ਨੈਸ਼ਨਲ ਡੈਸਕ- ਤਾਮਿਲਨਾਡੂ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਸਿਵਗੰਗਾ ਜ਼ਿਲ੍ਹੇ ਵਿੱਚ ਐਤਵਾਰ ਸ਼ਾਮ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਹੈ, ਜਿਸ 'ਚ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ 54 ਤੋਂ ਵੱਧ ਯਾਤਰੀ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ। ਇਹ ਦਰਦਨਾਕ ਹਾਦਸਾ ਕੁਮਨਗੁਡੀ ਦੇ ਨੇੜੇ ਪਿੱਲੈਯਾਰਪੱਟੀ ਤੋਂ ਲਗਭਗ ਪੰਜ ਕਿਲੋਮੀਟਰ ਦੂਰ ਵਾਪਰਿਆ, ਜਿੱਥੇ ਤਿਰੂਪੱਤੂਰ ਇਲਾਕੇ ਵਿੱਚ 2 ਸਰਕਾਰੀ ਬੱਸਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ।
ਇਹ ਹਾਦਸਾ ਤਿਰੂਪੱਤੂਰ-ਪਿੱਲੈਯਾਰਪੱਟੀ ਮਾਰਗ 'ਤੇ ਨਚਿਆਪੁਰਮ ਪੁਲਸ ਥਾਣਾ ਖੇਤਰ ਦੇ ਨੇੜੇ ਹੋਇਆ। ਇੱਕ ਬੱਸ ਤਿਰੂਪੁਰ ਤੋਂ ਕਰਾਈਕੁੜੀ ਜਾ ਰਹੀ ਸੀ, ਜਦੋਂ ਕਿ ਦੂਜੀ ਬੱਸ ਕਰਾਈਕੁੜੀ ਤੋਂ ਡਿੰਡੀਗੁਲ ਵੱਲ ਆ ਰਹੀ ਸੀ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਇੱਕ ਬੱਸ ਦਾ ਡਰਾਈਵਰ ਵਾਲਾ ਪਾਸਾ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਿਆ। ਜ਼ਖਮੀਆਂ ਵਿੱਚੋਂ ਕਈ ਯਾਤਰੀ ਜ਼ਖ਼ਮੀ ਹੋ ਗਏ ਤੇ ਬੱਸਾਂ ਦੇ ਅੰਦਰ ਹੀ ਫਸ ਗਏ, ਜਿਨ੍ਹਾਂ ਨੂੰ ਸਥਾਨਕ ਲੋਕਾਂ ਤੇ ਪੁਲਸ ਦੀ ਮਦਦ ਨਾਲ ਕਾਫੀ ਮੁਸ਼ੱਕਤ ਮਗਰੋਂ ਬਾਹਰ ਕੱਢਿਆ ਗਿਆ। ਇਸ ਹਾਦਸੇ 'ਚ ਕੁੱਲ 11 ਲੋਕ ਮਾਰੇ ਗਏ ਹਨ, ਜਿਨ੍ਹਾਂ 'ਚ 8 ਔਰਤਾਂ, 2 ਪੁਰਸ਼ ਅਤੇ 1 ਬੱਚਾ ਸ਼ਾਮਲ ਹੈ।
ਹਾਲਾਂਕਿ ਹਾਦਸੇ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ, ਪਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਹਾਦਸਾ ਤੇਜ਼ ਰਫ਼ਤਾਰ ਜਾਂ ਡਰਾਈਵਰ ਦੀ ਥਕਾਵਟ ਕਾਰਨ ਵਾਪਰਿਆ ਹੋ ਸਕਦਾ ਹੈ, ਪਰ ਇਸ ਦੇ ਅਸਲ ਕਾਰਨਾਂ ਦਾ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਹਾਦਸੇ 'ਚ ਜ਼ਖ਼ਮੀ ਲੋਕਾਂ ਨੂੰ ਇਲਾਜ ਲਈ ਤੁਰੰਤ ਸਿਵਗੰਗਾ ਅਤੇ ਕਰਾਈਕੁੜੀ ਦੇ ਸਰਕਾਰੀ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ।
ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਨੇ ਇਸ ਦਰਦਨਾਕ ਹਾਦਸੇ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਜ਼ਿਲ੍ਹਾ ਕੁਲੈਕਟਰ ਨੂੰ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਅਤੇ ਜ਼ਖਮੀਆਂ ਦੇ ਸਹੀ ਇਲਾਜ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਤਿੰਨ-ਤਿੰਨ ਲੱਖ ਰੁਪਏ, ਗੰਭੀਰ ਜ਼ਖਮੀ ਲੋਕਾਂ ਨੂੰ ਇੱਕ-ਇੱਕ ਲੱਖ ਰੁਪਏ ਅਤੇ ਮਾਮੂਲੀ ਜ਼ਖਮੀ ਲੋਕਾਂ ਨੂੰ 50,000 ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਵੀ ਐਲਾਨ ਕੀਤਾ ਹੈ।

2 ਦਿਨ ਪਵੇਗਾ ਭਾਰੀ ਮੀਂਹ ! IMD ਨੇ ਇਨ੍ਹਾਂ ਸੂਬਿਆਂ ਨੂੰ ਕੀਤਾ ਅਲਰਟ
NEXT STORY