ਭੁਵਨੇਸ਼ਵਰ : ਬੰਗਾਲ ਦੀ ਖਾੜੀ ਵਿੱਚ ਬਣਿਆ ਚੱਕਰਵਾਤ 'ਮੁਰਾਸੂ' ਹੁਣ ਇੱਕ ਭਿਆਨਕ ਚੱਕਰਵਾਤੀ ਤੂਫ਼ਾਨ ਦਾ ਰੂਪ ਧਾਰਨ ਕਰ ਚੁੱਕਾ ਹੈ। ਮੌਸਮ ਵਿਭਾਗ ਦੇ ਅਨੁਸਾਰ, ਇਸ ਤੂਫ਼ਾਨ ਦੇ ਮੰਗਲਵਾਰ ਦੇਰ ਰਾਤ ਤੋਂ ਬੁੱਧਵਾਰ ਤੜਕੇ ਦਰਮਿਆਨ ਦੱਖਣੀ ਆਂਧਰਾ ਪ੍ਰਦੇਸ਼ ਤੱਟ 'ਤੇ ਨੇੱਲੌਰ ਅਤੇ ਨਰਸਾਪੁਰ ਵਿਚਾਲੇ ਟਕਰਾਉਣ ਦੀ ਪੂਰੀ ਸੰਭਾਵਨਾ ਹੈ। ਤੂਫ਼ਾਨ ਦੌਰਾਨ ਹਵਾ ਦੀ ਰਫ਼ਤਾਰ 100 ਤੋਂ 120 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ। ਇਸ ਖ਼ਤਰੇ ਨੂੰ ਦੇਖਦਿਆਂ ਆਂਧਰਾ ਪ੍ਰਦੇਸ਼, ਤਮਿਲਨਾਡੂ ਅਤੇ ਓਡੀਸ਼ਾ ਵਿੱਚ ਪ੍ਰਸ਼ਾਸਨ ਪੂਰੀ ਤਰ੍ਹਾਂ ਅਲਰਟ ਮੋਡ 'ਤੇ ਹੈ।
ਚੱਕਰਵਾਤੀ ਤੂਫ਼ਾਨ ਦੇ ਖ਼ਤਰੇ ਕਾਰਨ 'ਈਸਟ ਕੋਸਟ ਰੇਲਵੇ' ਨੇ 3 ਅਤੇ 4 ਨਵੰਬਰ ਨੂੰ 8 ਟਰੇਨਾਂ ਰੱਦ ਕਰ ਦਿੱਤੀਆਂ ਹਨ। ਰੱਦ ਕੀਤੀਆਂ ਟਰੇਨਾਂ ਵਿੱਚ ਹਾਵੜਾ-ਕਾਂਤਾਬਾਂਜੀ ਐਕਸਪ੍ਰੈਸ, ਰਾਊਰਕੇਲਾ-ਜਗਦਲਪੁਰ ਐਕਸਪ੍ਰੈਸ, ਰਾਊਰਕੇਲਾ-ਪੁਰੀ ਐਕਸਪ੍ਰੈਸ ਅਤੇ ਰਾਊਰਕੇਲਾ-ਭੁਵਨੇਸ਼ਵਰ ਐਕਸਪ੍ਰੈਸ ਸ਼ਾਮਲ ਹਨ। ਇਸ ਤੋਂ ਇਲਾਵਾ ਖ਼ਰਾਬ ਮੌਸਮ ਕਾਰਨ ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ (12 ਉਡਾਣਾਂ), ਵਿਸ਼ਾਖਾਪਟਨਮ (4) ਅਤੇ ਤਿਰੂਪਤੀ (3) ਸਮੇਤ ਕੁੱਲ 19 ਘਰੇਲੂ ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਚੇਨੱਈ ਹਵਾਈ ਅੱਡੇ 'ਤੇ ਵੀ ਕਈ ਉਡਾਣਾਂ ਪ੍ਰਭਾਵਿਤ ਹੋਈਆਂ ਹਨ।
ਆਂਧਰਾ ਪ੍ਰਦੇਸ਼ ਦੇ 10 ਜ਼ਿਲ੍ਹਿਆਂ ਵਿੱਚ ਹਾਈ ਅਲਰਟ ਘੋਸ਼ਿਤ ਕੀਤਾ ਗਿਆ ਹੈ। ਤਮਿਲਨਾਡੂ ਦੇ ਚੇਨੱਈ, ਤਿਰੂਵੱਲੂਰ, ਚੇਂਗਲਪੱਟੂ, ਕਾਂਚੀਪੁਰਮ ਅਤੇ ਨੀਲਗਿਰੀ ਵਰਗੇ ਜ਼ਿਲ੍ਹਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦਰਜ ਕੀਤੀ ਜਾ ਰਹੀ ਹੈ, ਜਿਸ ਕਾਰਨ ਸਕੂਲਾਂ ਅਤੇ ਕਾਲਜਾਂ ਵਿੱਚ ਛੁੱਟੀ ਘੋਸ਼ਿਤ ਕਰ ਦਿੱਤੀ ਗਈ ਹੈ। ਓਡੀਸ਼ਾ ਦੇ ਵੀ ਕਈ ਜ਼ਿਲ੍ਹਿਆਂ ਵਿੱਚ ਬਾਰਿਸ਼ ਕਾਰਨ ਵਿਦਿਅਕ ਅਦਾਰੇ ਬੰਦ ਕਰ ਦਿੱਤੇ ਗਏ ਹਨ।
ਓਡੀਸ਼ਾ ਸਰਕਾਰ ਨੇ ਆਪਣੇ 5 ਦੱਖਣੀ ਜ਼ਿਲ੍ਹਿਆਂ ਵਿੱਚੋਂ 1.60 ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਹੈ। ਰਾਹਤ ਕਾਰਜਾਂ ਲਈ 1,139 ਰਾਹਤ ਕੈਂਪ ਤਿਆਰ ਕੀਤੇ ਗਏ ਹਨ, ਜਿੱਥੇ 3.33 ਲੱਖ ਲੋਕਾਂ ਦੇ ਠਹਿਰਨ ਦਾ ਪ੍ਰਬੰਧ ਹੈ। ਬਚਾਅ ਕਾਰਜਾਂ ਲਈ NDRF, ODRAF ਅਤੇ ਫ਼ਾਇਰ ਬ੍ਰਿਗੇਡ ਦੀਆਂ 300 ਤੋਂ ਵੱਧ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ। ਗੁਆਂਢੀ ਰਾਜਾਂ ਤਮਿਲਨਾਡੂ ਅਤੇ ਕਰਨਾਟਕ ਵੱਲੋਂ ਵੀ ਆਂਧਰਾ ਪ੍ਰਦੇਸ਼ ਦੀ ਮਦਦ ਲਈ ਵਿਸ਼ੇਸ਼ ਬਿਜਲੀ ਕਾਮੇ, ਕ੍ਰੇਨਾਂ ਅਤੇ ਡ੍ਰਿਲਿੰਗ ਮਸ਼ੀਨਾਂ ਭੇਜੀਆਂ ਗਈਆਂ ਹਨ ਤਾਂ ਜੋ ਤੂਫ਼ਾਨ ਤੋਂ ਬਾਅਦ ਪ੍ਰਭਾਵਿਤ ਸੇਵਾਵਾਂ ਨੂੰ ਤੁਰੰਤ ਬਹਾਲ ਕੀਤਾ ਜਾ ਸਕੇ।
ਜੰਮੂ-ਕਸ਼ਮੀਰ ਦੇ ਕਿਸ਼ਤਵਾੜ 'ਚ ਦੇਰ ਰਾਤ ਲੱਗੇ ਭੂਚਾਲ ਦੇ ਝਟਕੇ
NEXT STORY