ਨਵੀਂ ਦਿੱਲੀ — ਫਰਾਂਸ ਦੇ ਰਾਸ਼ਟਰਪਤੀ ਐਮਾਨੁਏਲ ਮੈਕਰੋਨ 4 ਦਿਨਾਂ ਦੀ ਯਾਤਰਾ 'ਤੇ ਸ਼ੁੱਕਰਵਾਰ ਰਾਤ ਭਾਰਤ ਪਹੁੰਚੇ। ਨਵੀਂ ਦਿੱਲੀ ਦੇ ਏਅਰਪੋਰਟ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰੋਟੋਕੋਲ ਤੋੜ ਕੇ ਉਨ੍ਹਾਂ ਦਾ ਸਵਾਗਤ ਕੀਤਾ। ਮੈਕਰੋਨ ਦੇ ਨਾਲ ਉਨ੍ਹਾਂ ਦੀ ਪਤਨੀ ਬ੍ਰਿਗਿਟ ਮੈਰੀ ਕਲਾਊਡ ਮੈਕਰੋਨ ਅਤੇ ਸੀਨੀਅਰ ਕੈਬਨਿਟ ਮੰਤਰੀਆਂ ਦਾ ਦਲ ਵੀ ਆਇਆ ਹੈ। ਇਸ ਦੌਰੇ 'ਚ ਦੋਵੇਂ ਦੇਸ਼ ਸਹਿਯੋਗ ਵਧਾਉਣ ਦੇ ਸਮਝੌਤਿਆਂ 'ਤੇ ਹਸਤਾਖਰ ਕਰਨਗੇ। ਇਨ੍ਹਾਂ 'ਚ ਸਮੁੰਦਰੀ ਸੁਰੱਖਿਆ ਅਤੇ ਅੱਤਵਾਦ ਖਿਲਾਫ ਲੜਾਈ 'ਚ ਸਹਿਯੋਗ ਪ੍ਰਮੁੱਖ ਹੈ।

ਮੈਕਰੋਨ ਦੇ ਦੌਰੇ 'ਚ ਜੈਤਾਪੁਰ 'ਚ ਫਰਾਂਸ ਦੇ ਸਹਿਯੋਗ ਨਾਲ ਬਣ ਰਹੇ ਪ੍ਰਮਾਣੂ ਬਿਜਲੀ ਘਰ 'ਤੇ ਵੀ ਨਵਾਂ ਸਮਝੌਤਾ ਹੋ ਸਕਦਾ ਹੈ। ਮੈਕਰੋਨ ਅਤੇ ਮੋਦੀ ਵਿਚਾਲੇ ਸ਼ਨੀਵਾਰ ਨੂੰ ਗੱਲਬਾਤ ਹੋਵੇਗੀ। ਵਿਦੇਸ਼ ਮੰਤਰਾਲੇ 'ਚ ਯੂਰਪ ਅਤੇ ਪੱਛਮੀ ਮਾਮਲਿਆਂ ਦੇ ਸੰਯੁਕਤ ਸਕੱਤਰ ਦੇ ਨਾਗਰਾਜ ਨਾਇਡੂ ਨੇ ਕਿਹਾ, ਫਰਾਂਸ ਦੱਖਣੀ ਏਸ਼ੀਆ 'ਚ ਅੱਤਵਾਦ ਦੇ ਪ੍ਰਤੀ ਭਾਰਤ ਦੇ ਪੱਖ ਦਾ ਸਮਰਥਨ ਕਰਦਾ ਹੈ। ਹੁਣ ਅਸੀਂ ਸਮੁੰਦਰੀ ਸੁਰੱਖਿਆ, ਅੱਤਵਾਦ ਖਿਲਾਫ ਲੜਾਈ ਅਤੇ ਗੈਰ ਰਸਮੀ ਊਰਜਾ ਸਰੋਤਾਂ ਨੂੰ ਵਿਕਸਤ ਕਰਨ 'ਚ ਆਪਣਾ ਸਹਿਯੋਗ ਵਧਾਉਣ ਜਾ ਰਹੇ ਹਾਂ। ਪੁਲਾੜ ਦੇ ਖੇਤਰ 'ਚ ਦੋਹਾਂ ਦੇਸ਼ਾਂ ਦਾ ਸਹਿਯੋਗ ਜਾਰੀ ਹੈ। ਅਸੀਂ ਇਸ ਨੂੰ ਹੁਣ ਨਵੇਂ ਪੱਧਰ 'ਤੇ ਪਹੁੰਚਾਉਣ ਲਈ ਸਮਝੌਤਾ ਕਰਨ ਜਾ ਰਹੇ ਹਾਂ।

ਮੋਦੀ ਦੇ ਨਾਲ ਬੈਠਕ ਤੋਂ ਬਾਅਦ ਮੈਕਰੋਨ ਦਿੱਲੀ 'ਚ 300 ਵਿਦਿਆਰਥੀਆਂ ਦੇ ਗਰੁੱਪ ਨੂੰ ਵੀ ਮਿਲਣਗੇ ਅਤੇ ਉਨ੍ਹਾਂ ਨਾਲ ਗੱਲਬਾਤ ਕਰਨਗੇ। ਸ਼ਨੀਵਾਰ ਨੂੰ ਫਰਾਂਸ ਦੇ ਰਾਸ਼ਟਰਪਤੀ ਦੋਹਾਂ ਦੇਸ਼ਾਂ ਦੇ 200 ਅਕਾਦਮਿਕਾਂ ਨੂੰ ਵੀ ਮਿਲਣਗੇ। 11 ਮਾਰਚ ਨੂੰ ਰਾਸ਼ਟਰਪਤੀ ਮੈਕਰੋਨ ਇੰਟਰਨੈਸ਼ਨਲ ਸੋਲਰ ਅਲਾਇੰਸ 'ਚ ਹਿੱਸਾ ਲੈਣਗੇ। 12 ਮਾਰਚ ਨੂੰ ਮੈਕਰੋਨ ਪ੍ਰਧਾਨ ਮੰਤਰੀ ਮੋਦੀ ਨਾਲ ਉਨ੍ਹਾਂ ਦੇ ਸੰਸਦੀ ਖੇਤਰ ਵਾਰਾਣਸੀ ਜਾਣਗੇ ਜਿੱਥੇ ਉਹ ਮਿਰਜ਼ਾਪੁਰ ਜ਼ਿਲੇ 'ਚ ਦੋਹਾਂ ਨੇਤਾ ਇਕ ਸੋਲਰ ਪਲਾਂਟ ਦਾ ਉਦਘਾਟਨ ਵੀ ਕਰਨਗੇ।
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ 7 ਦਿਨਾਂ ਦੀ ਭਾਰਤ ਯਾਤਰਾ 'ਤੇ ਸਨ। ਪਰ ਮੋਦੀ ਵੱਲੋਂ ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਦਾ ਪ੍ਰੋਟੋਕੋਲ ਤੋੜ ਕੇ ਵੀ ਸਵਾਗਤ ਨਹੀਂ ਕੀਤਾ ਗਿਆ ਸੀ ਅਤੇ ਹੁਣ ਮੋਦੀ ਖੁਦ ਫਰਾਂਸ ਦੇ ਰਾਸ਼ਟਰਪਤੀ ਦਾ ਸਵਾਗਤ ਕਰਨ ਲਈ ਪ੍ਰੋਟੋਕੋਲ ਤੋੜ ਵੀ ਦਿੱਲੀ ਏਅਰਪੋਰਟ 'ਤੇ ਪਹੁੰਚ ਗਏ। ਜਿਸ ਕਾਰਨ ਮੋਦੀ ਵੱਲੋਂ ਟਰੂਡੋ ਦਾ ਫਿੱਕਾ ਸਵਾਗਤ ਕਰਨ ਵਾਲੀਆਂ ਖਬਰਾਂ ਚਰਚਾ 'ਚ ਰਹੀਆਂ ਸਨ।
ਮੱਧ ਪ੍ਰਦੇਸ਼ 'ਚ ਇੰਜੀਨੀਅਰ ਦੇ ਘਰ 'ਤੇ ਛਾਪਾ, 1 ਕਰੋੜ ਤੋਂ ਵੱਧ ਦੀ ਜਾਇਦਾਦ ਮਿਲੀ
NEXT STORY