ ਟਰੱਸਟ ਨੂੰ ਰਾਹਤ ਮਿਲੀ। ਹੁਣ ਪਰਤ ਰਹੇ ਸਵੈਮ-ਸੇਵਕਾਂ ਨੂੰ ਵੱਖ-ਵੱਖ ਵਿਵਸਥਾਵਾਂ ’ਚ ਐਡਜਸਟ ਕੀਤਾ ਜਾ ਰਿਹਾ ਹੈ। ਹਰੇਕ ਕੰਮ ਦੀ ਪ੍ਰਗਤੀ, ਉਸ ਨੂੰ ਪੂਰਾ ਕਰਨ ਦੀ ਸਮਾਂ-ਹੱਦ ਅਤੇ ਜ਼ਿੰਮੇਵਾਰ ਵਿਅਕਤੀ ਦਾ ਵੇਰਵਾ ਰਿਪੋਰਟ ’ਚ ਦੇਣਾ ਹੋਵੇਗਾ।
ਖ਼ਰੀਦ ਤੇ ਭੁਗਤਾਨ ਦੀ ਪ੍ਰਕਿਰਿਆ ’ਚ ਕੀਤੇ ਬਦਲਾਅ
ਚੜ੍ਹਾਵਾ ਚੋਰੀ ਮਾਮਲੇ ਤੋਂ ਬਾਅਦ ਮੰਦਰ ’ਚ ਖ਼ਰੀਦ ਤੇ ਭੁਗਤਾਨ ਦੀ ਵਿਵਸਥਾ ਨੂੰ ਵੀ ਕਈ ਪੜਾਵਾਂ ’ਚ ਵੰਡ ਦਿੱਤਾ ਗਿਆ ਹੈ। ਕਿਸੇ ਕੰਮ ਦੀ ਸਿਫਾਰਸ਼ ਤੋਂ ਬਾਅਦ ਸਬੰਧਤ ਸਾਮਾਨ ਦੀ ਖ਼ਰੀਦ ਲਈ ਪ੍ਰਚੇਜ਼ ਕਮੇਟੀ ਬਣਾਈ ਜਾਂਦੀ ਹੈ। ਭੁਗਤਾਨ ਤੋਂ ਪਹਿਲਾਂ ਬਿੱਲ ’ਤੇ ਖ਼ਰੀਦ ਏਜੰਸੀ ਦੇ ਸੁਪਰਵਾਈਜ਼ਰ, ਸਾਈਟ ਇੰਚਾਰਜ ਅਤੇ ਟਰੱਸਟ ਸੁਪਰਵਾਈਜ਼ਰ ਦੇ ਦਸਤਖ਼ਤ ਲਾਜ਼ਮੀ ਹਨ। ਇਸ ਤੋਂ ਬਾਅਦ ਬਿੱਲ ਅਕਾਊਂਟ ਸੈਕਸ਼ਨ ਵਿਭਾਗ ’ਚ ਜਾਂਦਾ ਹੈ, ਜਿੱਥੇ ਜਾਂਚ ਤੋਂ ਬਾਅਦ ਸਬੰਧਤ ਸੈਕਸ਼ਨ ਦੇ ਇੰਚਾਰਜ ਦੇ ਦਸਤਖ਼ਤ ਹੁੰਦੇ ਹਨ। ਫਿਰ ਬਿੱਲ ਸਕੱਤਰ, ਜਨਰਲ ਸਕੱਤਰ ਜਾਂ ਉਨ੍ਹਾਂ ਦੇ ਪ੍ਰਤੀਨਿਧੀ ਕੋਲ ਭੇਜਿਆ ਜਾਂਦਾ ਹੈ। ਉੱਥੋਂ ਪੇਮੈਂਟ ਵਿਭਾਗ ’ਚ ਪਹੁੰਚਣ ’ਤੇ ਦੁਬਾਰਾ ਜਾਂਚ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ : ਬੀਬੀ ਜਗੀਰ ਕੌਰ ਨੂੰ ਸ਼੍ਰੋਮਣੀ ਕਮੇਟੀ ਜਾਂ ਇਸਤਰੀ ਅਕਾਲੀ ਦਲ ਦੀ ਮਿਲੇਗੀ ਪ੍ਰਧਾਨਗੀ?
ਦਰਸ਼ਨ ਪਾਸ ਤੇ ਸਾਫਟਵੇਅਰ ਲਈ ਵੱਖਰੀਆਂ ਕਮੇਟੀਆਂ ਗਠਿਤ
ਰਾਮਲੱਲਾ ਦੇ ਦਰਸ਼ਨਾਂ ਲਈ ਜਾਰੀ ਹੋਣ ਵਾਲੇ ਆਰਤੀ ਤੇ ਵਿਸ਼ੇਸ਼ ਪਾਸ ਦੀ ਵਿਵਸਥਾ ਦੇ ਸੰਚਾਲਨ ਲਈ ਵੀ ਵੱਖਰੀ ਕਮੇਟੀ ਬਣਾਈ ਗਈ ਹੈ। ਇਸ ਦੇ ਇੰਚਾਰਜ ਵੱਖਰੇ ਨਿਯੁਕਤ ਕੀਤੇ ਗਏ ਹਨ। ਪਾਸ ਵਿਵਸਥਾ ਨਾਲ ਜੁੜੇ ਸਾਫਟਵੇਅਰ ’ਚ ਬਦਲਾਅ ਅਤੇ ਤਕਨੀਕੀ ਸੰਚਾਲਨ ਲਈ ਵੀ ਸੁਤੰਤਰ ਕਮੇਟੀ ਗਠਿਤ ਕੀਤੀ ਗਈ ਹੈ। ਇਹ ਕਮੇਟੀ ਟਰੱਸਟ ਬੋਰਡ ਦੇ ਫੈਸਲਿਆਂ ਅਨੁਸਾਰ ਕੰਮ ਕਰਦੀ ਹੈ। ਸਾਫਟਵੇਅਰ ’ਚ ਕੋਈ ਵੀ ਬਦਲਾਅ ਬੋਰਡ ਦੇ ਹੁਕਮ ’ਤੇ ਹੀ ਕੀਤਾ ਜਾ ਸਕੇਗਾ। ਫਿਲਹਾਲ ਟਰੱਸਟ ਬੋਰਡ ਦੀ ਅਗਲੀ ਮੀਟਿੰਗ 2 ਦਸੰਬਰ ਨੂੰ ਪ੍ਰਸਤਾਵਿਤ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Bank Holiday: ਇਨ੍ਹਾਂ ਥਾਵਾਂ 'ਤੇ ਅੱਜ ਬੰਦ ਰਹਿਣਗੇ ਬੈਂਕ, ਜਾਣੋ RBI ਨੇ ਕਿਉਂ ਦਿੱਤੀ ਹੈ ਛੁੱਟੀ
NEXT STORY