ਆਗਰਾ- ਕੋਰੋਨਾ ਲਾਗ਼ ਨੇ ਪੂਰੀ ਦੁਨੀਆ ਨੂੰ ਜ਼ਬਰਦਸਤ ਤਰੀਕੇ ਨਾਲ ਪ੍ਰਭਾਵਿਤ ਕੀਤਾ ਹੈ। ਇਸ ਦਾ ਅਸਰ ਦੁਨੀਆ ਦੇ 7 ਅਜੂਬਿਆਂ 'ਚ ਸ਼ਾਮਲ ਤਾਜ ਮਹਿਲ 'ਤੇ ਵੀ ਪਿਆ ਹੈ। ਭਾਰਤੀ ਪੁਰਾਤੱਤਵ ਸਰਵੇਖਣ (ਏ.ਐੱਸ.ਆਈ.) ਨੇ ਸ਼ਨੀਵਾਰ ਨੂੰ ਤਾਜ ਮਹਿਲ ਨਾਲ ਜੁੜੀ ਹੈਰਾਨ ਕਰਨ ਵਾਲੀ ਜਾਣਕਾਰੀ ਦਿੱਤੀ ਹੈ। ਦਰਅਸਲ ਪਿਛਲੇ ਸਾਲ 2020 'ਚ ਤਾਜ ਮਹਿਲ ਦੇਖਣ ਵਾਲਿਆਂ ਦੀ ਗਿਣਤੀ 2019 ਦੇ ਮੁਕਾਬਲੇ 76 ਫੀਸਦੀ ਤੱਕ ਘੱਟ ਗਈ। ਏ.ਐੱਸ.ਆਈ. ਦੇ ਸੁਪਰਡੈਂਟ ਵਸੰਤ ਸਵਰਨਕਾਰ ਨੇ ਦੱਸਿਆ ਕਿ ਤਾਜ ਮਹਿਲ ਦੇਖਣ ਵਾਲੇ ਸੈਲਾਨੀਆਂ ਦੀ ਗਿਣਤੀ 'ਚ ਤੇਜ਼ੀ ਨਾਲ ਕਮੀ ਦਰਜ ਕੀਤੀ ਗਈ ਹੈ।
ਦਰਅਸਲ 2020 ਦੀ ਸ਼ੁਰੂਆਤ 'ਚ ਹੀ ਚੀਨ ਦੇ ਵੁਹਾਨ ਤੋਂ ਸ਼ੁਰੂ ਹੋਇਆ ਵਾਇਰਸ ਪੂਰੀ ਦੁਨੀਆ 'ਚ ਫ਼ੈਲ ਗਿਆ। ਭਾਰਤ 'ਚ ਵੀ ਕੋਰੋਨਾ ਵਾਇਰਸ ਨਾਲ ਲੱਖਾਂ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ। ਤਾਲਾਬੰਦੀ ਲਾਈ ਗਈ, ਕਈ ਛੋਟੇ-ਵੱਡੇ ਉਦਯੋਗ ਬੰਦ ਹੋ ਗਏ। ਇਸ ਦੌਰਾਨ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਰਹੀ। ਇਮਾਰਤਾਂ, ਮਾਲ ਅਤੇ ਸਿਨੇਮਾਘਰਾਂ ਨੂੰ ਬੰਦ ਕਰਨਾ ਪਿਆ। ਤਾਜ ਮਹਿਲ ਨੂੰ ਵੀ ਸੈਲਾਨੀਆਂ ਲਈ ਬੰਦ ਕਰਨਾ ਪਿਆ, ਜਿਸ ਨਾਲ ਇੱਥੇ ਆਉਣ ਵਾਲੇ ਲੋਕਾਂ ਦੀ ਗਿਣਤੀ 'ਚ ਬਹੁਤ ਤੇਜ਼ੀ ਨਾਲ ਕਮੀ ਆਈ। ਸਫ਼ੇਦ ਸੰਗਮਰਮਰ ਨਾਲ ਬਣਿਆ ਤਾਜ ਮਹਿਲ 350 ਸਾਲ ਤੋਂ ਵੱਧ ਸਮੇਂ ਤੋਂ ਯਮੁਨਾ ਦੇ ਕਿਨਾਰੇ ਲੋਕਾਂ ਦੇ ਆਕਰਸ਼ਨ ਦਾ ਕੇਂਦਰ ਬਣਿਆ ਹੋਇਆ ਹੈ। ਦੁਨੀਆ ਦੇ 7 ਅਜੂਬਿਆਂ 'ਚ ਸ਼ਾਮਲ ਤਾਜ ਮਹਿਲ ਨੂੰ ਦੇਖਣ ਦੁਨੀਆ ਭਰ ਤੋਂ ਲੋਕ ਉੱਤਰ ਪ੍ਰਦੇਸ਼ ਦੇ ਆਗਰਾ ਆਉਂਦੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
'ਸਟੈਚੂ ਆਫ਼ ਯੂਨਿਟੀ' ਨਾਲ ਜੁੜਨਗੇ ਇਹ ਸ਼ਹਿਰ, PM ਮੋਦੀ ਅੱਜ 8 ਟਰੇਨਾਂ ਨੂੰ ਦਿਖਾਉਣਗੇ ਹਰੀ ਝੰਡੀ
NEXT STORY