ਨਵੀਂ ਦਿੱਲੀ (ਵਾਰਤਾ)- ਵਿਰੋਧੀ ਦਲਾਂ ਨੇ ਬਜਟ ਨੂੰ ਚੋਣਾਵੀ ਬਜਟ ਕਰਾਰ ਦਿੰਦੇ ਹੋਏ ਕਿਹਾ ਕਿ ਇਸ 'ਚ ਕੁਝ ਵੀ ਨਵਾਂ ਨਹੀਂ ਹੈ ਅਤੇ ਇਸ ਨੂੰ ਘੁੰਮਾ ਫਿਰਾ ਕੇ ਪੇਸ਼ ਕੀਤਾ ਗਿਆ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੇਂਦਰੀ ਬਜਟ ਨੂੰ ‘ਲੋਕ ਵਿਰੋਧੀ’ ਕਰਾਰ ਦਿੰਦਿਆਂ ਕਿਹਾ ਹੈ ਕਿ ਇਸ ਵਿੱਚ ਗਰੀਬਾਂ ਦਾ ਧਿਆਨ ਨਹੀਂ ਰੱਖਿਆ ਗਿਆ। ਬੀਰਭੂਮ ਜ਼ਿਲ੍ਹੇ ਦੇ ਬੋਲਪੁਰ ਵਿਖੇ ਇੱਕ ਸਰਕਾਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਇਨਕਮ ਟੈਕਸ ਸਲੈਬ ਵਿੱਚ ਤਬਦੀਲੀ ਨਾਲ ਕਿਸੇ ਦੀ ਵੀ ਮਦਦ ਨਹੀਂ ਹੋਵੇਗੀ। ਇਹ ਬਜਟ ਭਵਿੱਖਮੁਖੀ ਨਹੀਂ ਹੈ। ਇਹ ਪੂਰੀ ਤਰ੍ਹਾਂ ਮੌਕਾਪ੍ਰਸਤ, ਲੋਕ ਵਿਰੋਧੀ ਅਤੇ ਗਰੀਬ ਵਿਰੋਧੀ ਹੈ। ਇਸ ਨਾਲ ਲੋਕਾਂ ਦੇ ਇੱਕ ਵਰਗ ਨੂੰ ਹੀ ਫਾਇਦਾ ਹੋਵੇਗਾ।
ਉੱਥੇ ਹੀ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਪ੍ਰਧਾਨ ਮਾਇਆਵਤੀ ਨੇ ਬੁੱਧਵਾਰ ਨੂੰ ਕੇਂਦਰੀ ਆਮ ਬਜਟ ਨੂੰ ਝੂਠੀ ਉਮੀਦਾਂ ਦਾ ਪੁਲੰਦਾ ਕਰਾਰ ਦਿੰਦਿਆਂ ਕਿਹਾ ਕਿ ਚੰਗਾ ਹੁੰਦਾ ਜੇਕਰ ਬਜਟ ਪਾਰਟੀ ਨਾਲੋਂ ਦੇਸ਼ ਲਈ ਜ਼ਿਆਦਾ ਹੁੰਦਾ। ਟਵੀਟ ਦੀ ਇਕ ਲੜੀ ਵਿਚ ਬਜਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਮਾਇਆਵਤੀ ਨੇ ਕਿਹਾ,“ਇਸ ਸਾਲ ਦਾ ਬਜਟ ਵੀ ਬਹੁਤ ਵੱਖਰਾ ਨਹੀਂ ਹੈ। ਕੋਈ ਵੀ ਸਰਕਾਰ ਪਿਛਲੇ ਸਾਲ ਦੀਆਂ ਕਮੀਆਂ ਵੱਲ ਧਿਆਨ ਨਹੀਂ ਦਿੰਦੀ ਅਤੇ ਮੁੜ ਨਵੇਂ ਵਾਅਦੇ ਕਰਦੀ ਹੈ, ਜਦਕਿ ਜ਼ਮੀਨੀ ਹਕੀਕਤ ਵਿੱਚ 100 ਕਰੋੜ ਤੋਂ ਵੱਧ ਲੋਕਾਂ ਦੀਆਂ ਜ਼ਿੰਦਗੀਆਂ ਪਹਿਲਾਂ ਵਾਂਗ ਹੀ ਦਾਅ 'ਤੇ ਲੱਗੀਆਂ ਹੋਈਆਂ ਹਨ। ਲੋਕ ਉਮੀਦਾਂ ਨਾਲ ਜਿਉਂਦੇ ਹਨ, ਪਰ ਝੂਠੀਆਂ ਉਮੀਦਾਂ ਕਿਉਂ?'' ਤ੍ਰਿਣਮੂਲ ਸੰਸਦ ਮੈਂਬਰ ਸ਼ਤਰੂਘਨ ਸਿਨਹਾ ਨੇ ਕਿਹਾ ਕਿ ਸਰਕਾਰ ਨੇ ਪੁਰਾਣੀਆਂ ਯੋਜਨਾਵਾਂ ਨੂੰ ਹੀ ਘੁੰਮਾ ਫਿਰਾ ਕੇ ਨਵੇਂ ਅੰਦਾਜ 'ਚ ਪੇਸ਼ ਕੀਤਾ ਹੈ। ਇਹ ਬਜਟ ਪੂਰੀ ਤਰ੍ਹਾਂ ਨਾਲ ਚੋਣਾਵੀ ਹੈ। ਉੱਥੇ ਹੀ ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਕਿਹਾ ਕਿ ਸਰਕਾਰ ਆਪਣੇ ਵੱਡੇ-ਵੱਡੇ ਟੀਚੇ ਤਾਂ ਬਣਾਉਂਦੀ ਹੈ ਪਰ ਉਹ ਆਪਣੀਆਂ ਨੀਤੀਆਂ ਕਾਰਨ ਅੰਜਾਮ ਤੱਕ ਨਹੀਂ ਪਹੁੰਚ ਪਾਉਂਦੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਬਜਟ 'ਚ ਕੁਝ ਚੰਗੀਆਂ ਗੱਲਾਂ ਹਨ ਪਰ ਮਨਰੇਗਾ, ਗਰੀਬ ਕਿਸਾਨਾਂ, ਗਰੀਬ ਮਜ਼ਦੂਰਾਂ, ਬੇਰੁਜ਼ਗਾਰੀ ਅਤੇ ਮਹਿੰਗਾਈ ਦਾ ਕਿਤੇ ਕੋਈ ਜ਼ਿਕਰ ਨਹੀਂ ਕੀਤਾ ਗਿਆ ਹੈ।
ਝਾੜੀਆਂ 'ਚੋਂ ਮਿਲਿਆ 10 ਮਹੀਨੇ ਦਾ ਬੱਚਾ, ਮਾਂ-ਪਿਓ ਦਾ ਨਹੀਂ ਲੱਗਾ ਸੁਰਾਗ
NEXT STORY