ਚੰਡੀਗੜ੍ਹ, (ਬਾਂਸਲ)- ਭਾਰਤੀ ਚੋਣ ਕਮਿਸ਼ਨ ਨੇ ਹਰਿਆਣਾ ਭਾਜਪਾ ਦੀ ਅਪੀਲ ਨੂੰ ਨਜ਼ਰ-ਅੰਦਾਜ਼ ਕਰ ਦਿੱਤਾ ਹੈ, ਕਿਉਂਕਿ ਹਰਿਆਣਾ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ’ਚ ਕੋਈ ਬਦਲਾਅ ਨਹੀਂ ਹੋਵੇਗਾ। 1 ਅਕਤੂਬਰ ਨੂੰ ਹੀ ਵੋਟਾਂ ਪੈਣਗੀਆਂ ਅਤੇ 4 ਅਕਤੂਬਰ ਨੂੰ ਨਤੀਜੇ ਐਲਾਨੇ ਜਾਣਗੇ। ਹਰਿਆਣਾ ਭਾਜਪਾ ਨੇ ਚੋਣ ਕਮਿਸ਼ਨ ਨੂੰ ਵੋਟਾਂ ਦੀ ਤਰੀਕ ਅੱਗੇ ਵਧਾਉਣ ਦੀ ਅਪੀਲ ਕੀਤੀ ਸੀ।
ਭਾਰਤੀ ਚੋਣ ਕਮਿਸ਼ਨ ਵੱਲੋਂ ਮੀਡੀਆ ਕਵਰੇਜ ਲਈ ਜਾਰੀ ਦਿਸ਼ਾ-ਨਿਰਦੇਸ਼ਾਂ ’ਚ ਵੀ ਹਰਿਆਣਾ ’ਚ ਪੋਲਿੰਗ ਦਾ ਦਿਨ 1 ਅਕਤੂਬਰ ਨੂੰ ਦੱਸਿਆ ਗਿਆ ਹੈ। ਇਸ ਦੇ ਮੱਦੇਨਜ਼ਰ ਮੁੱਖ ਚੋਣ ਅਧਿਕਾਰੀ ਦਫ਼ਤਰ ਦੇ ਨਾਲ ਹੀ ਸਾਰੇ ਜ਼ਿਲਾ ਚੋਣ ਅਧਿਕਾਰੀ ਪਹਿਲਾਂ ਤੋਂ ਨਿਰਧਾਰਤ ਸ਼ੈਡਿਊਲ ਅਨੁਸਾਰ ਚੋਣ ਪ੍ਰਕਿਰਿਆ ਨੂੰ ਸਿਰੇ ਚੜ੍ਹਾਉਣ ’ਚ ਜੁਟੇ ਹਨ।
ਸੂਬੇ ਦੇ ਮੁੱਖ ਚੋਣ ਅਧਿਕਾਰੀ ਪੰਕਜ ਅੱਗਰਵਾਲ ਨੇ ਅਧਿਕਾਰੀਆਂ ਨੂੰ 1 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਨਾਲ ਸਬੰਧਤ ਤਿਆਰੀਆਂ ਕਰਨ ਦੇ ਹੁਕਮ ਦਿੱਤੇ ਹਨ। ਵੋਟਾਂ ਦੇ ਮੱਦੇਨਜ਼ਰ ਜ਼ਿਲਾ ਚੋਣ ਅਧਿਕਾਰੀਆਂ ਨੇ ਵੀ 1 ਅਕਤੂਬਰ ਨੂੰ ਡਰਾਈ-ਡੇਅ ਐਲਾਨਣਾ ਸ਼ੁਰੂ ਕਰ ਦਿੱਤਾ ਹੈ। ਪਲਵਲ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਧਿਕਾਰੀ ਡਾ. ਹਰੀਸ਼ ਕੁਮਾਰ ਵਸ਼ਿਸ਼ਟ ਅਤੇ ਰੇਵਾੜੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਧਿਕਾਰੀ ਅਭਿਸ਼ੇਕ ਮੀਣਾ ਨੇ ਇਸ ਸਬੰਧ ’ਚ ਹੁਕਮ ਜਾਰੀ ਕੀਤੇ ਹਨ।
ਸੂਬਾਈ ਚੋਣ ਦਫ਼ਤਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਉਨ੍ਹਾਂ ਕੋਲ ਕੋਈ ਨਵਾਂ ਸ਼ੈਡਿਊਲ ਨਹੀਂ ਆਇਆ ਹੈ। ਇਸ ਲਈ ਪਿਛਲੇ ਸ਼ੈਡਿਊਲ ਦੇ ਹਿਸਾਬ ਨਾਲ ਹੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਚੋਣਾਂ ਦੀ ਤਰੀਕ ਬਦਲਣ ਜਾਂ ਨਾ ਬਦਲਣ ਨੂੰ ਲੈ ਕੇ ਅਜੇ ਸਾਡੇ ਕੋਲ ਕੋਈ ਜਾਣਕਾਰੀ ਨਹੀਂ ਹੈ।
ਮਣੀਪੁਰ ’ਚ ਹਥਿਆਰ ਖੋਹਣ ਦੇ ਦੋਸ਼ ਹੇਠ 5 ਗ੍ਰਿਫਤਾਰ
NEXT STORY