ਪੁਣੇ: ਮਹਾਰਾਸ਼ਟਰ ਦੇ ਪੁਣੇ ਵਿੱਚ ਅੱਜ ਤੜਕੇ ਭਾਰੀ ਮੀਂਹ ਕਾਰਨ ਪਾਣੀ ਵਿੱਚ ਡੁੱਬੇ ਇੱਕ ਠੇਲੇ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਦੌਰਾਨ ਬਿਜਲੀ ਦਾ ਕਰੰਟ ਲੱਗਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਇਹ ਘਟਨਾ ਡੇਕਨ ਜਿਮਖਾਨਾ ਇਲਾਕੇ ਵਿੱਚ ਵਾਪਰੀ। ਡੇਕਨ ਜਿਮਖਾਨਾ ਥਾਣੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਤਿੰਨੋਂ ਬਾਬਾ ਭਿੜੇ ਪੁਲ ਨੇੜੇ ਸੜਕ ਕਿਨਾਰੇ ਇੱਕ ਠੇਲੇ 'ਤੇ ਅੰਡੇ ਤੋਂ ਬਣੀਆਂ ਖਾਣ ਵਾਲੀਆਂ ਚੀਜ਼ਾਂ ਵੇਚਦੇ ਸਨ।
ਭਾਰੀ ਬਰਸਾਤ ਕਾਰਨ ਜਦੋਂ ਉਨ੍ਹਾਂ ਦਾ ਠੇਲਾ ਪਾਣੀ ਵਿਚ ਡੁੱਬ ਗਿਆ ਤਾਂ ਉਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਸੁਰੱਖਿਅਤ ਥਾਂ ’ਤੇ ਲਿਜਾਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਤਿੰਨਾਂ ਨੂੰ ਕਰੰਟ ਲੱਗ ਗਿਆ। ਉਨ੍ਹਾਂ ਦੱਸਿਆ ਕਿ ਤਿੰਨ ਵਿਅਕਤੀਆਂ - ਅਭਿਸ਼ੇਕ ਘਨੇਕਰ, ਆਕਾਸ਼ ਮਾਨੇ ਅਤੇ ਸ਼ਿਵਾ ਪਰਿਹਾਰ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਪੁਣੇ 'ਚ ਬੁੱਧਵਾਰ ਰਾਤ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲੇ 'ਚ ਭਾਰੀ ਮੀਂਹ ਦੇ ਮੱਦੇਨਜ਼ਰ ਵੀਰਵਾਰ ਨੂੰ ਸਕੂਲਾਂ, ਕਾਲਜਾਂ ਅਤੇ ਹੋਰ ਸਿੱਖਿਆ ਸੰਸਥਾਵਾਂ 'ਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
ਪਾਲਘਰ ਜ਼ਿਲ੍ਹੇ ਦੇ ਵਾਡਾ ਅਤੇ ਵਿਕਰਮਗੜ੍ਹ ਤਾਲੁਕਾ ਲਈ ਵੀ ਅਜਿਹਾ ਹੀ ਹੁਕਮ ਜਾਰੀ ਕੀਤਾ ਗਿਆ ਹੈ। ਇਹ ਦੋਵੇਂ ਜ਼ਿਲ੍ਹੇ ਮਹਾਰਾਸ਼ਟਰ ਦੇ ਤੱਟੀ ਖੇਤਰ ਵਿੱਚ ਸਥਿਤ ਹਨ। ਭਾਰਤੀ ਮੌਸਮ ਵਿਭਾਗ (IMD) ਨੇ ਬੁੱਧਵਾਰ ਨੂੰ ਰਾਏਗੜ੍ਹ ਜ਼ਿਲ੍ਹੇ ਵਿੱਚ 'ਰੈੱਡ ਅਲਰਟ' ਜਾਰੀ ਕੀਤਾ ਸੀ, ਜੋ ਵੀਰਵਾਰ ਨੂੰ ਵੀ ਜਾਰੀ ਰਿਹਾ। ਰਾਏਗੜ੍ਹ ਦੇ ਜ਼ਿਲ੍ਹਾ ਮੈਜਿਸਟਰੇਟ ਕਿਸ਼ਨ ਜਾਵਲੇ ਨੇ 'ਰੈੱਡ ਅਲਰਟ' ਦੇ ਮੱਦੇਨਜ਼ਰ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ, ਸਿਖਲਾਈ ਸੰਸਥਾਵਾਂ ਅਤੇ ਕਾਲਜਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ।
ਸ਼ੁੱਕਰਵਾਰ ਤੋਂ ਕਿਸਾਨਾਂ ਨੂੰ ਮਿਲੇਗੀ 14 ਘੰਟੇ ਬਿਜਲੀ, ਘੱਟ ਬਾਰਿਸ਼ ਦੀ ਸਥਿਤੀ ਨੂੰ ਦੇਖਦੇ ਹੋਏ CM ਨੇ ਲਿਆ ਫੈਸਲਾ
NEXT STORY